Close
Menu
Breaking News:

ਭਾਗਵਤ ਦੇ ਵਿਵਾਦਤ ਬਿਆਨ ਤੋਂ ਗਰਮਾਈ ਕੌਮੀ ਸਿਆਸਤ

-- 13 February,2018

ਨਵੀਂ ਦਿੱਲੀ, 13 ਫਰਵਰੀ
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਆਰਐਸਐਸ ਮੁਖੀ ਮੋਹਨ ਭਾਗਵਤ ’ਤੇ ਫ਼ੌਜ ਅਤੇ ਮੁਲਕ ਲਈ ਜਾਨਾਂ ਵਾਰਨ ਵਾਲਿਆਂ ਦਾ ਅਪਮਾਨ ਕਰਨ ਦੇ ਦੋਸ਼ ਲਾਏ ਹਨ। ਭਾਗਵਤ ਵੱਲੋਂ ਵਿਵਾਦਤ ਬਿਆਨ ਦਿੱਤਾ ਗਿਆ ਸੀ ਕਿ ਆਰਐਸਐਸ ਫ਼ੌਜ ਨਾਲੋਂ ਕਿਤੇ ਵਧ ਤੇਜ਼ੀ ਨਾਲ ਜਵਾਨ ਤਿਆਰ ਕਰ ਸਕਦੀ ਹੈ। ਆਰਐਸਐਸ ਮੁਖੀ ਕੋਲੋਂ ਮੁਆਫ਼ੀ ਦੀ ਮੰਗ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਉਨ੍ਹਾਂ ਦਾ ਬਿਆਨ ਹਰੇਕ ਭਾਰਤੀ ਦਾ ਅਪਮਾਨ ਹੈ। ਕਾਂਗਰਸ ਪ੍ਰਧਾਨ ਨੇ ਟਵੀਟ ਕਰਕੇ ਕਿਹਾ ਕਿ ਆਰਐਸਐਸ ਮੁਖੀ ਨੇ ਤਿਰੰਗੇ ਦਾ ਵੀ ਅਪਮਾਨ ਕੀਤਾ ਹੈ ਕਿਉਂਕਿ ਹਰੇਕ ਜਵਾਨ ਉਸ ਨੂੰ ਸਲਾਮ ਕਰਦਾ ਹੈ। ਜ਼ਿਕਰਯੋਗ ਹੈ ਕਿ ਬਿਹਾਰ ’ਚ ਕੱਲ ਆਰਐਸਐਸ ਵਰਕਰਾਂ ਦੀ ਬੈਠਕ ਨੂੰ ਸੰਬੋਧਨ ਕਰਦਿਆਂ ਭਾਗਵਤ ਨੇ ਕਿਹਾ ਸੀ,‘‘ਸੰਘ ਆਪਣੇ ਜਵਾਨਾਂ ਦੀ ਫ਼ੌਜ ਤਿੰਨ ਦਿਨਾਂ ਅੰਦਰ ਤਿਆਰ ਕਰ ਸਕਦਾ ਹੈ ਜਦਕਿ ਫ਼ੌਜ ਨੂੰ 6 ਤੋਂ 7 ਮਹੀਨੇ ਤਿਆਰੀ ਕਰਨ ’ਚ ਲੱਗ ਜਾਂਦੇ ਹਨ। ਇਹ ਸਾਡੀ ਸਮਰੱਥਾ ਹੈ। ਜੇਕਰ ਮੁਲਕ ਨੂੰ ਅਜਿਹੇ ਕਿਸੇ ਹਾਲਾਤ ਦਾ ਸਾਹਮਣਾ ਕਰਨਾ ਪਿਆ ਅਤੇ ਸੰਵਿਧਾਨ ਨੇ ਇਜਾਜ਼ਤ ਦਿੱਤੀ ਤਾਂ ਸਵੈਮਸੇਵਕ ਹਰੇਕ ਮੁਹਾਜ਼ ’ਤੇ ਤਾਇਨਾਤੀ ਲਈ ਤਿਆਰ ਰਹਿਣਗੇ।’’
