Close
Menu

ਭਾਜਪਾ ਦੀ ਕੀਤੀ ਕਮਾਈ ਖੂਹ ਖਾਤੇ ਪਈ: ਸਿਨਹਾ

-- 12 October,2017

ਪਟਨਾ, 12 ਅਕਤੂਬਰ
ਭਾਜਪਾ ਦੇ ਸੀਨੀਅਰ ਆਗੂ ਯਸ਼ਵੰਤ ਸਿਨਹਾ ਨੇ ਪਾਰਟੀ ਪ੍ਰਧਾਨ ਅਮਿਤ ਸ਼ਾਹ ਦੇ ਪੁੱਤਰ ਦਾ ਮਜ਼ਬੂਤੀ ਨਾਲ ਬਚਾਅ ਕਰ ਰਹੀ ਆਪਣੀ ਪਾਰਟੀ ਦੀ ਆਲੋਚਨਾ ਕਰਦਿਆਂ ਕਿਹਾ ਕਿ ਇਸ ਵੱਲੋਂ ਨੈਤਿਕਤਾ ਦੇ ਆਧਾਰ ਉਤੇ ਹੁਣ ਤੱਕ ਦੀ ਕੀਤੀ ਕਮਾਈ ਖੂਹ ਖਾਤੇ ਚਲੀ ਗਈ ਹੈ।
ਮੋਦੀ ਸਰਕਾਰ ਦੀਆਂ ਆਰਥਿਕ ਨੀਤੀਆਂ ਦੀ ਸਖ਼ਤੀ ਨਾਲ ਆਲੋਚਨਾ ਕਰ ਰਹੇ ਸਾਬਕਾ ਵਿੱਤ ਮੰਤਰੀ ਨੇ ਜੈ ਸ਼ਾਹ ਦੇ ਵਪਾਰ ਬਾਰੇ ਖ਼ਬਰ ਦੇਣ ਵਾਲੀ ਵੈੱਬਸਾਈਟ ‘ਦਿ ਵਾਇਰ’ ਖ਼ਿਲਾਫ਼ 100 ਕਰੋੜ ਦਾ ਮਾਣਹਾਨੀ ਕੇਸ ਦਾਇਰ ਕਰਨ ਉਤੇ ਵੀ ਇਤਰਾਜ਼ ਉਠਾਇਆ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਮੀਡੀਆ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਹੈ।
ਅਮਿਤ ਸ਼ਾਹ ਦੇ ਪੁੱਤਰ ਦਾ ਬਚਾਅ ਕਰ ਰਹੇ ਕੇਂਦਰੀ ਮੰਤਰੀ ਪਿਯੂਸ਼ ਗੋਇਲ ਦਾ ਸਪੱਸ਼ਟ ਜ਼ਿਕਰ ਕਰਦਿਆਂ ਯਸ਼ਵੰਤ ਸਿਨਹਾ ਨੇ ਕਿਹਾ, ‘‘ਮੈਂ ਇਹ ਕਹਿਣਾ ਚਾਹਾਂਗਾ ਕਿ ਇਕ ਕੇਂਦਰੀ ਮੰਤਰੀ ਦੇ ਜੈ ਸ਼ਾਹ ਦੇ ਬਚਾਅ ਵਿੱਚ ਆਉਣ ਦੀ ਕੋਈ ਤੁੱਕ ਨਹੀਂ ਬਣਦੀ। ਉਹ ਕੇਂਦਰੀ ਮੰਤਰੀ ਹਨ, ਨਾ ਕਿ ਜੈ ਸ਼ਾਹ ਦੇ ਚਾਰਟਰਡ ਅਕਾਊਂਟੈਂਟ ਹਨ।’’ ਉਨ੍ਹਾਂ ਇਸ ਗੱਲ ਉਤੇ ਵੀ ਇਤਰਾਜ਼ ਉਠਾਇਆ ਕਿ ਅਜਿਹੇ ਕਿਹੜੇ ‘ਜ਼ਿਆਦਾ ਵਿਸ਼ੇਸ਼ ਹਾਲਾਤ’ ਹਨ, ਜਿਨ੍ਹਾਂ ਤਹਿਤ ਵਧੀਕ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੂੰ ‘ਦਿ ਵਾਇਰ’ ਖ਼ਿਲਾਫ਼ ਜੈ ਸ਼ਾਹ ਦਾ ਮਾਣਹਾਨੀ ਮੁਕੱਦਮਾ ਲੜਨ ਦੀ ਇਜਾਜ਼ਤ ਦਿੱਤੀ ਗਈ।
ਸ੍ਰੀ ਸਿਨਹਾ ਨੇ ਕਿਹਾ ਕਿ ‘‘ਨੈਤਿਕਤਾ ਦੇ ਆਧਾਰ ਉਤੇ ਪਾਰਟੀ ਦੀ ਕੀਤੀ ਕਮਾਈ ਸ਼ਾਇਦ ਖੂਹ ਖਾਤੇ ਪੈ ਗਈ ਹੈ।’’ ਹਾਲਾਂਕਿ ਉਨ੍ਹਾਂ ਕਿਹਾ ਕਿ ਉਹ ਇਸ ਖ਼ਬਰ ਦੀ ਪ੍ਰਮਾਣਿਕਤਾ ਉਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ। ਇਸ ਖ਼ਬਰ ਵਿੱਚ ਕਿਹਾ ਗਿਆ ਕਿ 2014 ਵਿੱਚ ਭਾਜਪਾ ਦੇ ਸੱਤਾ ਵਿੱਚ ਆਉਣ ਮਗਰੋਂ ਜੈ ਸ਼ਾਹ ਦੀ ਕੰਪਨੀ ਦਾ ਕਾਰੋਬਾਰ ਕਈ ਗੁਣਾ ਵਧਿਆ। ਉਨ੍ਹਾਂ ਕਿਹਾ ਕਿ ਇਹ ਜਾਂਚ ਦਾ ਵਿਸ਼ਾ ਹੈ ਅਤੇ ਕੋਈ ਸਰਕਾਰੀ ਏਜੰਸੀ ਪੜਤਾਲ ਕਰ ਸਕਦੀ ਹੈ।    

Facebook Comment
Project by : XtremeStudioz