Close
Menu

ਪੁਲੀਸ ਤਸ਼ੱਦਦ ਕਾਂਡ: ਜਥੇਦਾਰ ਗੁਰਬਚਨ ਸਿੰਘ ਨੇ ਪੁੱਛਿਆ ਪੀੜਤ ਨੌਜਵਾਨ ਦਾ ਹਾਲ

-- 10 August,2018

ਪਟਿਆਲਾ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਪੁਲੀਸ ਤਸ਼ੱਦਦ ਦੇ ਸ਼ਿਕਾਰ ਨੌਜਵਾਨ ਨੂੰ ਇਨਸਾਫ਼ ਦਿਵਾਉਣ ਲਈ ਸਿੱਖ ਜਥੇਬੰਦੀਆਂ ਵੱਲੋਂ ਵਿੱਢੇ ਜਾਣ ਵਾਲੇ ਹਰ ਸੰਘਰਸ਼ ਦੀ ਹਮਾਇਤ ਦਾ ਐਲਾਨ ਕੀਤਾ ਹੈ| ਉਨ੍ਹਾਂ ਮੰਗ ਕੀਤੀ ਕਿ ਪੀੜਤ ਨੌਜਵਾਨ ਦੇ ਕੇਸਾਂ ਦੀ ਬੇਅਦਬੀ ਦੇ ਮਾਮਲੇ ਵਿੱਚ ਪੁਲੀਸ ਮੁਲਾਜ਼ਮਾਂ ਖ਼ਿਲਾਫ਼ ਧਾਰਾ 295-ਏ ਤਹਿਤ ਕਾਰਵਾਈ ਹੋਣੀ ਚਾਹੀਦੀ ਹੈ| ਉਨ੍ਹਾਂ ਅੱਜ ਹਸਪਤਾਲ ਵਿੱਚ ਜ਼ੇਰੇ ਇਲਾਜ ਪੀੜਤ ਨੌਜਵਾਨ ਅਮਰਦੀਪ ਸਿੰਘ ਦਾ ਹਾਲ-ਚਾਲ ਪੁੱਛਿਆ। ਉਪਰੰਤ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਆਖਿਆ ਕਿ ਕੈਪਟਨ ਦੇ ਜ਼ਲ੍ਹਿ‌ੇ ਵਿੱਚ ਬੇਲਗਾਮ ਹੋਈ ਪੁਲੀਸ ਨੇ ਨੌਜਵਾਨ ’ਤੇ ਜੋ ਤਸ਼ੱਦਦ ਢਾਹਿਆ ਹੈ, ਇਸ ਵਰਤਾਰੇ ਨੇ ਤਾਂ ਸਿੰਘਾਂ ’ਤੇ ਤੁਰਕ ਧਾੜਵੀਆਂ ਸਮੇਂ ਹੋਏ ਜ਼ੁਲਮ ਨੂੰ ਵੀ ਮਾਤ ਪਾ ਦਿੱਤੀ ਹੈ| ਉਨ੍ਹਾਂ ਆਖਿਆ ਕਿ ਕੈਪਟਨ ਸਰਕਾਰ ਵੇਲੇ ਤੋਂ ਪੁਲੀਸ ਘੋਰ ਬੇਇਨਸਾਫ਼ੀ ’ਤੇ ਉਤਰ ਆਈ ਹੈ| ਉਨ੍ਹਾਂ ਆਖਿਆ ਕਿ ਜੇਕਰ ਪੀੜਤ ਧਿਰ ਨੂੰ ਇਨਸਾਫ਼ ਨਾ ਮਿਲਿਆ ਤਾਂ ਪੰਜ ਸਿੰਘ ਸਹਿਬਾਨ ਦੀ ਬੈਠਕ ਸੱਦ ਕੇ ਅਹਿਮ ਫੈਸਲਾ ਵੀ ਲਿਆ ਜਾ ਸਕਦਾ ਹੈ| ਨੌਜਵਾਨ ਨੂੰ ਸ਼੍ਰੋਮਣੀ ਕਮੇਟੀ ਵਿੱਚ ਨੌਕਰੀ ਦੇਣ ਤੇ ਮਾਲੀ ਮਦਦ ਕਰਨ ਸਬੰਧੀ ਉਨ੍ਹਾਂ ਆਖਿਆ ਕਿ ਇਸ ਬਾਰੇ ਐਲਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਹੀ ਕੀਤਾ ਜਾਵੇਗਾ| ਉਨ੍ਹਾਂ ਮਾਮਲੇ ਦੀ ਜਾਂਚ ਲਈ ਬਾਕਾਇਦਾ ਕਮੇਟੀ ਗਠਿਤ ਕੀਤੀ ਹੈ, ਜੋ ਵੀ ਕਮੇਟੀ ਸਿਫਾਰਸ਼ ਕਰੇਗੀ ਸ਼ੋ੍ਮਣੀ ਕਮੇਟੀ ਉਸ ਤੇ ਅਮਲ ਲਈ ਪਾਬੰਦ ਹੋਵੇਗੀ| ਅਮਰੀਕਾ ਵਿੱਚ ਸਿੱਖਾਂ ’ਤੇ ਹੋਏ ਹਮਲਿਆਂ ਦੇ ਸਵਾਲ ’ਤੇ ਉਨ੍ਹਾਂ ਆਖਿਆ ਕਿ ਜਿਥੇ ਕਿਤੇ ਵੀ ਸਿੱਖ ਵੱਸਦੇ ਹਨ, ਉਹ ਇੱਕ ਪਲੇਟਫਾਰਮ ’ਤੇ ਇੱਕਠੇ ਹੋਣ|

