Close
Menu

ਬਰਗਾੜੀ ਕਾਂਡ: ਪੁਲੀਸ ਨੇ ਡੇਰਾ ਪ੍ਰੇਮੀਆਂ ’ਤੇ ਉਂਗਲ ਧਰੀ

-- 11 June,2018

ਬਠਿੰਡਾ, ਪੰਜਾਬ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ ਦੀ ਤਫ਼ਤੀਸ਼ ’ਚ ਇਹ ਗੱਲ ਅੱਜ ਸਪੱਸ਼ਟ ਹੋ ਗਈ ਕਿ ਡੇਰਾ ਸਿਰਸਾ ਦੀ 11 ਮੈਂਬਰੀ ਟੀਮ ਨੇ ਬਰਗਾੜੀ ਕਾਂਡ ਨੂੰ ਅੰਜਾਮ ਦਿੱਤਾ ਸੀ ਜਿਸ ਦੇ ਮਾਸਟਰਮਾਈਂਡ ਹਰਮਿੰਦਰ ਬਿੱਟੂ ਨੇ ਯੋਜਨਾਬੱਧ ਤਰੀਕੇ ਨਾਲ ਕਾਰੇ ਕਰਵਾਏ। ਸੂਤਰਾਂ ਅਨੁਸਾਰ 11 ਮੈਂਬਰੀ ਟੀਮ ਦੇ ਦੋ ਮੈਂਬਰਾਂ ਨੇ ਫ਼ਰੀਦਕੋਟ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰੂ ਘਰ ’ਚੋਂ ਸਰੂਪ ਚੋਰੀ ਕੀਤੇ ਅਤੇ ਇਹ ਸਰੂਪ ਕੋਟਕਪੂਰਾ ਦੇ ਇੱਕ ਡੇਰਾ ਪ੍ਰੇਮੀ ਦੇ ਘਰ ਪਹੁੰਚਾ ਦਿੱਤੇ। ਪੁਲੀਸ ਨੇ ਅੱਜ ਕੋਟਕਪੂਰਾ ਦੇ ਇਸ ਡੇਰਾ ਪ੍ਰੇਮੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਪ੍ਰੰਤੂ ਹਾਲੇ ਤੱਕ ਸਰੂਪ ਬਰਾਮਦ ਨਹੀਂ ਹੋ ਸਕੇ ਹਨ। ਜਾਂਚ ਟੀਮ ਨੇ ਅੱਜ ਚਾਰ ਹੋਰ ਡੇਰਾ ਪ੍ਰੇਮੀ ਹਿਰਾਸਤ ਵਿੱਚ ਲਏ ਹਨ।    ਵਿਸ਼ੇਸ਼ ਜਾਂਚ ਟੀਮ ਦਾ ਹੁਣ ਇੱਕੋ ਨਿਸ਼ਾਨਾ ਸਰੂਪ ਬਰਾਮਦ ਕਰਨੇ ਹਨ। ਸਰੂਪ ਬਰਾਮਦ ਹੋਣ ਮਗਰੋਂ ਹੀ ਪੁਲੀਸ ਵੱਲੋਂ ਜਨਤਕ ਖ਼ੁਲਾਸਾ ਕੀਤਾ ਜਾਵੇਗਾ। ਕਰੀਬ ਢਾਈ ਵਰ੍ਹੇ ਪਹਿਲਾਂ ਫ਼ਰੀਦਕੋਟ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ’ਚ ਵਾਪਰੀ ਘਟਨਾ ਨੂੰ ਸੁਲਝਾਉਣਾ ਜਾਂਚ ਟੀਮ ਲਈ ਵੱਡੀ ਪ੍ਰੀਖਿਆ ਹੈ। ਸੂਤਰਾਂ ਅਨੁਸਾਰ ਤਫ਼ਤੀਸ਼ ਵਿੱਚ ਸਪੱਸ਼ਟ ਹੋ ਗਿਆ ਕਿ ਡੇਰਾ ਸਿਰਸਾ ਦੀ ਗਿਆਰਾਂ ਮੈਂਬਰੀ ਟੀਮ ਨੇ  ਬਰਗਾੜੀ ਕਾਂਡ ਦਾ ਮੁੱਢ ਬੰਨ੍ਹਿਆ। ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਕੀਤੇ ਗਏ ਅਤੇ ਉਸ ਮਗਰੋਂ ਪੱਤਰੇ ਪਾੜੇ ਗਏ। ਪੁਲੀਸ ਨੇ ਸਰੂਪ ਚੋਰੀ ਕਰਨ ਦੇ ਮਾਮਲੇ ਵਿੱਚ ਕਰੀਬ 11 ਡੇਰਾ ਪ੍ਰੇਮੀਆਂ ਦੀ ਸ਼ਨਾਖ਼ਤ ਕਰ ਲਈ ਹੈ। ਪੁਲੀਸ ਜਾਂਚ ਵਿੱਚ ਹੁਣ ਸੂਈ ਪੂਰੀ ਤਰ੍ਹਾਂ ਡੇਰਾ ਸਿਰਸਾ ’ਤੇ ਟਿਕ ਗਈ ਹੈ। ਜ਼ਿਕਰਯੋਗ ਹੈ ਕਿ 1 ਜੂਨ 2015 ਨੂੰ ਫ਼ਰੀਦਕੋਟ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰੂ ਘਰ ’ਚੋਂ ਸਰੂਪ ਚੋਰੀ ਹੋਏ ਸਨ ਅਤੇ 12 ਅਕਤੂਬਰ ਨੂੰ ਬਰਗਾੜੀ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਪਾੜੇ ਹੋਏ ਮਿਲੇ ਸਨ। ਉਸ ਮਗਰੋਂ ਬਰਗਾੜੀ ਵਿੱਚ ਡੇਰਾ ਸਿਰਸਾ ਦੇ ਨਾਮ ਹੇਠ ਪੋਸਟਰ ਵੀ ਲੱਗੇ ਸਨ। ਸ਼੍ਰੋਮਣੀ ਅਕਾਲੀ ਦਲ ਨੂੰ ਬੇਅਦਬੀ ਘਟਨਾਵਾਂ ਦਾ ਖ਼ਮਿਆਜਾ ਅਸੈਂਬਲੀ ਚੋਣਾਂ ਵਿੱਚ ਭੁਗਤਣਾ ਪਿਆ ਸੀ। ਹੁਣ ਜਦੋਂ ਪਹਿਲੀ ਜੂਨ ਤੋਂ ਬਰਗਾੜੀ ਵਿਖੇ ਪੰਥਕ ਧਿਰਾਂ ਨੇ ਧਰਨਾ ਲਾ ਦਿੱਤਾ ਹੈ ਤਾਂ ਕੈਪਟਨ ਸਰਕਾਰ ’ਤੇ ਦਬਾਅ ਬਣਨ ਲੱਗਾ ਹੈ। ਬਦਨਾਮੀ ਦੇ ਡਰੋਂ ਕੈਪਟਨ ਸਰਕਾਰ ਨੇ ਫੌਰੀ ਪੁਲੀਸ ਨੂੰ ਹਰਕਤ ਵਿੱਚ ਲਿਆਂਦਾ। ਪੁਲੀਸ ਨੇ 7 ਜੂਨ ਨੂੰ ਡੇਰਾ ਸਿਰਸਾ ਦੇ ਕਮੇਟੀ ਮੈਂਬਰ ਮਹਿੰਦਰਪਾਲ ਬਿੱਟੂ ਨੂੰ ਪਾਲਮਪੁਰ ਤੋਂ ਚੁੱਕ ਲਿਆ ਸੀ। ਸੂਤਰਾਂ ਨੇ ਦੱਸਿਆ ਕਿ ਮਹਿੰਦਰਪਾਲ ਬਿੱਟੂ ਨੇ ਆਪਣੇ ਨੇੜਲੇ 10 ਡੇਰਾ ਪ੍ਰੇਮੀਆਂ ਨੂੰ ਬੇਅਦਬੀ ਘਟਨਾਵਾਂ ਲਈ ਦਿਸ਼ਾ ਨਿਰਦੇਸ਼ ਦਿੱਤੇ ਸਨ। ਪੁਲੀਸ ਤਫ਼ਤੀਸ਼ ਅਨੁਸਾਰ ਡੇਰਾ ਆਗੂ ਬਿੱਟੂ ਡੇਰਾ ਪ੍ਰੇਮੀਆਂ ਨੂੰ ਇਕੱਠੇ ਰੱਖਣ ਅਤੇ ਸਮਾਜ ਵਿੱਚ ਤਣਾਅ ਪੈਦਾ ਕਰਨ ਲਈ ਬੇਅਦਬੀ ਕਰਾ ਰਿਹਾ ਸੀ। ਸੂਤਰ ਦੱਸਦੇ ਹਨ ਕਿ ਮਹਿੰਦਰਪਾਲ ਬਿੱਟੂ ਨੇ ਦੋ ਨੌਜਵਾਨ ਡੇਰਾ ਪ੍ਰੇਮੀਆਂ ਨੂੰ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰੂ ਘਰ ’ਚੋਂ ਸਰੂਪ ਚੋਰੀ ਕਰਨ ਦਾ ਟਾਸਕ ਦਿੱਤਾ ਸੀ। ਇਨ੍ਹਾਂ ਦੋਵੇਂ ਨੌਜਵਾਨਾਂ ਨੇ ਸਰੂਪ ਚੋਰੀ ਕਰਨ ਮਗਰੋਂ ਉਨ੍ਹਾਂ ਨੂੰ ਕੋਟਕਪੂਰਾ ਦੇ ਡੇਰਾ ਪ੍ਰੇਮੀ ਦੇ ਘਰ ਰੱਖ ਦਿੱਤਾ।   ਥਾਣਾ ਬਾਜਾਖਾਨਾ ਵਿੱਚ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰੂ ਘਰ ਦੇ ਗ੍ਰੰਥੀ ਗੋਰਾ ਸਿੰਘ ਦੇ ਬਿਆਨਾਂ ’ਤੇ ਸਰੂਪ ਚੋਰੀ ਹੋਣ ਦੇ ਮਾਮਲੇ ’ਚ 2 ਜੂਨ 2015 ਨੂੰ ਐਫਆਈਆਰ ਦਰਜ ਹੋਈ ਸੀ। ਉਸ ਮਗਰੋਂ ਡੇਰਾ ਸਿਰਸਾ ਦੇ ਨਾਮ ਹੇਠ ਪੋਸਟਰ ਲਾਏ ਜਾਣ ਦੀ ਥਾਣਾ ਬਾਜਾਖਾਨਾ ਵਿੱਚ 25 ਸਤੰਬਰ 2015 ਨੂੰ ਐਫਆਈਆਰ ਦਰਜ ਹੋਈ ਸੀ। ਬਰਗਾੜੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ     ਦੇ ਪੱਤਰੇ ਖਿਲਾਰੇ ਜਾਣ ਦੀ 12 ਅਕਤੂਬਰ 2015 ਨੂੰ ਐਫਆਈਆਰ ਦਰਜ ਹੋਈ ਸੀ। ਇਨ੍ਹਾਂ ਤਿੰਨੋਂ ਕੇਸਾਂ ਦੀ ਸੀਬੀਆਈ ਜਾਂਚ ਵੀ ਚੱਲ ਰਹੀ ਹੈ। ਵਿਸ਼ੇਸ਼ ਜਾਂਚ ਟੀਮ ਦੇ ਸੀਨੀਅਰ ਅਫ਼ਸਰ ਅੱਜ ਪੂਰਾ ਦਿਨ ਜ਼ਿਲ੍ਹਾ ਫ਼ਰੀਦਕੋਟ ਵਿੱਚ ਰਹੇ। ਕਿਸੇ ਪੁਲੀਸ ਅਧਿਕਾਰੀ ਨੇ ਇਸ ਮਾਮਲੇ ’ਤੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।

Facebook Comment
Project by : XtremeStudioz