Close
Menu
Breaking News:

ਫੱਗਣ ਦੇ ਮੀਂਹ ਨੇ ਕਿਸਾਨ ਕੀਤੇ ਨਿਹਾਲ

-- 13 February,2018

ਚੰਡੀਗੜ੍ਹ, 13 ਫਰਵਰੀ,ਸਰਦ ਰੁੱਤ ਦੀ ਠੰਢ ਤੋਂ ਬਾਅਦ ਫੱਗਣ ਦੀ ਸੰਗਰਾਂਦ ਦੇ ਦਿਨ ਪਿਆ ਮੀਂਹ ਫ਼ਸਲ ਲਈ ਲਾਹੇਵੰਦ ਹੈ। ਦੇਰ ਰਾਤ ਸ਼ੁਰੂ ਹੋਇਆ ਮੀਂਹ ਰੁਕ ਰੁਕ ਕੇ ਵਰ੍ਹਦਾ ਰਿਹਾ। ਪੰਜ ਜ਼ਿਲ੍ਹਿਆਂ ਨੂੰ ਛੱਡ ਕੇ ਪੂਰੇ ਪੰਜਾਬ ਵਿੱਚ ਦਰਮਿਆਨੀ ਤੋਂ ਭਰਵੀਂ ਬਾਰਿਸ਼ ਹੋਈ ਹੈ। ਪੰਜਾਬ ਵਿੱਚ ਔਸਤਨ 8.2 ਮਿਲੀ ਮੀਟਰ ਮੀਂਹ ਰਿਕਾਰਡ ਕੀਤਾ ਗਿਆ ਹੈ ਪਰ ਰੋਪੜ ਅਤੇ ਗੁਰਦਾਸਪੁਰ ਵਿੱਚ ਬਾਰਿਸ਼ ਨੇ ਕਿਸਾਨਾਂ ਨੂੰ ਨਿਹਾਲ ਕਰ ਦਿੱਤਾ ਹੈ। ਮੀਂਹ ਤੋਂ ਬਾਅਦ ਕਈ ਥਾਈਂ ਤੇਜ਼ ਹਵਾਵਾਂ ਚਲੀਆਂ ਪਰ ਕਣਕ ਵਿਛਣ ਤੋਂ ਬਚਾਅ ਰਿਹਾ। ਮੌਸਮ ’ਚ ਕੱਲ ਬਾਅਦ ਦੁਪਹਿਰ ਨਿਖ਼ਾਰ ਆਉਣ ਦੀ ਪੇਸ਼ੀਨਗੋਈ ਕੀਤੀ ਗਈ ਹੈ। ਬਾਰਿਸ਼ ਹੋਣ ਨਾਲ ਤਾਪਮਾਨ ਹੇਠਾਂ ਆ ਗਿਆ ਹੈ। ਅੱਜ ਦਿਨ ਵੇਲੇ ਦਾ ਤਾਪਮਾਨ 18.3 ਡਿਗਰੀ ਸੈਲਸੀਅਰ ਦਰਜ ਕੀਤਾ ਗਿਆ ਹੈ ਜਿਹੜਾ ਆਮ ਨਾਲੋਂ ਪੰਜ ਡਿਗਰੀ ਘੱਟ ਹੈ। ਐਤਵਾਰ ਨੂੰ ਦਿਨ ਵੇਲੇ ਦਾ ਤਾਪਮਾਨ 27 ਡਿਗਰੀ ਰਿਕਾਰਡ ਕੀਤਾ ਗਿਆ ਸੀ। ਮੀਂਹ ਨਾਲ ਦਿਨ ਦਾ ਤਾਪਮਾਨ 9 ਡਿਗਰੀ ਡਿੱਗ ਗਿਆ ਹੈ ਜਿਹੜਾ ਫ਼ਸਲ ਲਈ ਵਰਦਾਨ ਦੱਸਿਆ ਜਾ ਰਿਹਾ ਹੈ। ਇਸ ਨਾਲ ਕਣਕ ਦੇ ਬੂਟੇ ਦਾ ਗੋਭ ਹੋਰ ਜ਼ਿਆਦਾ ਭਰੇਗਾ ਅਤੇ ਇਹ ਝਾੜ ਵਿੱਚ ਵਾਧਾ ਕਰਨ ’ਚ ਸਹਾਈ ਹੁੰਦਾ ਹੈ। ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਦੌਰਾਨ ਹਿਮਾਚਲ ਪ੍ਰਦੇਸ਼ ਦੇ ਛੇ ਜ਼ਿਲ੍ਹਿਆਂ ਵਿੱਚ ਬਰਫ਼ੀਲੇ ਤੁੂਫ਼ਾਨ ਦੀ ਚਿਤਾਵਨੀ ਦਿੱਤੀ ਹੈ। ਖੇਤੀਬਾੜੀ ਵਿਭਾਗ ਦੇ ਅੰਕੜਿਆਂ ਮੁਤਾਬਿਕ ਰੋਪੜ ਵਿੱਚ ਸੱਭ ਤੋਂ ਵਧੇਰੇ 21.05 ਮਿਲੀ ਮੀਟਰ ਬਾਰਿਸ਼ ਹੋਈ ਹੈ ਜਦਕਿ ਗੁਰਦਾਸਪੁਰ ਵਿੱਚ 18.3 ਮਿਲੀ ਮੀਟਰ ਮੀਂਹ ਪਿਆ ਹੈ। ਪਠਾਨਕੋਟ ਵਿੱਚ 15.5, ਮੁਹਾਲੀ ਵਿੱਚ 15.2, ਚੰਡੀਗੜ੍ਹ ਵਿੱਚ 12.6, ਅੰਮ੍ਰਿਤਸਰ ਵਿੱਚ 7.8, ਬਠਿੰਡਾ ਵਿੱਚ 0.7, ਫ਼ਤਹਿਗੜ੍ਹ ਸਾਹਿਬ ਵਿੱਚ 3.0, ਫ਼ਿਰੋਜ਼ਪੁਰ ਵਿੱਚ 2.7, ਹੁਸ਼ਿਆਰਪੁਰ ਵਿੱਚ 5.4, ਜਲੰਧਰ ਵਿੱਚ 6.3, ਕਪੂਰਥਲਾ ਵਿੱਚ 7, ਲੁਧਿਆਣਾ ਵਿੱਚ 3.7, ਮੋਗਾ ਵਿੱਚ 6.8, ਪਟਿਆਲਾ ਵਿੱਚ 12.3, ਸੰਗਰੂਰ ਵਿੱਚ 2.2, ਸ਼ਹੀਦ ਭਗਤ ਸਿੰਘ ਨਗਰ ਵਿੱਚ 5.2 ਅਤੇ ਤਰਨਤਾਰਨ ਵਿੱਚ 11 ਮਿਲੀ ਮੀਟਰ ਬਾਰਿਸ਼ ਪਈ ਹੈ। ਬਰਨਾਲਾ, ਫ਼ਰੀਦਕੋਟ, ਫ਼ਾਜ਼ਿਲਕਾ, ਮਾਨਸਾ ਅਤੇ ਮੁਕਤਸਰ ਵਿੱਚ ਕਿਣ-ਮਿਣ ਹੋ ਕੇ ਹਟ ਗਈ। ਅੰਮ੍ਰਿਤਸਰ ਵਿੱਚ ਗੜ੍ਹੇ ਵੀ ਪਏ ਹਨ। ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਡਾਕਟਰ ਜਸਬੀਰ ਸਿੰਘ ਬੈਂਸ ਨੇ ਕਿਹਾ ਕਿ ਮੀਂਹ ਨਾਲ ਕਿਸਾਨਾਂ ਦੇ ਚਿਹਰੇ ਖਿੜ ਗਏ ਹਨ ਅਤੇ ਹਾੜੀ ਦੀ ਫ਼ਸਲ ਲਈ ਇਹ ਵਰਦਾਨ ਸਿੱਧ ਹੋਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਮੀਂਹ ਦੌਰਾਨ ਚੱਲੀ ਤੇਜ਼ ਹਵਾ ਨਾਲ ਫ਼ਸਲ ਵਿਛਣ ਤੋਂ ਵੀ ਬਚਾਅ ਰਿਹਾ। ਮੌਸਮ ਵਿਭਾਗ ਦੇ ਡਾਇਰੈਕਟਰ ਡਾਕਟਰ ਸੁਰਿੰਦਰਪਾਲ ਨੇ ਕੱਲ 12 ਵਜੇ ਤੋਂ ਬਾਅਦ ਮੌਸਮ ਸਾਫ਼ ਹੋਣ ਦੀ ਪੇਸ਼ੀਨਗੋਈ ਕੀਤੀ ਹੈ।

Facebook Comment
Project by : XtremeStudioz