Close
Menu

ਪੰਜਾਬ ਆਰਥਿਕ ਤਬਾਹੀ ਵੱਲ ਵੱਧ ਰਿਹੈ: ਢੀਂਡਸਾ

-- 09 August,2018

ਚੰਡੀਗੜ੍ਹ: ਪੰਜਾਬ ਦੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦਾ ਕਹਿਣਾ ਹੈ ਕਿ ਚਲੰਤ ਮਾਲੀ ਸਾਲ ਦੀ ਪਹਿਲੀ ਤਿਮਾਹੀ ਦੌਰਾਨ ਪੰਜਾਬ ਸਰਕਾਰ ਵੱਲੋਂ ਚੁੱਕੇ ਉਧਾਰ ਵਿੱਚ ਪਿਛਲੇ ਸਾਲ ਨਾਲੋਂ 75 ਫੀਸਦੀ ਵਾਧਾ ਹੋਣਾ ਚਿੰਤਾਜਨਕ ਗੱਲ ਹੈ, ਜੋ ਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਅਗਵਾਈ ਹੇਠ ਪੰਜਾਬ ਦੀ ਨਿੱਘਰ ਰਹੀ ਆਰਥਿਕ ਸਥਿਤੀ ਉੱਤੇ ਚਾਨਣਾ ਪਾਉਂਦੀ ਹੈ। ਇੱਕ ਬਿਆਨ ਰਾਹੀਂ ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਚੁੱਕੀ ਗਈ ਉਧਾਰ ਦੀ ਕੁੱਲ ਰਕਮ ਵਿੱਚ 1649 ਕਰੋੜ ਰੁਪਏ ਦਾ ਵਾਧਾ ਹੋਣ ਨਾਲ ਇਹ 3742 ਕਰੋੜ ਰੁਪਏ ਤੱਕ ਜਾ ਅੱਪੜੀ ਹੈ। ਇਸ ਉਧਾਰ ਦੀ ਰਕਮ ਵਿੱਚ ਲਗਾਤਾਰ ਵਾਧਾ ਹੁੰਦਾ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਉਧਾਰ ਲਈ ਜਾਣ ਵਾਲੀ ਰਕਮ ਵਿੱਚ ਇਸੇ ਰਫ਼ਤਾਰ ਨਾਲ ਵਾਧਾ ਹੁੰਦਾ ਰਿਹਾ ਤਾਂ ਇਸ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਰਕੇ ਰਾਜ ਨੂੰ ਗੰਭੀਰ ਆਰਥਿਕ ਤਬਾਹੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸਾਬਕਾ ਵਿੱਤ ਮੰਤਰੀ ਨੇ ਕਿਹਾ ਕਿ ਇਸੇ ਤਰ੍ਹਾਂ ਟੈਕਸਾਂ, ਵੈਟ, ਜੀਐੱਸਟੀ ਅਤੇ ਹੋਰ ਵਸੀਲਿਆਂ ਤੋਂ ਆਉਣ ਵਾਲੀ ਆਮਦਨ ਵਿੱਚ ਗਿਰਾਵਟ ਆਉਣ ਕਰਕੇ ਸੂਬੇ ਦੀ ਕਮਾਈ ਵਿੱਚ ਵੀ ਕਮੀ ਆਈ ਹੈ। ਉਨ੍ਹਾਂ ਕਿਹਾ ਕਿ ਆਰਥਿਕ ਹਾਲਤ ਨੂੰ ਸੁਧਾਰਨ ਅਤੇ ਆਮਦਨ ਦੇ ਵਸੀਲੇ ਪੈਦਾ ਕਰਨ ਲਈ ਸਰਕਾਰ ਨੇ ਕੋਈ ਠੋਸ ਕਦਮ ਨਹੀਂ ਚੁੱਕਿਆ ਹੈ। ਅਕਾਲੀ ਆਗੂ ਨੇ ਕਿਹਾ ਕਿ ਸਰਕਾਰ ਕੋਲ ਪਹਿਲਾਂ ਤੋਂ ਚੱਲ ਰਹੀਆਂ ਲੋਕ ਭਲਾਈ ਸਕੀਮਾਂ ਨੂੰ ਜਾਰੀ ਰੱਖਣ ਵਾਸਤੇ ਵੀ ਪੈਸੇ ਨਹੀਂ ਹਨ। ਜ਼ਿਕਰਯੋਗ ਹੈ ਕਿ ਅਕਾਲੀ ਦਲ ਦੀ ਸਰਕਾਰ ਸਮੇਂ ਵਿੱਤੀ ਨਿਘਾਰ ਸ਼ੁਰੂ ਹੋਇਆ ਸੀ ਤੇ ਸਾਬਕਾ ਸਰਕਾਰ ਨੇ ਸੂਬੇ ਦੇ ਖ਼ਜ਼ਾਨੇ ’ਤੇ 31 ਹਜ਼ਾਰ ਕਰੋੜ ਦਾ ਵਿੱਤੀ ਬੋਝ ਜਾਣ ਸਮੇਂ ਲੱਦ ਦਿੱਤਾ ਸੀ।

Facebook Comment
Project by : XtremeStudioz