Close
Menu

ਬਰਤਾਨਵੀ ਅਮੀਰਾਂ ਦੀ ਸੂਚੀ ਵਿੱਚ ਭਾਰਤ ਦੇ ਹਿੰਦੂਜਾ ਭਰਾ ਦੂਜੇ ਸਥਾਨ ’ਤੇ

-- 14 May,2018

ਲੰਡਨ, ਬਰਤਾਨੀਆ ਵੱਲੋਂ ਜਾਰੀ ਕੀਤੀ ਗਈ ਅਮੀਰਾਂ ਦੀ ਸਾਲਾਨਾ ਸੂਚੀ ਵਿੱਚ ਭਾਰਤ ਦੇ ਜੰਮਪਲ ਹਿੰਦੂਜਾ ਭਰਾਵਾਂ ਨੂੰ ਦੂਜੀ ਥਾਂ ਦਿੱਤੀ ਗਈ ਹੈ। ‘ਸੰਡੇ ਟਾਈਮਜ਼ ਰਿੱਚ ਲਿਸਟ’ ਵਿੱਚ ਕੈਮੀਕਲਜ਼ ਨਾਲ ਸਬੰਧਤ ਸਨਅਤਕਾਰ ਜਿਮ ਰੈਟਕਲਿਫ਼ ਨੇ ਇਨ੍ਹਾਂ ਨੂੰ ਪਛਾੜ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਲੰਡਨ ਵਿੱਚ ਰਹਿਣ ਵਾਲੇ ਹਿੰਦੂਜਾ ਭਰਾਵਾਂ ਸ੍ਰੀਚੰਦ ਅਤੇ ਗੋਪੀ ਚੰਦ ਨੂੰ ਅੰਦਾਜ਼ਨ 20.64 ਅਰਬ ਪੌਂਡ ਨਾਲ ਰੈਟਕਲਿਫ਼ ਦੇ 21.05 ਅਰਬ ਪੌਂਡ ਦੇ ਮੁਕਾਬਲੇ ਦੂਜੇ ਸਥਾਨ ’ਤੇ ਰੱਖਿਆ ਗਿਆ ਹੈ। ਬਿ੍ਟੇਨ ਦੇ ਇਨ੍ਹਾਂ ਇਕ ਹਜ਼ਾਰ ਅਮੀਰਾਂ ਦੀ ਇਸ ਸਾਲ 2018 ਦੀ ਜਾਰੀ ਸੂਚੀ ਵਿੱਚ 47 ਭਾਰਤੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਸੂਚੀ ਨੂੰ ਸੰਕਲਿਤ ਕਰਨ ਵਾਲੇ ਰੌਬਰਟ ਵਾਟਸ ਦਾ ਕਹਿਣਾ ਹੈ ਕਿ ਬਿ੍ਟੇਨ ਤੇਜ਼ੀ ਨਾਲ ਬਦਲ ਰਿਹਾ ਹੈ। ਛੋਟੇ ਛੋਟੇ ਕੰਮ ਕਰਨ ਵਾਲੇ ਵਪਾਰੀ ਅੱਜ ਵੱਡੇ ਉਦਯੋਗਪਤੀ ਬਣ ਗਏ ਹਨ। ਰੈਟਕਲਿਫ਼ ਬਿ੍ਟੇਨ ਵਿੱਚ ਜੰਮਿਆ ਪਲਿਆ ਸਨਅਤਕਾਰ ਹੈ ਜਿਸ ਨੇ ਮਿਹਨਤ ਕਰਕੇ ਕੈਮੀਕਲ ਕੰਪਨੀ ਦੀ ਸ਼ੁਰੂਆਤ ਕੀਤੀ ਤੇ 2017 ਵਿੱਚ ਇਸ ਕਾਰੋਬਾਰ ’ਚ ਸਿਖਰਲੇ ਸਥਾਨ ’ਤੇ ਪੁੱਜਿਆ। ਜਦੋਂ ਕਿ ਗੋਪੀ (78) ਅਤੇ ਸ੍ਰੀਚੰਦ (82) ਜਨੇਵਾ ਅਤੇ ਮੁੰਬਈ ਦੇ ਪ੍ਰਕਾਸ਼ (72) ਅਤੇ ਅਸ਼ੋਕ (67) ਦੇ ਭਰਾ ਹਨ। ਪਿਛਲੇ ਸਾਲ ਇਹ ਇਸ ਲਿਸਟ ਵਿੱਚ ਸਿਖਰ ’ਤੇ ਸਨ।
ਭਾਰਤੀ ਸਨਅਤਕਾਰ ਭਰਾ ਡੈਵਿਡ ਅਤੇ ਸਾਈਮਨ ਰਿਉਬੇਨ ਤੀਜੇ ਸਥਾਨ ਤੋਂ ਖਿਸਕ ਕੇ ਚੌਥੇ ਸਥਾਨ ’ਤੇ ਪਹੁੰਚ ਗਏ ਹਨ। ਇਸੇ ਤਰ੍ਹਾਂ ਸਟੀਲ ਸਨਅਤ ਦੇ ਧਨਾਢ ਲਕਸ਼ਮੀ ਐਨ ਮਿੱਤਲ 14.66 ਅਰਬ ਪੌਂਡ ਚੌਥੇ ਸਥਾਨ ਤੋਂ ਖਿਸਕ ਕੇ ਪੰਜਵੇਂ ਸਥਾਨ ’ਤੇ ਪਹੁੰਚ ਗਏ ਹਨ। 67 ਸਾਲਾ ਮਿੱਤਲ ਦੁਨੀਆ ਦੀ ਕਾਰ ਇੰਡਸਟਰੀ ਨੂੰ ਇਕ ਚੌਥਾਈ ਹਿੱਸਾ ਸਟੀਲ ਦਾ ਮੁਹੱਈਆ ਕਰਾਉਂਦੇ ਹਨ। ਇਸ ਲਿਸਟ ਵਿੱਚ ਸ਼ਾਮਲ ਹੋਰਨਾਂ ਭਾਰਤੀਆਂ ਵਿੱਚ 25ਵੇਂ ਸਥਾਨ ’ਤੇ ਸ੍ਰੀ ਪ੍ਰਕਾਸ਼ ਲੋਹੀਆ, 59ਵੇਂ ਸਥਾਨ ’ਤੇ ਭਵਗੁਥੂ ਸ਼ੇਟੀ, 60ਵੇਂ ਸਥਾਨ ’ਤੇ ਸਿਮਨ, ਬੌਬੀ, ਅਤੇ ਰੌਬਿਨ ਅਰੋੜਾ, 75ਵੇਂ ਸਥਾਨ ’ਤੇ ਕਿਰਨ ਮਜੂਮਦਾਰ ਸ਼ਾਵ, 90ਵੇਂ ਸਥਾਨ ’ਤੇ ਲਾਰਡ ਸਵਰਾਜ ਪੌਲ, 96ਵੇਂ ਸਥਾਨ ’ਤੇ ਨਵੀਨ ਅਤੇ ਵਰਸ਼ਾ ਇੰਜਨੀਅਰ, 105ਵੇਂ ਸਥਾਨ ’ਤੇ ਟੋਨੀ ਅਤੇ ਹਰਪਾਲ ਮਠਾਰੂ ਅਤੇ 131ਵੇਂ ਸਥਾਨ ’ਤੇ ਜਸਮਿੰਦਰ ਸਿੰਘ ਦਾ ਪਰਿਵਾਰ ਸਮੇਤ ਹੋਰ ਸ਼ਾਮਲ ਹਨ।  

Facebook Comment
Project by : XtremeStudioz