Close
Menu

ਬੀ. ਸੀ. ‘ਚ ਜੰਗਲ ਦੀ ਅੱਗ ਕਾਰਨ 37,000 ਲੋਕ ਹੋਏ ਬੇਘਰ

-- 17 July,2017

ਬ੍ਰਿਟਿਸ਼ ਕੋਲੰਬੀਆ— ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਪਿਛਲੇ 12 ਦਿਨਾਂ ਤੋਂ ਜੰਗਲੀ ਝਾੜੀਆਂ ਨੂੰ ਲੱਗੀ ਅੱਗ ਲੋਕਾਂ ਲਈ ਪਰੇਸ਼ਾਨੀ ਦਾ ਸਬੱਬ ਬਣੀ ਹੋਈ ਹੈ। ਅੱਗ ਕਾਰਨ ਹੁਣ ਤੱਕ 37,000 ਲੋਕਾਂ ਨੂੰ ਆਪਣੇ ਘਰ ਛੱਡਣ ਲਈ ਮਜ਼ਬੂਰ ਹੋਣਾ ਪਿਆ ਹੈ। ਐਤਵਾਰ ਨੂੰ ਤਕਰੀਬਨ 24,000 ਲੋਕਾਂ ਬੀ. ਸੀ. ਦੇ ਸ਼ਹਿਰ ਵਿਲੀਅਮਜ਼ ਲੇਕ ਅਤੇ ਉਸ ਦੇ ਆਲੇ-ਦੁਆਲੇ ਖੇਤਰਾਂ ‘ਚ ਰਹਿੰਦੇ ਲੋਕਾਂ ਨੂੰ ਸੁਰੱਖਿਅਤ ਕੱਢਿਆ ਗਿਆ ਹੈ। ਬੀ. ਸੀ. ਦੇ ਕੈਰੀਬੂ ਖੇਤਰ ਵਿਚ ਫਾਇਰਫਾਈਟਰਜ਼ ਅੱਗ ਬੁਝਾਉਣ ਵਿਚ ਲੱਗੇ ਹੋਏ ਹਨ। ਵਾਈਲਡਫਾਇਰ ਇਨਫੋਰਮੇਸ਼ਨ ਅਧਿਕਾਰੀ ਨਵੀ ਸੈਨੀ ਨੇ ਕਿਹਾ ਕਿ ਸਾਡੇ ਖੇਤਰ ਵਿਚ ਹਵਾਵਾਂ ਬਹੁਤ ਤੇਜ਼ ਚੱਲ ਰਹੀਆਂ ਹਨ, ਜਿਸ ਕਾਰਨ ਇਸ ਨੇ ਅੱਗ ਨੂੰ ਹੋਰ ਵਧਾ ਦਿੱਤਾ ਹੈ। ਲੋਕਾਂ ਨੂੰ ਸਾਵਧਾਨੀ ਵਰਤਣ ਲਈ ਕਿਹਾ ਗਿਆ ਹੈ। 
ਅੱਗ ‘ਤੇ ਕਾਬੂ ਪਾਉਣ ਲਈ ਵੱਡੀ ਗਿਣਤੀ ਵਿਚ ਫਾਇਰਫਾਈਟਰਜ਼ ਲੱਗੇ ਹੋਏ ਹਨ। ਜਹਾਜ਼ਾਂ ਰਾਹੀਂ ਵੀ ਮਦਦ ਲਈ ਜਾ ਰਹੀ ਹੈ। ਇਸ ਕੁਦਰਤੀ ਸੰਕਟ ਨਾਲ ਲੜਨ ਲਈ ਲੋਕਾਂ ਨੂੰ ਧੀਰਜ ਬਣਾ ਕੇ ਰੱਖਣ ਲਈ ਕਿਹਾ ਗਿਆ ਹੈ। ਵੱਡੀ ਗਿਣਤੀ ਵਿਚ ਬੇਘਰ ਹੋਏ ਲੋਕਾਂ ਦੀ ਮਦਦ ਲਈ ਬੀ. ਸੀ. ਵਿਚ 11 ਐਮਰਜੈਂਸੀ ਕੇਂਦਰ ਹਨ, ਜਿਨ੍ਹਾਂ ਵਿਚ ਸਰੀ, ਮੈਰਿਟ ਅਤੇ ਚਿਲਵੈਕ ਸ਼ਾਮਲ ਹਨ, ਜਿਨ੍ਹਾਂ ਵਲੋਂ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ।
ਫੋਰਟ ਮੈਕਮਰੀ ਦੇ ਵਾਸੀਆਂ ਅਤੇ ਸਰਕਾਰ ਵਲੋਂ ਪ੍ਰਭਾਵਿਤ ਹੋਏ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ। ਫੋਰਟ ਮੈਕਮਰੀ ਦੇ ਵਾਸੀ ਇਸ ਮੁਸੀਬਤ ਤੋਂ ਲੰਘ ਚੁੱਕੇ ਹਨ, ਕਿਉਂਕਿ ਬੀਤੇ ਸਾਲ 3 ਮਈ 2016 ਨੂੰ ਫੋਰਟ ਮੈਕਮਰੀ ਦੇ ਜੰਗਲੀ ਇਲਾਕੇ ਵਿਚ ਅੱਗ ਲੱਗ ਗਈ ਸੀ ਅਤੇ ਵੱਡੀ ਗਿਣਤੀ ਵਿਚ ਲੋਕਾਂ ਨੂੰ ਬੇਘਰ ਹੋਣਾ ਪਿਆ ਸੀ, ਇਸ ਲਈ ਉਹ ਬੀ. ਸੀ. ਦੇ ਲੋਕਾਂ ਲਈ ਖਾਣ-ਪੀਣ, ਕੱਪੜਿਆਂ ਆਦਿ ਚੀਜ਼ਾਂ ਦੀ ਮਦਦ ਪਹੁੰਚਾ ਰਹੇ ਹਨ।

Facebook Comment
Project by : XtremeStudioz