Close
Menu

ਭਾਰਤੀ ਮਹਿਲਾ ਟੀਮ ਨੇ ਇੱਕ ਰੋਜ਼ਾ ਲੜੀ ਜਿੱਤੀ

-- 14 September,2018

ਗਾਲੇ, 13 ਸਤੰਬਰ

ਵਿਕਟਕੀਪਰ ਬੱਲੇਬਾਜ਼ ਤਾਨੀਆ ਭਾਟੀਆ ਅਤੇ ਕਪਤਾਨ ਮਿਤਾਲੀ ਰਾਜ ਦੀ ਨੀਮ ਸੈਂਕੜਾ ਪਾਰੀ ਦੀ ਬਦੌਲਤ ਭਾਰਤੀ ਕ੍ਰਿਕਟ ਟੀਮ ਨੇ ਆਈਸੀਸੀ ਮਹਿਲਾ ਚੈਂਪੀਅਨਸ਼ਿਪ ਦੇ ਅੱਜ ਇੱਥੇ ਖੇਡੇ ਗਏ ਦੂਜੇ ਇੱਕ ਰੋਜ਼ਾ ਕੌਮਾਂਤਰੀ ਕ੍ਰਿਕਟ ਮੈਚ ਵਿੱਚ ਸੱਤ ਦੌੜਾਂ ਨਾਲ ਹਰਾ ਕੇ ਦਿਲਚਸਪ ਜਿੱਤ ਦਰਜ ਕੀਤੀ। ਇਸ ਦੇ ਨਾਲ ਹੀ ਭਾਰਤ ਨੇ ਲੜੀ ਵਿੱਚ ਜੇਤੂ ਲੀਡ ਵੀ ਬਣਾ ਲਈ ਹੈ।
ਆਪਣਾ ਦੂਜਾ ਮੈਚ ਖੇਡ ਰਹੀ 20 ਸਾਲਾ ਤਾਨੀਆ ਨੇ 66 ਗੇਂਦਾਂ ’ਤੇ 68 ਦੌੜਾਂ ਦੀ ਪਾਰੀ ਖੇਡੀ ਅਤੇ ਮਿਤਾਲੀ (121 ਗੇਂਦਾਂ ’ਤੇ 52 ਦੌੜਾਂ) ਨਾਲ ਪੰਜਵੀਂ ਵਿਕਟ ਲਈ 76 ਦੌੜਾਂ ਦੀ ਸਾਂਝੇਦਾਰੀ ਕਰਕੇ ਭਾਰਤ ਨੂੰ ਸ਼ੁਰੂਆਤੀ ਝਟਕਿਆਂ ਤੋਂ ਉਭਾਰਿਆ। ਇਨ੍ਹਾਂ ਦੋਵਾਂ ਤੋਂ ਇਲਾਵਾ ਦਿਆਲਨ ਹੇਮਲਤਾ ਦੀ 31 ਗੇਂਦਾਂ ’ਤੇ 35 ਦੌੜਾਂ ਦੀ ਤੇਜ਼ ਤਰਾਰ ਪਾਰੀ ਤੋਂ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਤੈਅ 50 ਓਵਰਾਂ ਵਿੱਚ 219 ਦੌੜਾਂ ਬਣਾਉਣ ਵਿੱਚ ਸਫਲ ਰਹੀ। ਸ੍ਰੀਲੰਕਾ ਦੀ ਟੀਮ ਇਸ ਦੇ ਜਵਾਬ ਵਿੱਚ 48.1 ਓਵਰ ਵਿੱਚ 212 ਦੌੜਾਂ ’ਤੇ ਆਊਟ ਹੋ ਗਈ।
ਉਸ ਵੱਲੋਂ ਕਪਤਾਨ ਚਮਾਰੀ ਅੱਟਾਪੱਟੂ ਨੇ 57, ਸ਼ਸ਼ੀਕਲਾ ਸ੍ਰੀਵਰਧਨੇ ਨੇ 49 ਅਤੇ ਨੀਲਾਕਸ਼ੀ ਡਿਸਿਲਵਾ ਨੇ 31 ਦੌੜਾਂ ਦਾ ਯੋਗਦਾਨ ਪਾਇਆ। ਭਾਰਤ ਲਈ ਮਾਨਸੀ ਸ਼ਰਮਾ ਨੇ 51 ਦੌੜਾਂ ਦੇ ਕੇ ਤਿੰਨ ਅਤੇ ਰਾਜੇਸ਼ਵਰੀ ਗਾਇਕਵਾੜ ਨੇ 37 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਸ੍ਰੀਲੰਕਾ ਨੂੰ ਆਖ਼ਰੀ ਚਾਰ ਓਵਰਾਂ ਵਿੱਚ 17 ਦੌੜਾਂ ਦੀ ਲੋੜ ਸੀ ਅਤੇ ਉਸ ਦੀਆਂ ਤਿੰਨ ਵਿਕਟਾਂ ਬਚੀਆਂ ਸਨ, ਪਰ ਭਾਰਤ ਨੇ ਤਿੰਨ ਓਵਰਾਂ ਵਿੱਚ ਤਿੰਨ ਵਿਕਟਾਂ ਲੈ ਕੇ ਤਿੰਨ ਮੈਚਾਂ ਦੀ ਲੜੀ ਵਿੱਚ 2-0 ਨਾਲ ਕਬਜ਼ਾ ਕਰ ਲਿਆ ਹੈ। ਤਾਨੀਆ ਨੇ ਇਨ੍ਹਾਂ ਵਿੱਚੋਂ ਦੋ ਵਿਕਟਾਂ ਲੈਣ ਵਿੱਚ ਅਹਿਮ ਭੂਮਿਕਾ ਨਿਭਾਈ।
ਇਸ ਤੋਂ ਪਹਿਲਾਂ ਭਾਰਤ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਉਸ ਨੇ ਪੂਨਮ ਰਾਵਤ (ਚਾਰ), ਸਮ੍ਰਿਤੀ ਮੰਧਾਨਾ (14), ਹਰਮਨਪ੍ਰੀਤ ਕੌਰ (ਸੱਤ) ਅਤੇ ਦੀਪਤੀ ਸ਼ਰਮਾ (12) ਦੀਆਂ ਵਿਕਟਾਂ ਛੇਤੀ ਗੁਆ ਲਈਆਂ। ਇਸ ਨਾਲ ਟੀਮ ਦਾ ਸਕੋਰ ਚਾਰ ਵਿਕਟਾਂ ਪਿੱਛੇ 66 ਦੌੜਾਂ ਹੋ ਗਿਆ। ਮਿਤਾਲੀ ਅਤੇ ਤਾਨੀਆ ਨੇ ਇੱਥੋਂ ਜ਼ਿੰਮੇਵਾਰੀ ਸੰਭਾਲੀ। ਤਾਨੀਆ ਨੇ ਆਪਣੀ ਪਾਰੀ ਦੌਰਾਨ ਨੌਂ ਚੌਕੇ ਮਾਰੇ, ਜਦਕਿ ਮਿਤਾਲੀ ਦੀ ਪਾਰੀ ਵਿੱਚ ਚਾਰ ਚੌਕੇ ਸ਼ਾਮਲ ਹਨ। ਤੀਜਾ ਅਤੇ ਆਖ਼ਰੀ ਇੱਕ ਰੋਜ਼ਾ 16 ਸਤੰਬਰ ਨੂੰ ਕਾਤੁਨਾਯਕੇ ਵਿੱਚ ਖੇਡਿਆ ਜਾਵੇਗਾ।

Facebook Comment
Project by : XtremeStudioz