Close
Menu
Breaking News:

ਪੰਜਾਬ ‘ਚ ਪੂਰੀ ਤਰ੍ਹਾਂ ਬੇਲਗ਼ਾਮ ਹੈ ਨਸ਼ੇ ਦਾ ਦੈਂਤ-ਮੀਤ ਹੇਅਰ

-- 12 April,2019

ਨਸ਼ੇ ਦੀ ਓਵਰਡੋਜ਼ ਨਾਲ ਮਰ ਰਹੇ ਨੌਜਵਾਨਾਂ ਲਈ ਕੈਪਟਨ ਅਮਰਿੰਦਰ ਸਿੰਘ ਨੂੰ ਜ਼ਿੰਮੇਵਾਰ ਠਹਿਰਾਇਆ

ਚੰਡੀਗੜ੍ਹ, 12 ਅਪ੍ਰੈਲ 2019
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਬੁਲਾਰੇ ਅਤੇ ਨੌਜਵਾਨ ਵਿਧਾਇਕ ਮੀਤ ਹੇਅਰ ਨੇ ਕਿਹਾ ਹੈ ਕਿ ਸੂਬੇ ‘ਚ ਨਸ਼ਿਆਂ ਦਾ ਪ੍ਰਕੋਪ ਜਿਉਂ ਦਾ ਤਿਉਂ ਜਾਰੀ ਹੈ, ਜਿਵੇਂ ਪਿਛਲੀ ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਸੀ।
ਪਾਰਟੀ ਦੇ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਮੀਤ ਹੇਅਰ ਨੇ ਖੰਨਾ ਦੇ ਪਿੰਡ ਲਿਬੜਾ ਵਿਖੇ ਨਸ਼ੇ ਦੀ ਓਵਰ ਡੋਜ਼ ਨਾਲ ਹੋਈ 21 ਸਾਲਾ ਨਿਰਭੈ ਸਿੰਘ ਦੀ ਮੌਤ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਇਸ ਲਈ ਕੋਈ ਹੋਰ ਨਹੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਿੱਧੇ ਤੌਰ ‘ਤੇ ਜ਼ਿੰਮੇਵਾਰ ਹਨ, ਜਿਨ੍ਹਾਂ ਸ੍ਰੀ ਗੁਟਕਾ ਸਾਹਿਬ ਦੀ ਝੂਠੀ ਸਹੁੰ ਚੁੱਕੀ, ਪਰੰਤੂ ਉਸ ‘ਤੇ ਖਰਾ ਨਹੀਂ ਉੱਤਰੇ, ਅਜਿਹਾ ਕਰਕੇ ਕੈਪਟਨ ਨੇ ਪੰਜਾਬ ਦੀਆਂ ਉਨ੍ਹਾਂ ਮਾਵਾਂ, ਭੈਣਾਂ, ਪਤਨੀਆਂ ਅਤੇ ਬੇਟੀਆਂ ਨਾਲ ਧ੍ਰੋਹ ਕਮਾਇਆ, ਜਿੰਨਾ ਦੇ ਪੁੱਤ, ਭਰਾ, ਪਤੀ ਅਤੇ ਪਿਤਾ ਨਸ਼ੇ ਦੀ ਭੇਂਟ ਚੜ੍ਹ ਰਹੇ ਹਨ।
ਮੀਤ ਹੇਅਰ ਨੇ ਕਿਹਾ ਕਿ ਘਰ ‘ਚ ਹੀ ਨਸ਼ੇ ਦੀ ਓਵਰਡੋਜ਼ ਨਾਲ ਬਾਂਹ ‘ਚ ਸਰਿੰਜ ਸਮੇਤ ਦਮ ਤੋੜਨ ਵਾਲਾ ਨੌਜਵਾਨ ਨਿਰਭੈ ਸਿੰਘ 3 ਭੈਣਾਂ ਦਾ ਇਕਲੌਤਾ ਭਰਾ ਸੀ। ਉਸ ਦੀ 55 ਸਾਲਾ ਮਾਂ ਨੇ ਦੱਸਿਆ ਕਿ ਸ਼ਾਮ ਨੂੰ ਕੋਈ ਨੌਜਵਾਨ ਘਰ ਆਇਆ ਸੀ, ਜਿਸ ਤੋਂ ਬਾਅਦ ਉਹ ਉੱਪਰ ਚੁਬਾਰੇ ‘ਤੇ ਚਲਾ ਗਿਆ, ਜਿੱਥੇ ਉਹ ਬਾਂਹ ‘ਚ ਲੱਗੀ ਸਰਿੰਜ ਸਮੇਤ ਡਿੱਗਿਆ ਪਿਆ ਸੀ, ਹਸਪਤਾਲ ਪਹੁੰਚਣ ‘ਤੇ ਡਾਕਟਰ ਨੇ ਮ੍ਰਿਤਕ ਐਲਾਨ ਦਿੱਤਾ।
ਮੀਤ ਹੇਅਰ ਨੇ ਦੋਸ਼ ਲਗਾਇਆ ਕਿ ਨਸ਼ੇ ਦੀ ਹੋਮ ਡਿਲਿਵਰੀ ਹੋ ਰਹੀ ਹੈ, ਪਰੰਤੂ ਕੈਪਟਨ ਸਰਕਾਰ ਨੂੰ ਕੋਈ ਪ੍ਰਵਾਹ ਨਹੀਂ। ਮੀਤ ਹੇਅਰ ਨੇ ਕਿਹਾ ਕਿ ਨਿਰਭੈ ਸਿੰਘ ਇਕੱਲਾ ਨੌਜਵਾਨ ਨਹੀਂ ਜੋ ਨਸ਼ੇ ਦੀ ਭੇਂਟ ਚੜ੍ਹਿਆ ਹੈ, ਪਿਛਲੇ ਇੱਕ ਮਹੀਨੇ ਦੌਰਾਨ ਹੀ ਦਰਜਨ ਤੋਂ ਵੱਧ ਨਸ਼ੇ ਦੀ ਓਵਰਡੋਜ਼ ਨਾਲ ਦਮ ਤੋੜਨ ਵਾਲੇ ਨੌਜਵਾਨਾਂ ਦੀਆਂ ਮੀਡੀਆ ‘ਚ ਸੁਰਖ਼ੀਆਂ ਬਣੀਆਂ ਹਨ, ਫਿਰ ਵੀ ਸਰਕਾਰ ਦੇ ਕੰਨ ‘ਤੇ ਜੂੰ ਨਹੀਂ ਸਰਕੀ।
ਮੀਤ ਹੇਅਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਨੂੰ ਨਸ਼ੇ ਦੇ ਦਰਿਆ ‘ਚ ਧੱਕਣ ਵਾਲੇ ਬਾਦਲਾਂ ਦੇ ਨਾਲ-ਨਾਲ ਕੈਪਟਨ ਅਮਰਿੰਦਰ ਸਿੰਘ ਅਤੇ ਸਾਰੇ ਕਾਂਗਰਸੀਆਂ ਤੋਂ ਨਸ਼ਿਆਂ ਬਾਰੇ ਉਦੋਂ ਜ਼ਰੂਰ ਪੁੱਛਣ ਜਦ ਉਹ ਵੋਟਾਂ ਮੰਗਣ ਉਨ੍ਹਾਂ ਦੇ ਦਰ ‘ਤੇ ਜਾਣਗੇ।

Facebook Comment
Project by : XtremeStudioz