Close
Menu

ਪੀਆਈਏ ਨੇ ਜਾਅਲੀ ਡਿਗਰੀਆਂ ਵਾਲੇ 50 ਮੁਲਾਜ਼ਮ ਕੱਢੇ

-- 31 December,2018

ਲਾਹੌਰ, 31 ਦਸੰਬਰ
ਪਾਕਿਸਤਾਨ ਦੀ ਕੌਮੀ ਹਵਾਈ ਸੇਵਾ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਨੇ ਸੱਤ ਪਾਇਲਟਾਂ ਸਮੇਤ 50 ਮੁਲਾਜ਼ਮਾਂ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਹਨ। ਇਨ੍ਹਾਂ ਕੋਲ ਜਾਅਲੀ ਡਿਗਰੀਆਂ ਸਨ। ਪਾਕਿਸਤਾਨ ਸੁਪਰੀਮ ਕੋਰਟ ਦੇ ਵੱਲੋਂ ਜਾਅਲੀ ਡਿਗਰੀਆਂ ਵਾਲੇ ਪਾਇਲਟਾਂ ਅਤੇ ਹੋਰ ਅਮਲੇ ਵਿਰੁੱਧ ਸੁਣਾਏ ਫੈਸਲੇ ਬਾਅਦ ਏਅਰਲਾਈਨਜ਼ ਨੇ ਇਹ ਕਦਮ ਚੁੱਕਿਆ ਹੈ। ਪਾਕਿਸਤਾਨ ਸ਼ਹਿਰੀ ਹਵਾਬਾਜ਼ੀ ਅਥਾਰਿਟੀ ਵੱਲੋਂ ਜਾਰੀ ਕੀਤੇ ਬਿਆਨ ਅਨੁਸਾਰ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਪਾਇਲਟਾਂ ਅਤੇ ਹੋਰ ਅਮਲੇ ਵੱਲੋਂ ਸਬੰਧਤ ਸੰਸਥਾਵਾਂ ਤੋਂ ਹਾਸਲ ਕੀਤੀਆਂ ਡਿਗਰੀਆਂ ਜਾਅਲੀ ਹਨ।
ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ (ਪੀਆਈਏ) ਦੇ ਬੁਲਾਰੇ ਮਸੂਦ ਤਾਜਵਰ ਅਨੁਸਾਰ ਸਟਾਫ ਦੇ ਜਿਨ੍ਹਾਂ ਵੀ ਮੈਂਬਰਾਂ ਕੋਲ ਜਾਅਲੀ ਡਿਗਰੀਆਂ ਸਨ, ਉਨ੍ਹਾਂ ਵਿਰੁੱਧ ਪੜਤਾਲ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਬਾਕੀ ਦੇ 400 ਸਟਾਫ ਮੈਂਬਰਾਂ ਦੀਆਂ ਡਿਗਰੀਆਂ ਦੀ ਵੀ ਜਾਂਚ-ਪੜਤਾਲ ਕੀਤੀ ਜਾ ਰਹੀ ਹੈ। ਸ਼ਹਿਰੀ ਹਵਾਬਾਜ਼ੀ ਅਥਾਰਿਟੀ ਦੇ ਡਾਇਰੈਕਟਰ ਜਨਰਲ ਹਸਨ ਬੇਗ ਨੇ ਉਨ੍ਹਾਂ ਪਾਇਲਟਾਂ ਅਤੇ ਮੁਲਾਜ਼ਮਾਂ ਦੀਆਂ ਸੇਵਾਵਾਂ ਵੀ ਮੁਅੱਤਲ ਕਰਨ ਦਾ ਐਲਾਨ ਕਰ ਦਿੱਤਾ ਹੈ, ਜਿਨ੍ਹਾਂ ਨੇ ਅਜੇ ਤੱਕ ਆਪਣੀਆਂ ਡਿਗਰੀਆਂ ਅਥਾਰਿਟੀ ਕੋਲ ਜਮ੍ਹਾਂ ਨਹੀਂ ਕਰਵਾਈਆਂ। ਉਨ੍ਹਾਂ ਕਿਹਾ ਕਿ ਪਾਇਲਟਾਂ ਦੇ ਲਾਇਸੈਂਸ ਉਦੋਂ ਤੱਕ ਮੁਅੱਤਲ ਰੱਖੇ ਜਾਣਗੇ ਜਦੋਂ ਤੱਕ ਉਹ ਉਹ ਲੋੜੀਂਦੇ ਦਸਤਾਵੇਜ਼ ਜਮ੍ਹਾਂ ਨਹੀਂ ਕਰਵਾ ਦਿੰਦੇ। ਜ਼ਿਕਰਯੋਗ ਹੈ ਕਿ ਸ਼ਹਿਰੀ ਹਵਾਬਾਜ਼ੀ ਅਥਾਰਿਟੀ ਨੇ ਇਸ ਹਫ਼ਤੇ ਸੁਪਰੀਮ ਕੋਰਟ ਵਿਚ ਜਾਣਕਾਰੀ ਦਿੱਤੀ ਸੀ ਕਿ ਸੱਤ ਪਾਇਲਟਾਂ ਦੀ ਅਕਾਦਮਿਕ ਯੋਗਤਾ ਸਬੰਧੀ ਡਿਗਰੀਆਂ ਜਾਅਲੀ ਹਨ। ਸੁਪਰੀਮ ਕੋਰਟ ਪਾਇਲਟਾਂ ਦੀਆਂ ਡਿਗਰੀਆਂ ਦੀ ਪੜਤਾਲ ਨਾਲ ਸਬੰਧਤ ਇੱਕ ਮਾਮਲੇ ਦੀ ਸੁਣਵਾਈ ਕਰ ਰਹੀ ਸੀ।

Facebook Comment
Project by : XtremeStudioz