Close
Menu

ਪਾਕਿਸਤਾਨ: ਪਹਿਲੇ ਸਿੱਖ ਟਰੈਫਿਕ ਪੁਲੀਸ ਅਫ਼ਸਰ ਨੂੰ ਕੀਤਾ ਘਰੋਂ ਬੇਘਰ

-- 11 July,2018

ਔਕਾਫ਼ ਬੋਰਡ ਤੇ ਪੁਲੀਸ ਦੇ ਅਫ਼ਸਰਾਂ ਨੇ ਗੁਰਦੁਆਰਾ ਬੇਬੇ ਨਾਨਕੀ ਦੀ ਜਗ੍ਹਾ ਖਾਲੀ ਕਰਵਾਈ

ਲਾਹੌਰ , ਪਾਕਿਸਤਾਨ ਦੇ ਪਹਿਲੇ ਸਿੱਖ ਟਰੈਫਿਕ ਪੁਲੀਸ ਅਫ਼ਸਰ ਗੁਲਾਬ ਸਿੰਘ ਸ਼ਾਹੀਨ, ਉਸ ਦੀ ਪਤਨੀ ਤੇ ਤਿੰਨ ਬੱਚਿਆਂ ਨੂੰ ਅੱਜ ਲਾਹੌਰ ਦੇ ਬਾਹਰਵਾਰ ਪਿੰਡ ਡੇਰਾ ਚਾਹਲ ਵਿਚਲੇ ਉਨ੍ਹਾਂ ਦੇ ਘਰ ’ਚੋਂ ਪੰਜਾਬ (ਪਾਕਿਸਤਾਨ) ਪੁਲੀਸ ਤੇ ਪਾਕਿਸਤਾਨ ਅਵੈਕਿਊ ਟਰੱਸਟ ਪ੍ਰਾਪਰਟੀ ਬੋਰਡ ਦੇ 100 ਅਫ਼ਸਰਾਂ ਦੇ ਦਸਤੇ ਨੇ ‘ਗ਼ੈਰਕਾਨੂੰਨੀ’ ਢੰਗ ਨਾਲ ਬੇਦਖ਼ਲ ਕਰ ਦਿੱਤਾ ਹੈ। ਗੁਲਾਬ ਸਿੰਘ ਦੇ 70 ਸਾਲਾਂ ਤੋਂ ਇਸ ਘਰ ਨੂੰ ਬਿਨਾਂ ਕਿਸੇ ਨੋਟਿਸ ਜਾਂ ਇਤਲਾਹ ਤੋਂ ਪੁਲੀਸ ਅਤੇ ਬੋਰਡ ਦੇ ਅਧਿਕਾਰੀਆਂ ਨੇ ਤਾਲਾ ਲਗਵਾ ਦਿੱਤਾ ਹੈ ਤੇ ਇਸ ਮੌਕੇ ਹੋਈ ਖਿੱਚ-ਧੂਹ ਦੌਰਾਨ ਗੁਲਾਬ ਸਿੰਘ ਦੀ ਪੱਗ ਲਹਿ ਗਈ ਜੋ ਅਧਿਕਾਰੀ ਜਬਰੀ ਨਾਲ ਲੈ ਗਏ। ਉਹ ਅੱਜ ਬਾਅਦ ਦੁਪਹਿਰ ਗੁਰਦੁਆਰਾ ਬੇਬੇ ਨਾਨਕੀ ਜਨਮ ਅਸਥਾਨ ਦੀ ਮਾਲਕੀ ਵਾਲੀ ਜ਼ਮੀਨ ਵਿੱਚ ਸਥਿਤ ਇਸ ਘਰ ਵਿੱਚ ਦਾਖ਼ਲ ਹੋਏ ਸਨ। ਪੀੜਤ ਨੇ ਦੋਸ਼ ਲਾਇਆ ਕਿ ਇਸ ਕਾਂਡ ਪਿੱਛੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਕ ਸਾਬਕਾ ਪ੍ਰਧਾਨ ਦਾ ਹੱਥ ਹੈ।
ਗੁਲਾਬ ਸਿੰਘ ਨੇ ਕਿਹਾ ‘‘ ਮੇਰੇ ਕੇਸ ਪੁੱਟੇ ਗਏ ਅਤੇ ਮੇਰੀ ਪਤਨੀ ਪਰਮਜੀਤ ਕੌਰ ਅਤੇ ਮੇਰੇ ਪੁੱਤਰਾਂ -ਗੁਰਪ੍ਰੀਤ ਸਿੰਘ, ਹਰਚਰਨਪ੍ਰੀਤ ਸਿੰਘ ਤੇ ਜਗਤਾਰ ਸਿੰਘ ਦੀ ਮੌਜੂਦਗੀ ਵਿੱਚ ਮੈਨੂੰ ਘਰ ’ਚੋਂ ਧੂਹਿਆ ਗਿਆ।’’ ਗੁਲਾਬ ਸਿੰਘ 2006 ਵਿੱਚ ਉਦੋਂ ਸੁਰਖੀਆਂ ਵਿੱਚ ਆਏ ਸਨ ਜਦੋਂ ਉਹ ਪਾਕਿਸਤਾਨ ਦੀ ਟਰੈਫਿਕ ਪੁਲੀਸ ਲਈ ਚੁਣੇ ਗਏ ਸਨ ਤੇ ਇਸ ਅਹੁਦੇ ’ਤੇ ਨਿਯੁਕਤ ਹੋਣ ਵਾਲਾ ਉਹ ਪਾਕਿਸਤਾਨ ਦਾ ਪਹਿਲਾ ਸਿੱਖ ਸੀ। ਬਾਅਦ ਵਿੱਚ ਉਸ ਨੂੰ ਲਾਹੌਰ ਦੇ ਮੁਗ਼ਲਪੁਰਾ ਵਿੱਚ ਸਬ-ਇੰਸਪੈਕਟਰ (ਟਰੈਫਿਕ ਵਾਰਡਨ) ਨਿਯੁਕਤ ਕੀਤਾ ਗਿਆ ਸੀ। ਇਸ ਤੋਂ ਪਹਿਲਾਂ 4 ਅਪਰੈਲ ਨੂੰ ਪੀਈਟੀਪੀਬੀ ਦੇ ਅਫ਼ਸਰਾਂ ਨੇ ਉਸ ਨੂੰ ਘਰ ’ਚੋਂ ਬੇਦਖ਼ਲ ਕਰਨ ਦੀ ਕੋਸ਼ਿਸ਼ ਕੀਤੀ ਸੀ ਤੇ ਉਦੋਂ ਮਾਰਕੁੱਟ ਵਿੱਚ ਗੁਲਾਬ ਸਿੰਘ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਸੀ। ਬੋਰਡ ਦੇ ਅਫ਼ਸਰਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਪੁਲੀਸ ਦੀ ਮਦਦ ਨਾਲ ਗੁਰਦੁਆਰਾ ਚਾਹਲ ਲੰਗਰ ਹਾਲ ’ਤੇ ਟਰੈਫਿਕ ਪੁਲੀਸ ਅਫ਼ਸਰ ਵੱਲੋਂ ਕੀਤੇ ਨਾਜਾਇਜ਼ ਕਬਜ਼ੇ ਨੂੰ ਖਾਲੀ ਕਰਵਾ ਲਿਆ ਹੈ। ਬੋਰਡ ਨੇ ਦੱਸਿਆ ‘‘ ਲੰਗਰ ਹਾਲ ਦਾ ਨਵੀਨੀਕਰਨ ਜਲਦੀ ਕੀਤਾ ਜਾਵੇਗਾ। ਪੀਈਟੀਪੀਬੀ ਦੀਆਂ ਸੰਪਤੀਆਂ ’ਤੇ ਨਾਜਾਇਜ਼ ਤੌਰ ’ਤੇ ਕਾਬਜ਼ ਹੋਰਨਾਂ ਖ਼ਿਲਾਫ਼ ਵੀ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾ ਰਹੀ ਹੈ।’’ ਬੋਰਡ ਦੇ ਸਕੱਤਰ ਇਮਰਾਨ ਗੌਂਡਲ ਨਾਲ ਫੋਨ ’ਤੇ ਸੰਪਰਕ ਕਰਨ ਦੀਆਂ ਕੋਸ਼ਿਸ਼ਾਂ ਸਫ਼ਲ ਨਾ ਹੋ ਸਕੀਆਂ।
ਗੁਲਾਬ ਸਿੰਘ ਨੇ ਦਾਅਵਾ ਕੀਤਾ ਕਿ ਪੀਈਟੀਪੀਬੀ ਦੀ ਕਾਰਵਾਈ ਗ਼ੈਰਕਾਨੂੰਨੀ ਹੈ ਤੇ ਉਨ੍ਹਾਂ ਇਸ ਸੰਪਤੀ ’ਤੇ ਲਾਹੌਰ ਸੈਸ਼ਨ ਕੋਰਟ ਵੱਲੋਂ ਸਟੇਅ ਮਿਲਿਆ ਹੋਇਆ ਸੀ ਅਤੇ ਕੇਸ ਦੀ ਅਗਲੀ ਸੁਣਵਾਈ 18 ਜੁਲਾਈ ਨੂੰ ਹੋਣੀ ਹੈ। ਉਨ੍ਹਾਂ ਕਿਹਾ ‘‘ ਇਸ ਘਰ ਉਪਰ ਸਾਡੇ ਪਰਿਵਾਰ ਦਾ 1947 ਤੋਂ ਕਬਜ਼ਾ ਹੈ ਤੇ ਅਸੀਂ ਬਾਕਾਇਦਾ ਪਾਣੀ ਤੇ ਬਿਜਲੀ ਦੇ ਬਿੱਲ ਤਾਰਦੇ ਆ ਰਹੇ ਹਾਂ। ਗੁਰਦੁਆਰਾ ਬੇਬੇ ਨਾਨਕੀ ਜਨਮ ਅਸਥਾਨ ਦੀ 240 ਕਨਾਲ ਤੇ 16 ਮਰਲੇ ਜਗ੍ਹਾ ਜ਼ਮੀਨ ’ਤੇ 400-500 ਪਰਿਵਾਰ ਰਹਿ ਰਹੇ ਹਨ। ਹੋਰ ਸਭ ਨੂੰ ਛੱਡ ਕੇ ਕੇਵਲ ਮੇਰੇ ਪਰਿਵਾਰ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਪੀਈਟੀਪੀਬੀ ਦੇ ਅਫ਼ਸਰਾਂ ਨੇ ਦੋ ਰਸੂਖਵਾਨਾਂ ਨੂੰ ‘ਖ਼ੁਸ਼ ਕਰਨ’ ਲਈ ਹੀ ਮੈਨੂੰ ਬੇਦਖ਼ਲ ਕੀਤਾ ਹੈ।’’ ਉਨ੍ਹਾਂ ਕਿਹਾ ਕਿ ਪੀਈਟੀਪੀਬੀ 1970 ਵਿੱਚ ਹੋਂਦ ਵਿੱਚ ਆਈ ਸੀ ਅਤੇ ਇਸ ਗੁਰਦੁਆਰੇ ਦੀ ਸੰਪਤੀ ਕਦੇ ਵੀ ਇਸ ਨੂੰ ਨਹੀਂ ਸੌਂਪੀ ਗਈ।

Facebook Comment
Project by : XtremeStudioz