Close
Menu

ਫੋਰਡ ਵੱਲੋਂ ਕੈਪ ਐਂਡ ਟਰੇਡ ਕਾਰਬਨ ਟੈਕਸ ਯੁੱਗ ਨੂੰ ਖ਼ਤਮ ਕਰਨ ਦਾ ਐਲਾਨ

-- 05 July,2018

ਟੋਰਾਂਟੋ, ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਆਖਿਆ ਕਿ ਉਨ੍ਹਾਂ ਦੀ ਕੈਬਨਿਟ ਵੱਲੋਂ ਕੈਪ ਐਂਡ ਟਰੇਡ ਕਾਰਬਨ ਟੈਕਸ ਯੁੱਗ ਨੂੰ ਖ਼ਤਮ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਹ ਫੈਸਲਾ 3 ਜੁਲਾਈ, 2018 ਤੋਂ ਲਾਗੂ ਮੰਨਿਆ ਜਾਵੇਗਾ। ਆਪਣੇ ਚੋਣ ਵਾਅਦੇ ਨੂੰ ਪੂਰਾ ਕਰਨ ਲਈ ਓਨਟਾਰੀਓ ਸਰਕਾਰ ਉਨ੍ਹਾਂ ਸਾਰੇ ਪ੍ਰੋਗਰਾਮਾਂ ਨੂੰ ਬੰਦ ਕਰਨ ਦਾ ਹੁਕਮ ਦਿੰਦੀ ਹੈ ਜਿਹੜੇ ਇਸ ਕੈਪ ਐਂਡ ਟਰੇਡ ਕਾਰਬਨ ਟੈਕਸ ਤੋਂ ਹੋਣ ਵਾਲੀ ਆਮਦਨ ਨਾਲ ਚਲਾਏ ਜਾ ਰਹੇ ਸਨ।
ਫੋਰਡ ਨੇ ਅੱਗੇ ਆਖਿਆ ਕਿ ਕੈਪ ਐਂਡ ਟਰੇਡ ਫੰਡ ਵਿੱਚੋਂ ਖਰਚ ਕੀਤੀ ਜਾਣ ਵਾਲੀ ਪਾਈ ਪਾਈ ਉਹ ਰਕਮ ਹੈ ਜਿਹੜੀ ਓਨਟਾਰੀਓ ਦੇ ਪਰਿਵਾਰਾਂ ਤੇ ਕਾਰੋਬਾਰਾਂ ਦੀਆਂ ਜੇਬ੍ਹਾਂ ਵਿੱਚੋਂ ਕਢਵਾਈ ਗਈ। ਉਨ੍ਹਾਂ ਆਖਿਆ ਕਿ ਸਾਡਾ ਮੰਨਣਾ ਇਹ ਹੈ ਕਿ ਅਸਲ ਵਿੱਚ ਇਹ ਰਕਮ ਲੋਕਾਂ ਕੋਲ ਹੀ ਚੰਗੀ ਲੱਗਦੀ ਹੈ। ਕੈਪ ਐਂਡ ਟਰੇਡ ਕਾਰਬਨ ਟੈਕਸ ਨੂੰ ਰੱਦ ਕਰਨ ਨਾਲ ਹੁਣ ਲੋਕਾਂ ਨੂੰ ਸਸਤੀ ਗੈਸ ਮਿਲਿਆ ਕਰੇਗੀ, ਘਰਾਂ ਦੀ ਹੀਟਿੰਗ ਲਈ ਆਉਣ ਵਾਲੇ ਬਿੱਲ ਘੱਟ ਜਾਣਗੇ। ਇੱਥੇ ਹੀ ਬੱਸ ਨਹੀਂ ਸਗੋਂ ਹਰ ਖਰੀਦੀ ਜਾਣ ਵਾਲੀ ਵਸਤ ਮੁਕਾਬਲਤਨ ਸਸਤੀ ਹੋ ਜਾਵੇਗੀ।
ਇਸ ਪ੍ਰੋਗਰਾਮ ਦਾ ਆਡਿਟ ਕਰਨ ਵਾਲੇ ਆਡੀਟਰ ਜਨਰਲ ਅਨੁਸਾਰ ਕੈਪ ਐਂਡ ਟਰੇਡ ਸਿਸਟਮ ਨਾਲ ਓਨਟਾਰੀਓ ਦੇ ਕੰਜਿ਼ਊਮਰਜ਼ ਤੇ ਕਾਰੋਬਾਰਾਂ ਉੱਤੇ 8 ਬਿਲੀਅਨ ਡਾਲਰ ਦਾ ਬੋਝ ਪਿਆ ਹੋ ਸਕਦਾ ਜਦਕਿ ਇਸ ਦਾ ਪ੍ਰੋਵਿੰਸ ਦੇ ਕਾਰਬਨ ਰਿਸਾਅ ਉੱਤੇ ਮਾਮੂਲੀ ਜਿਹਾ ਵੀ ਪ੍ਰਭਾਵ ਨਹੀਂ ਪਿਆ ਹੋਣਾ। ਫੋਰਡ ਨੇ ਆਖਿਆ ਕਿ ਕੈਪ ਐਂਡ ਟਰੇਡ ਤੇ ਕਾਰਬਨ ਟੈਕਸ ਸਕੀਮਾਂ ਅਸਲ ਵਿੱਚ ਸਾਬਕਾ ਸਰਕਾਰ ਦੀ ਲੋਕਾਂ ਤੋਂ ਪੈਸਾ ਉਗਰਾਹੁਣ ਦੀ ਯੋਜਨਾ ਹੀ ਸੀ, ਇਸ ਦਾ ਵਾਤਾਵਰਣ ਨਾਲ ਕੋਈ ਲੈਣਾ ਦੇਣਾ ਨਹੀਂ ਸੀ। ਸਾਬਕਾ ਸਰਕਾਰ ਨੇ ਆਪਣੇ ਵੱਡੇ ਪ੍ਰੋਗਰਾਮ ਚਲਾਉਣ ਲਈ ਇਹ ਸਾਰੀ ਖੇਡ ਰਚੀ ਸੀ।
ਉਨ੍ਹਾਂ ਆਖਿਆ ਕਿ ਲੋਕਾਂ ਦੇ ਪੈਸੇ ਉੱਤੇ ਰਾਜ ਕਰਨ ਵਾਲੀ ਪਾਰਟੀ ਦੇ ਦਿਨ ਲਦ ਚੁੱਕੇ ਹਨ ਤੇ ਅਸੀਂ ਕੈਪ ਐਂਡ ਟਰੇਡ ਕਾਰਬਨ ਟੈਕਸ ਨੂੰ ਖ਼ਤਮ ਕਰਨ ਦਾ ਜਿਹੜਾ ਵਾਅਦਾ ਕੀਤਾ ਸੀ ਉਸ ਨੂੰ ਪੂਰਾ ਕਰ ਰਹੇ ਹਾਂ। ਉਨ੍ਹਾਂ ਆਖਿਆ ਕਿ ਸਾਡਾ ਮੁੱਖ ਮੰਤਵ ਲੋਕਾਂ ਨੂੰ ਸਸਤੇ ਮੁੱਲ ਉੱਤੇ ਗੈਸ ਮੁਹੱਈਆ ਕਰਵਾਉਣਾ, ਬਿਜਲੀ ਦੇ ਬਿੱਲਾਂ ਨੂੰ ਘਟਾਉਣਾ ਤੇ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਕੇ ਸਾਰਿਆਂ ਦੀ ਮਦਦ ਕਰਨਾ ਹੈ।

Facebook Comment
Project by : XtremeStudioz