Close
Menu

ਬੇਅਰਸਟੋਅ ਦਾ ਸ਼ਾਨਦਾਰ ਸੈਂਕੜਾ, ਇੰਗਲੈਂਡ ਨੇ ਲੜੀ ਜਿੱਤੀ

-- 11 March,2018

ਕ੍ਰਾਈਸਟਚਰਚ, ਸਲਾਮੀ ਬੱਲੇਬਾਜ਼ ਜੌਨੀ ਬੇਅਰਸਟੋਅ ਦੇ ਤੂਫ਼ਾਨੀ ਸੈਂਕੜੇ ਦੀ ਮਦਦ ਨਾਲ ਇੰਗਲੈਂਡ ਨੇ ਪੰਜਵੇਂ ਅਤੇ ਆਖ਼ਰੀ ਇੱਕ ਰੋਜ਼ਾ ਕੌਮਾਂਤਰੀ ਮੈਚ ਵਿੱਚ ਅੱਜ ਇੱਥੇ ਨਿਊਜ਼ੀਲੈਂਡ ਨੂੰ ਸੱਤ ਵਿਕਟਾਂ ਨਾਲ ਹਰਾ ਕੇ ਲੜੀ 3-2 ਮੈਚਾਂ ਨਾਲ ਜਿੱਤ ਲਈ। ਇੰਗਲੈਂਡ ਨੇ 224 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਬੇਅਰਸਟੋਅ ਦੀ 60 ਗੇਂਦਾਂ ਵਿੱਚ 104 ਦੌੜਾਂ ਦੀ ਪਾਰੀ ਅਤੇ ਅਲੈਕਸ ਹੇਲਜ਼ (61) ਦੀ ਪਹਿਲੀ ਵਿਕਟ ਲਈ 155 ਦੌੜਾਂ ਦੀ ਸਾਂਝੀਦਾਰੀ ਨਾਲ 32.4 ਓਵਰਾਂ ਵਿੱਚ ਤਿੰਨ ਵਿਕਟਾਂ ’ਤੇ 229 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ।
ਬੇਅਰਸਟੋਅ ਨੇ ਆਪਣੀ ਪਾਰੀ ਵਿੱਚ ਨੌਂ ਚੌਕੇ ਅਤੇ ਛੇ ਛੱਕੇ ਮਾਰੇ ਜਦਕਿ ਹੇਲਜ਼ ਨੇ 74 ਗੇਂਦਾਂ ਵਿੱਚ ਨੌਂ ਚੌਕੇ ਮਾਰੇ। ਬੈਨ ਸਟੌਕਸ (ਨਾਬਾਦ 26) ਨੇ ਈਸ਼ ਸੋਢੀ ਦੀ ਗੇਂਦ ’ਤੇ ਚੌਕਾ ਮਾਰ ਕੇ ਇੰਗਲੈਂਡ ਨੂੰ ਜਿੱਤ ਦਿਵਾਈ। ਜੋਏ ਰੂਟ 23 ਦੌੜਾਂ ਬਣਾ ਕੇ ਨਾਬਾਦ ਰਹੇ। ਇਸ ਤੋਂ ਪਹਿਲਾਂ ਪਿਛਲੇ ਮੈਚ ਵਿੱਚ ਸ਼ਾਨਦਾਰ ਸੈਂਕੜਾ ਮਾਰਨ ਵਾਲਾ ਨਿਊਜ਼ੀਲੈਂਡ ਦਾ ਰੌਸ ਟੇਲਰ ਸੱਟ ਕਾਰਨ ਨਹੀਂ ਖੇਡ ਸਕਿਆ। ਉਸ ਦੀ ਥਾਂ ਮਾਰਕ ਚੈਪਮੈਨ ਨੂੰ ਟੀਮ ਵਿੱਚ ਸ਼ਾਮਲ ਕੀਤਾ ਗਿਆ। ਇੰਗਲੈਂਡ ਦਾ ਜੇਸਨ ਰਾਏ ਵੀ ਸਿਹਤ ਸਮੱਸਿਆ ਕਾਰਨ ਬਾਹਰ ਰਿਹਾ, ਜਿਸ ਦੀ ਥਾਂ ਉਤਰੇ ਹੇਲਜ਼ ਨੇ ਬੇਅਰਸਟੋਅ ਨਾਲ ਮਿਲ ਕੇ ਮਹਿਮਾਨ ਟੀਮ ਲਈ ਜਿੱਤ ਦਾ ਰਾਹ ਪੱਕਾ ਕਰ ਦਿੱਤਾ। ਇਸ ਤੋਂ ਪਹਿਲਾਂ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਨਿਊਜ਼ੀਲੈਂਡ ਦੀ ਸ਼ੁਰੂਆਤ ਖ਼ਰਾਬ ਰਹੀ। ਟੀਮ ਨੇ ਕ੍ਰਿਸ ਵੋਕਸ (32 ਦੌੜਾਂ ’ਤੇ ਤਿੰਨ ਵਿਕਟਾਂ) ਦੀ ਮੈਚ ਦੀ ਤੀਜੀ ਗੇਂਦ ’ਤੇ ਹੀ ਕੋਲਿਨ ਮਨਰੋ (ਸਿਫ਼ਰ) ਦਾ ਵਿਕਟ ਗੁਆ ਲਿਆ। ਮਾਰਕ ਵੁੱਡ (26 ਦੌੜਾਂ ’ਤੇ ਇੱਕ ਵਿਕਟ) ਨੇ ਕਪਤਾਨ ਕੇਨ ਵਿਲੀਅਮਸਨ ਨੂੰ ਆਊਟ ਕੀਤਾ। 

Facebook Comment
Project by : XtremeStudioz