Close
Menu

ਫਰਾਂਸ ਫੁਟਬਾਲ ਵਿਸ਼ਵ ਕੱਪ ਦੇ ਸੈਮੀ ਫਾਈਨਲ ’ਚ

-- 07 July,2018

ਨਿਜ਼ਨੀ ਨੋਵਗੋਰੋਦ(ਰੂਸ), ਰਾਫ਼ੇਲ ਵਰਾਨ ਤੇ ਐਂਟਨੀ ਗ੍ਰੀਜ਼ਮੈਨ ਦੇ ਗੋਲਾਂ ਤੇ ਗੋਲਕੀਪਰ ਹਿਊਗੋ ਲੋਰਿਸ ਦੇ ਬਿਹਤਰੀਨ ਪ੍ਰਦਰਸ਼ਨ ਦੇ ਦਮ ’ਤੇ ਫਰਾਂਸ ਅੱਜ ਇਥੇ ਯੁਰੂਗੁਏ ਨੂੰ 2-0 ਨਾਲ ਹਰਾ ਕੇ ਸ਼ਾਨ ਨਾਲ ਵਿਸ਼ਵ ਕੱਪ 2018 ਦੇ ਸੈਮੀ ਫਾਈਨਲ ਵਿੱਚ ਦਾਖ਼ਲ ਹੋ ਗਿਆ। ਵਰਾਨ ਨੇ 40ਵੇਂ ਮਿੰਟ ਵਿੱਚ ਗੋਲ ਕਰਕੇ ਫਰਾਂਸ ਨੂੰ ਹਾਫ਼ ਟਾਈਮ ਤਕ 1-0 ਨਾਲ ਅੱਗੇ ਰੱਖਿਆ ਜਦੋਂਕਿ ਗ੍ਰੀਜ਼ਮੈਨ ਨੇ 61ਵੇਂ ਮਿੰਟ ਵਿੱਚ ਇਸ ਲੀਡ ਨੂੰ ਦੁੱਗਣੀ ਕਰ ਦਿੱਤਾ। ਫਰਾਂਸ ਸੈਮੀ ਫਾਈਨਲ ਵਿੱਚ ਹੁਣ ਬ੍ਰਾਜ਼ੀਲ ਤੇ ਬੈਲਜੀਅਮ ਵਿਚਾਲੇ ਹੋਣ ਵਾਲੇ ਮੁਕਾਬਲੇ ਦੇ ਜੇਤੂ ਨਾਲ ਮੱਥਾ ਲਾਏਗਾ।
ਯੁਰੂਗੁਏ ਨੇ ਹਾਲਾਂਕਿ ਇਸ ਮੈਚ ਤੋਂ ਪਹਿਲਾਂ ਕਾਫ਼ੀ ਪ੍ਰਭਾਵਸ਼ਾਲੀ ਖੇਡ ਦਾ ਮੁਜ਼ਾਹਰਾ ਕਰਦਿਆਂ ਆਪਣੇ ਸਾਰੇ ਮੈਚ ਜਿੱਤੇ, ਪਰ ਫਰਾਂਸ ਦੀ ਮਜ਼ਬੂਤ ਰੱਖਿਆ ਲਾਈਨ ਤੇ ਦਮਦਾਰ ਹਮਲੇ ਦੇ ਸਾਹਮਣੇ ਉਹਦੀ ਕਮਜ਼ੋਰੀ ਖੁੱਲ੍ਹ ਕੇ ਸਾਹਮਣੇ ਆ ਗਈ। ਡਿਡਿਅਰ ਡਿਸਚੈਂਪਸ ਦੀ ਟੀਮ ਨੇ ਅਸਲ ਵਿੱਚ ਉਮਦਾ ਪ੍ਰਦਰਸ਼ਨ ਕੀਤਾ ਜਦੋਂਕਿ ਯੁਰੂਗੁਏ ਨੂੰ ਐਡਿਨਸਨ ਕੁਆਨੀ ਦੀ ਘਾਟ ਰੜਕੀ ਰਹੀ, ਜੋ ਸੱਟ ਲੱਗਣ ਕਰਕੇ ਇਸ ਮੈਚ ਵਿੱਚੋਂ ਗ਼ੈਰਹਾਜ਼ਰ ਰਿਹਾ। ਦੋਵਾਂ ਟੀਮਾਂ ਨੇ ਮੈਚ ਦੀ ਸ਼ੁਰੂਆਤ ਵਿੱਚ ਇਕ ਦੂਜੇ ’ਤੇ ਦਬਾਅ ਬਣਾਉਣ ਦੇ ਯਤਨ ਕੀਤੇ, ਪਰ ਫਰਾਂਸ ਗੇਂਦ ਨੂੰ ਬਹੁਤਾ ਚਿਰ ਆਪਣੇ ਕਬਜ਼ੇ ’ਚ ਰੱਖਣ ਤੇ ਦਬਾਅ ਬਣਾਉਣ ਵਿੱਚ ਸਫ਼ਲ ਰਿਹਾ। ਇਸ ਦਬਾਅ ਦਾ ਉਸ ਨੂੰ ਉਦੋਂ ਲਾਹਾ ਮਿਲਿਆ ਜਦੋਂ ਵਰਾਨ ਨੇ ਹੈਡਰ ਨਾਲ ਗੋਲ ਦਾਗਿਆ। ਉਹਨੇ ਗ੍ਰੀਜ਼ਮੈਨ ਦੀ ਫ੍ਰੀ ਕਿੱਕ ’ਤੇ ਇਹ ਗੋਲ ਕੀਤਾ, ਜਿਸ ਦਾ ਯੁਰੂਗੁਏ ਦੇ ਗੋਲਕੀਪਰ ਕੋਲ ਕੋਈ ਤੋੜ ਨਹੀਂ ਸੀ।
ਫਰਾਂਸ ਨੇ ਦੂਜੇ ਹਾਫ਼ ਦੇ ਸ਼ੁਰੂ ਵਿੱਚ ਯੁਰੂਗੁਏ ਦੇ ਸ਼ੁਰੂਆਤੀ ਦਬਾਅ ਨੂੰ ਝੱਲਣ ਮਗਰੋਂ ਮੁਸਲੇਰਾ ਦੀ ਗ਼ਲਤੀ ਨਾਲ ਆਪਣੀ ਲੀਡ ਨੂੰ ਦੁੱਗਣਾ ਕੀਤਾ। ਗ੍ਰੀਜ਼ਮੈਨ ਤੇਜ਼ੀ ਨਾਲ ਗੇਂਦ ਲੈ ਕੇ ਪੈਨਲਟੀ ਖੇਤਰ ਵਿਚ ਦਾਖ਼ਲ ਹੋ ਗਿਆ ਤੇ ਉਸ ਨੇ ਕਰਾਰਾ ਸ਼ਾਟ ਲਾਇਆ, ਜੋ ਮੁਸਲੇਰਾ ਦੇ ਹੱਥਾਂ ਨਾਲ ਟਕਰਾਇਆ ਪਰ ਯੁਰੂਗੁਏ ਦਾ ਗੋਲਕੀਪਰ ਫੁਟਬਾਲ ਨੂੰ ਗੋਲ ਰੇਖਾ ਦੇ ਅੰਦਰ ਜਾਣ ਤੋਂ ਨਾ ਰੋਕ ਸਕਿਆ। ਮੁਸਲੇਰਾ ਨੇ ਪਿਛਲੇ ਚਾਰ ਮੈਚਾਂ ਵਿੱਚ ਮਹਿਜ਼ ਇਕ ਗੋਲ ਹੋਣ ਦਿੱਤਾ ਸੀ, ਪਰ ਅੱਜ ਉਹ ਆਪਣੇ ਰੰਗ ਵਿੱਚ ਨਜ਼ਰ ਨਹੀਂ ਆਇਆ। ਸ਼ੁਰੂਆਤੀ ਪਲਾਂ ’ਚ ਯੁਰੂਗੁਏ ਦੇ ਲੁਕਾਸ ਟੋਰੇਇਰਾ ਤੇ ਲੁਈ ਸੁਆਰੇਜ਼ ਨੇ ਫਰਾਂਸ ਦੇ ਰੱਖਿਆ ਲਾਈਨ ’ਚ ਸੰਨ੍ਹ ਲਾਉਣ ਦੀ ਕੋਸ਼ਿਸ਼ ਕੀਤੀ। ਯੁਰੂਗੁਏ ਕੋਲ ਹਾਫ ਟਾਈਮ ਤੋਂ ਠੀਕ ਪਹਿਲਾਂ ਬਰਾਬਰੀ ਦਾ ਬਿਹਤਰੀਨ ਮੌਕਾ ਸੀ, ਪਰ ਗੋਲਕੀਪਰ ਲੋਰਿਸ ਨੇ ਫਰਾਂਸ ’ਤੇ ਆਏ ਇਸ ਸੰਕਟ ਨੂੰ ਟਾਲ ਦਿੱਤਾ। ਦੂਜੇ ਹਾਫ਼ ਵਿੱਚ ਇਕ ਸਮੇਂ ਮਬਾਪੇ ਤੇ ਕ੍ਰਿਸਟੀਅਨ ਰੌਡਰਿਗਜ਼ ਆਪਸ ਵਿੱਚ ਭਿੜ ਗਏ, ਜਿਸ ਕਾਰਨ ਦੋਵਾਂ ਨੂੰ ਪੀਲਾ ਕਾਰਡ ਵੀ ਵਿਖਾਇਆ ਗਿਆ।   

Facebook Comment
Project by : XtremeStudioz