ਜਦੋਂ ਮਸਲਾ ਭੱਖ ਗਿਆ ਤਾਂ ਆਰਐਸਐਸ ਨੇ ਸਫ਼ਾਈ ਦਿੱਤੀ ਕਿ ਮੋਹਨ ਭਾਗਵਤ ਨੇ ਭਾਰਤੀ ਫ਼ੌਜ ਦੀ ਤੁਲਨਾ ਸੰਘ ਦੇ ਵਾਲੰਟੀਅਰਜ਼ ਨਾਲ ਨਹੀਂ ਕੀਤੀ ਸੀ ਅਤੇ ਉਨ੍ਹਾਂ ਦੇ ਬਿਆਨ ਨੂੰ ਗਲਤ ਢੰਗ ਨਾਲ ਲਿਆ ਗਿਆ। ਆਰਐਸਐਸ ਦੇ ਪ੍ਰਚਾਰ ਪ੍ਰਮੁੱਖ ਮਨਮੋਹਨ ਵੈਦਿਆ ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ ਕਿ ਸੰਘ ਵਾਲੰਟੀਅਰਜ਼ ਦੀ ਤੁਲਨਾ ਭਾਰਤੀ ਫ਼ੌਜ ਨਾਲ ਕਿਸੇ ਵੀ ਤਰ੍ਹਾਂ ਨਹੀਂ ਕੀਤੀ ਜਾ ਸਕਦੀ। ਅਗਰਤਲਾ ’ਚ ਭਾਜਪਾ ਦੇ ਜਨਰਲ ਸਕੱਤਰ ਰਾਮ ਮਾਧਵ ਨੇ ਕਿਹਾ ਕਿ ਭਾਗਵਤ ਦਾ ਬਿਆਨ ਜਥੇਬੰਦੀ   ਦੀ ਤਿਆਰੀ ਬਾਰੇ ਕੀਤਾ ਗਿਆ ਹੋ ਸਕਦਾ ਹੈ।
ਆਰਐਸਐਸ ਨਾਲ ਜੁੜੇ ਰਹੇ ਮਾਧਵ ਨੇ ਕਿਹਾ ਕਿ ਜਥੇਬੰਦੀ ਫ਼ੌਜ ਦੀ ਬਹਾਦਰੀ ਅਤੇ ਕੁਰਬਾਨੀ ਦਾ ਸਨਮਾਨ ਕਰਦੀ ਹੈ। ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਕਿ ਉਨ੍ਹਾਂ ਨੂੰ ਸੋਸ਼ਲ ਮੀਡੀਆ ਤੋਂ ਇਸ ਬਾਰੇ ਜਾਣਕਾਰੀ ਮਿਲੀ ਹੈ ਅਤੇ ਉਹ ਸਾਰੇ ਤੱਥਾਂ ਦਾ ਪਤਾ ਕਰਕੇ ਇਸ ਬਾਰੇ ਬਿਆਨ ਦੇਣਗੇ।
ਤ੍ਰਿਣਮੂਲ ਕਾਂਗਰਸ ਨੇ ਸਵਾਲ ਕੀਤਾ ਹੈ ਕਿ ਆਰਐਸਐਸ ਮੁਖੀ ਦਾ ਬਚਾਅ ਇਕ ਮੰਤਰੀ ਵੱਲੋਂ ਕਿਉਂ ਕੀਤਾ ਜਾ ਰਿਹਾ ਹੈ। ਟੀਐਮਸੀ ਆਗੂ ਡੇਰੇਕ ਓ ਬਰਾਇਨ ਨੇ ਕਿਹਾ ਕਿ ਹੁਣ ਜੱਗ ਜ਼ਾਹਿਰ ਹੋ ਗਿਆ ਹੈ ਕਿ ਸਰਕਾਰ ਰਿਮੋਟ ਕੰਟਰੋਲ ਨਾਲ ਚਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਰਿਜਿਜੂ ਮੁਲਕ ਦਾ ਮੰਤਰੀ ਨਹੀਂ ਸਗੋਂ ਸੰਘ ਦਾ ਮੰਤਰੀ ਹੈ। 

Facebook Comment
Project by : XtremeStudioz