Close
Menu

ਪੈਟਰੋਲ ਪੰਪਾਂ ’ਤੇ ਮਿਲਣਗੇ ਐਲਈਡੀ ਬੱਲਬ ਤੇ ਛੱਤ ਵਾਲੇ ਪੱਖੇ

-- 19 May,2017

ਨਵੀਂ ਦਿੱਲੀ, ਖਪਤਕਾਰਾਂ ਨੂੰ ਹੁਣ ਛੇਤੀ ਬਿਜਲੀ ਬਚਾਉਣ ਵਾਲੇ ਐਲਈਡੀ ਬੱਲਬ, ਟਿਊਬਲਾਈਟਾਂ ਅਤੇ ਛੱਤ ਵਾਲੇ ਪੱਖੇ ਘੱਟ ਕੀਮਤ ਉਤੇ ਪੈਟਰੋਲ ਪੰਪਾਂ ਉਪਰ ਮਿਲਣਗੇ। ਖਪਤਕਾਰ 65 ਰੁਪਏ ਵਿੱਚ ਐਲਈਡੀ ਬੱਲਬ, 230 ਰੁਪਏ ਵਿੱਚ ਟਿਊਬਲਾਈਟ ਅਤੇ 1150 ਰੁਪਏ ਵਿੱਚ ਛੱਤ ਵਾਲੇ ਪੱਖੇ ਖਰੀਦ ਸਕਣਗੇ। ਇਹ ਉਪਕਰਨ ਤਿੰਨ ਸਰਕਾਰੀ ਤੇਲ ਕੰਪਨੀਆਂ ਹਿੰਦੋਸਤਾਨ ਪੈਟਰੋਲੀਅਮ, ਇੰਡੀਅਨ ਆਇਲ ਅਤੇ ਭਾਰਤ ਪੈਟਰੋਲੀਅਮ ਵੱਲੋਂ ਸਰਕਾਰੀ ‘ਐਨਰਜੀ ਐਫੀਸ਼ੈਂਸੀ ਸਰਵਿਸਜ਼ ਲਿਮੀਟਿਡ’ (ਈਈਐਸਐਲ) ਤੋਂ ਲਏ ਜਾਣਗੇ। ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਹ ਵਸਤਾਂ ਵੇਚਣ ਲਈ ਤੇਲ ਕੰਪਨੀਆਂ ਨੇ ਅੱਜ ਈਈਐਸਐਲ ਨਾਲ ਸਮਝੌਤੇ ਉਤੇ ਦਸਤਖ਼ਤ ਕਰਨੇ ਸਨ ਪਰ ਵਾਤਾਵਰਨ ਮੰਤਰੀ ਅਨਿਲ ਮਾਧਵ ਦਵੇ ਦੇ ਦੇਹਾਂਤ ਕਾਰਨ ਇਹ ਕਾਰਵਾਈ ਮੁਲਤਵੀ ਕਰ ਦਿੱਤੀ ਗਈ।  ਸਮਝੌਤੇ ਉਤੇ ਦਸਤਖ਼ਤ ਕਰਨ ਲਈ ਨਵੀਂ ਮਿਤੀ ਨੂੰ ਛੇਤੀ ਅੰਤਮ ਰੂਪ ਦੇ ਦਿੱਤਾ ਜਾਵੇਗਾ, ਜਿਸ ਮਗਰੋਂ ਇਕ ਮਹੀਨੇ ਵਿੱਚ ਇਹ ਉਤਪਾਦ ਪੈਟਰੋਲ ਪੰਪਾਂ ਉਤੇ ਉਪਲਬਧ ਹੋਣਗੇ।
ਇਨ੍ਹਾਂ ਤਿੰਨ ਪੈਟਰੋਲ ਕੰਪਨੀਆਂ ਦੇ ਦੇਸ਼ ਭਰ ਵਿੱਚ 53000 ਪੈਟਰੋਲ ਪੰਪ ਹਨ। ਫਿਰ ਵੀ ਹਾਲੇ ਇਹ ਫੈਸਲਾ ਨਹੀਂ ਹੋਇਆ ਕਿ ਇਹ ਉਤਪਾਦ ਇਨ੍ਹਾਂ ਕੰਪਨੀਆਂ ਦੇ ਸਾਰੇ ਪੈਟਰੋਲ ਪੰਪਾਂ ਉਤੇ ਉਪਲਬਧ ਹੋਣਗੇ ਜਾਂ ਨਹੀਂ। ਈਈਐਸਐਲ, ਬਿਜਲੀ ਵੰਡ ਕੰਪਨੀਆਂ ਅਤੇ ਆਨਲਾਈਨ ਮਾਰਕੀਟਿੰਗ ਵਰਗੇ ਹੋਰ ਤਰੀਕਿਆਂ ਰਾਹੀਂ ਐਲਈਡੀ ਬੱਲਬ ਤੇ ਲਾਈਟਾਂ ਦੀ ਵੰਡ ਕਰਦਾ ਹੈ। ਈਈਐਸਐਲ ਨੇ ਵੱਡੀ ਮਾਤਰਾ ਵਿੱਚ ਖ਼ਰੀਦ ਕਰਨ ਉਤੇ 9 ਵਾਟ ਦੇ ਇਕ ਐਲਈਡੀ ਬੱਲਬ ਦੀ ਕੀਮਤ ਘੱਟ ਤੋਂ ਘੱਟ 38 ਰੁਪਏ ਰੱਖੀ ਹੈ।
ਇਸ ਤਰ੍ਹਾਂ ਐਲਈਡੀ ਟਿਊਬਲਾਈਟਾਂ ਅਤੇ ਛੱਤ ਵਾਲੇ ਪੱਖਿਆਂ ਦੇ ਮਾਮਲੇ ਵਿੱਚ ਹੈ। ਇਹ ਦੋਵੇਂ ਉਤਪਾਦ ਪਰਚੂਨ ਬਾਜ਼ਾਰ ਵਿੱਚ ਕ੍ਰਮਵਾਰ 600-700 ਰੁਪਏ ਅਤੇ 1700-1800 ਰੁਪਏ ਉਤੇ ਵੇਚੇ ਜਾ ਰਹੇ ਹਨ। ਈਈਐਸਐਲ ਨੇ ਹਾਲ ਹੀ ਵਿੱਚ ਆਪਣੇ ਸਾਂਝੇ ਉੱਦਮ ਰਾਹੀਂ ਬਰਤਾਨੀਆ ਵਿੱਚ 10 ਕਰੋੜ ਪੌਂਡ ਸਿੱਧੇ ਤੌਰ ਉਤੇ ਨਿਵੇਸ਼ ਕਰਨ ਦਾ ਫੈਸਲਾ ਕੀਤਾ ਹੈ। ਕੰਪਨੀ ਬਾਜ਼ਾਰ ਵਿੱਚ ਬਿਜਲੀ ਬਚਾਉਣ ਸਬੰਧੀ ਉਤਪਾਦ ਵੀ ਪੇਸ਼ ਕਰੇਗੀ।

Facebook Comment
Project by : XtremeStudioz