ਹਸਪਤਾਲ਼ ਵਿੱਚ ਜਥੇਦਾਰ ਜਦੋਂ ਪੀੜਤ ਦੀ ਮਾਤਾ ਸਰਬਜੀਤ ਕੌਰ ਨੂੰ ਮਿਲੇ, ਤਾਂ ਉਹ ਪੁੱਤ ਨਾਲ਼ ਵਾਪਰੀ ਘਟਨਾ ਨੂੰ ਬਿਆਨ ਕਰਦਿਆਂ ਭਾਵੁਕ ਹੋ ਗਈ। ਉਸ ਦਾ ਕਹਿਣਾ ਸੀ ਕਿ ਧਾਰਾ 295-ਏ ਨਾ ਸ਼ਾਮਲ ਕਰਨ ਦੀ ਕਾਰਵਾਈ ਨੇ ਪੁਲੀਸ ਰਾਜ ਨੂੰ ਹੋਰ ਹੱਲਾਸ਼ੇਰੀ ਦਿੱਤੀ ਹੈ। ਗਿਆਨੀ ਗੁਰਬਚਨ ਸਿੰਘ ਨੇ ਨੌਜਵਾਨ ਦੀ ਮਾਤਾ ਨੂੰ ਭਰੋਸਾ ਦਿੱਤਾ ਕਿ ਉਹ ਇਸ ਸਬੰਧੀ ਐੱਸਐੱਸਪੀ ਨਾਲ ਗੱਲ ਕਰਨਗੇ। ਵਿਧਾਇਕ ਹਰਿੰਦਰਪਾਲ ਚੰਦੂਮਾਜਰਾ ਦਾ ਕਹਿਣਾ ਸੀ ਕਿ ਸਮੂਹ ਪੁਲੀਸ ਵਾਲ਼ਿਆਂ ਨੂੰ ਮੁਅੱਤਲ ਕੀਤਾ ਜਾਵੇ। ਇਸੇ ਦੌਰਾਨ ਹਲਕਾ ਸਨੌਰ ਤੋਂ ‘ਆਪ’ ਆਗੂ ਹਰਿੰਦਰਪਾਲ ਸਿੰਘ ਟੌਹੜਾ ਵੀ ਅਮਰਦੀਪ ਸਿੰਘ ਦਾ ਹਾਲਚਾਲ ਪੁੱਛਣ ਲਈ ਪੁੱਜੇ ਹੋਏ ਸਨ। ਕੁੱਟਮਾਰ ਦੀ ਘਟਨਾ ਦੀ ਨਿੰਦਾ ਕਰਦਿਆਂ, ਹਰਿੰਦਰਪਾਲ ਟੌਹੜਾ ਨੇ ਢੁਕਵੀਂ ਕਾਰਵਾਈ ’ਤੇ ਜ਼ੋਰ ਦਿੱਤਾ।
ਇਸ ਮੌਕੇ ਸ਼ੋ੍ਮਣੀ ਕਮੇਟੀ ਮੈਂਬਰ ਜਰਨੈਲ ਸਿੰਘ ਕਰਤਾਰਪੁਰ, ਸਤਵਿੰਦਰ ਸਿੰਘ ਟੌਹੜਾ, ਪ੍ਰੋ. ਬਲਦੇਵ ਸਿੰਘ ਬਲੂਆਣਾ ਤੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਕਰਨੈਲ ਸਿੰਘ ਨਾਭਾ, ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ, ਜਗਜੀਤ ਸਿੰਘ ਕੋਹਲੀ ਤੇ ਹੋਰ ਮੌਜੂਦ ਸਨ|

ਬੁੱਢਾ ਦਲ ਦੇ ਮੁਖੀ ਵੱਲੋਂ ਪੀੜਤ ਦੀ ਮਾਲੀ ਮਦਦ
ਬੁੱਢਾ ਦਲ ਦੇ ਮੁਖੀ ਨਿਹੰਗ ਸਿੰਘ ਬਾਬਾ ਬਲਬੀਰ ਸਿੰਘ ਨੇ ਪੀੜਤ ਨੌਜਵਾਨ ਅਮਰਦੀਪ ਸਿੰਘ ਨੂੰ ਆਪਣੀ ਤਰਫ਼ੋਂ 51 ਹਜ਼ਾਰ ਰੁਪਏ ਦੀ ਮਾਲੀ ਮਦਦ ਵੀ ਦਿੱਤੀ। ਉਨ੍ਹਾਂ ਕੇਸ ਵਿੱਚ ਧਾਰਾ 295-ਏ ਸ਼ਾਮਲ ਕਰਨ ’ਤੇ ਜ਼ੋਰ ਦਿੱਤਾ।

ਮੁਫ਼ਤ ਕਾਨੂੰਨੀ ਸੇਵਾਵਾਂ ਦੇਣ ਦਾ ਵਾਅਦਾ
ਐਡਵੋਕੇਟ ਬਰਜਿੰਦਰ ਸਿੰਘ ਸੋਢੀ ਨੇ ਇਸ ਮਾਮਲੇ ’ਤੇ ‘ਲਾਇਰਜ਼ ਫਾਰ ਹਿਊਮਨ ਰਾਈਟਸ ਇੰਟਰਨੈਸ਼ਨਲ’ ਦੀ ਤਰਫ਼ੋਂ ਪੀੜਤ ਪਰਿਵਾਰ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਪ੍ਰਦਾਨ ਕਰਨ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਪਰਿਵਾਰ ਦੀ ਤਰਫ਼ੋਂ ਪੁਲੀਸ ਦੇ ਖ਼ਿਲਾਫ਼ ਇਹ ਕੇਸ ਉਹ ਲੜਨਗੇ।

Facebook Comment
Project by : XtremeStudioz