Close
Menu

ਬੁਲੰਦਸ਼ਹਿਰ ਹਿੰਸਾ ਕਿਸੇ ਡੂੰਘੀ ਸਾਜ਼ਿਸ਼ ਦਾ ਸਿੱਟਾ: ਡੀਜੀਪੀ

-- 06 December,2018

ਲਖਨਊ/ਬੁਲੰਦਸ਼ਹਿਰ, 6 ਦਸੰਬਰ
ਉੱਤਰ ਪ੍ਰਦੇਸ਼ ਪੁਲੀਸ ਦੇ ਮੁਖੀ ਓ.ਪੀ.ਸਿੰਘ ਨੇ ਅੱਜ ਕਿਹਾ ਕਿ ਉਹ ਪਿਛਲੇ ਦਿਨੀਂ ਬੁਲੰਦਸ਼ਹਿਰ ਵਿਚ ਹੋਈ ਹਿੰਸਾ ਨੂੰ ‘ਸਾਜ਼ਿਸ਼’ ਵਜੋਂ ਵੇਖ ਰਹੇ ਹਨ। ਸਿੰਘ ਨੇ ਕਿਹਾ ਕਿ ਬਾਬਰੀ ਮਸਜਿਦ ਢਾਹੇ ਜਾਣ ਦੀ ਤੀਜੀ ਬਰਸੀ ਤੋਂ ਤਿੰਨ ਦਿਨ ਪਹਿਲਾਂ ਗਊਆਂ ਦੇ ਪਿੰਜਰ ਮਿਲਣੇ ਕਿਸੇ ਸਾਜ਼ਿਸ਼ ਵੱਲ ਇਸ਼ਾਰਾ ਕਰਦੇ ਹਨ ਤੇ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਦੌਰਾਨ ਹਜੂਮੀ ਹਿੰਸਾ ਮਾਮਲੇ ਵਿੱਚ ਮੁੱਖ ਮੁਲਜ਼ਮ ਤੇ ਬਜਰੰਗ ਦਲ ਦੇ ਬੁਲੰਦਸ਼ਹਿਰ ਤੋਂ ਕਨਵੀਨਰ ਯੋਗੇਸ਼ ਰਾਜ ਨੇ ਅੱਜ ਇਕ ਵੀਡੀਓ ਸੁਨੇਹਾ ਜਾਰੀ ਕਰਦਿਆਂ ਖੁ਼ਦ ਨੂੰ ਬੇਕਸੂਰ ਦੱਸਿਆ ਹੈ। ਹਿੰਸਾ ਵਾਲੇ ਦਿਨ ਤੋਂ ਫ਼ਰਾਰ ਯੋਗੇਸ਼ ਨੇ ਦਾਅਵਾ ਕੀਤਾ ਕਿ ਉਹ ਹਿੰਸਾ ਮੌਕੇ ਉਥੇ ਮੌਜੂਦ ਨਹੀਂ ਸੀ। ਬਜਰੰਗ ਦਲ ਨੇ ਯੋਗੇਸ਼ ਨੂੰ ਪੁਲੀਸ ਅੱਗੇ ਆਤਮ ਸਮਰਪਣ ਕਰਨ ਲਈ ਕਿਹਾ ਹੈ। ਦਲ ਨੇ ਕਿਹਾ ਕਿ ਯੋਗੇਸ਼ ਬੇਕਸੂਰ ਹੈ। ਉਧਰ ਚਿੰਗਰਾਵਾਥੀ ਪਿੰਡ, ਜਿੱਥੇ ਹਜੂਮੀ ਹਿੰਸਾ ਵਿੱਚ ਦੋ ਜਣੇ ਮਾਰੇ ਗਏ ਸਨ, ਵਿੱਚ ਹਾਲਾਤ ਅਜੇ ਵੀ ਤਣਾਅਪੂਰਨ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਲੋਕ ਪੁਲੀਸ ਕਾਰਵਾਈ ਦੇ ਡਰੋਂ ਆਪਣੇ ਘਰ ਬਾਹਰ ਛੱਡ ਕੇ ਭੱਜ ਗਏ ਹਨ ਤੇ ਵਿਦਿਆਰਥੀਆਂ ਨੇ ਵੀ ਨੇੜਲੇ ਦੋ ਸਰਕਾਰੀ ਸਕੂਲਾਂ ’ਚ ਆਉਣਾ ਛੱਡ ਦਿੱਤਾ ਹੈ। ਪਿੰਡ ਅਤੇ ਆਲੇ ਦੁਆਲੇ ਲਾਈ ਸੁਰੱਖਿਆ ਵੀ ਹਟਾ ਲਈ ਗਈ ਹੈ।
ਪੁਲੀਸ ਮੁਖੀ ਓ.ਪੀ.ਸਿੰਘ ਨੇ ਕਿਹਾ ਕਿ ਇਹ ਮਹਿਜ਼ ਅਮਨ ਤੇ ਕਾਨੂੰਨ ਨੂੰ ਕੰਟਰੋਲ ਕਰਨ ਵਾਲੇ ਹਾਲਾਤ ਨਹੀਂ ਹਨ। ਯਾਦ ਰਹੇ ਕਿ ਦੋ ਦਿਨ ਪਹਿਲਾਂ ਜੰਗਲ ਵਿੱਚ ਗਊਆਂ ਦੇ ਪਿੰਜਰ ਮਿਲਣ ਮਗਰੋਂ ਹਜੂਮ ਵੱਲੋਂ ਕੀਤੀ ਹਿੰਸਾ ਵਿੱਚ ਇੰਸਪੈਕਟਰ ਸੁਬੋਧ ਕੁਮਾਰ ਸਿੰਘ ਤੇ 20 ਸਾਲਾ ਸੁਮਿਤ ਕੁਮਾਰ ਦੀ ਮੌਤ ਹੋ ਗਈ ਸੀ। ਸਿੰਘ ਨੇ ਕਿਹਾ ਕਿ ਮਹਾਓ ਪਿੰਡ, ਜਿੱਥੋਂ ਗਊਆਂ ਦੇ ਪਿੰਜਰ ਬਰਾਮਦ ਹੋਏ ਸਨ, ਤੋਂ 40 ਕਿਲੋਮੀਟਰ ਦੂਰ ਮੁਸਲਮਾਨਾਂ ਦਾ ਇਕੱਠ (ਤਬਲੀਜੀ ਲਜਤੇਮਾ) ਸੀ। ਪੁਲੀਸ ਦਾ ਮੰਨਣਾ ਹੈ ਕਿ ਪਿੰਜਰ ਸੁੱਟਣਾ ਫਿਰਕੂ ਦੰਗੇ ਭੜਕਾਉਣ ਦਾ ਯਤਨ ਹੋ ਸਕਦਾ ਹੈ। ਇਸ ਖ਼ਬਰ ਏਜੰਸੀ ਨਾਲ ਗੱਲਬਾਤ ਕਰਦਿਆਂ ਸਿੰਘ ਨੇ ਕਿਹਾ, ‘ਅਸੀਂ ਇਸ ਨੂੰ ਅਮਨ ਕਾਨੂੰਨ ਦੀ ਸਥਿਤੀ ਵਜੋਂ ਨਹੀਂ ਵੇਖ ਰਹੇ। ਇਹ ਇਕ ਸਾਜ਼ਿਸ਼ ਸੀ ਤੇ ਅਸੀਂ ਇਸ ਗੱਲ ਦੀ ਜਾਂਚ ਕਰ ਰਹੇ ਹਾਂ ਕਿ ਤਿੰਨ ਦਸੰਬਰ ਨੂੰ ਹੀ ਕਿਉਂ ਗਊਆਂ ਦਾ ਕਤਲ ਕਰਕੇ ਉਨ੍ਹਾਂ ਦੇ ਪਿੰਜਰ ਖੇਤਾਂ ਵਿਚ ਸੁੱਟੇ ਗਏ।’ ਸਿੰਘ ਨੇ ਕਿਹਾ ਕਿ ਇਸ ਸਬੰਧ ਵਿਚ ਦੋ ਐਫਆਈਆਰ ਦਰਜ ਕੀਤੀਆਂ ਗਈਆਂ ਹਨ। ਉਧਰ ਪਿੰਡ ਵਾਸੀਆਂ ਨੇ ਕਥਿਤ ਗਊ ਹੱਤਿਆ ਦੇ ਦੋਸ਼ ਵਿੱਚ ਸੱਤ ਵਿਅਕਤੀਆਂ ਖ਼ਿਲਾਫ਼ ਦਰਜ ਕੀਤੀ ਐਫਆਈਆਰ ਵਿਚ ਚਾਰ ਨਾਂ ਸ਼ਾਮਲ ਕੀਤੇ ਜਾਣ ’ਤੇ ਇਤਰਾਜ਼ ਜਤਾਇਆ ਹੈ। ਇਕ ਪਰਿਵਾਰ ਦਾ ਦੋਸ਼ ਹੈ ਕਿ ਐਫਆਈਆਰ ਵਿਚ 11 ਤੇ 12 ਸਾਲ ਦੇ ਦੋ ਬੱਚਿਆਂ ਦੇ ਨਾਂ ਵੀ ਸ਼ਾਮਲ ਕੀਤੇ ਗਏ ਹਨ।

Facebook Comment
Project by : XtremeStudioz