Close
Menu
Breaking News:

ਭਾਰਤ ਤੇ ਫਰਾਂਸ ’ਚ ਹੋਏ 14 ਸਮਝੌਤੇ

-- 11 March,2018

ਰੱਖਿਆ ਤੇ ਪਰਮਾਣੂ ਊਰਜਾ ਨੂੰ ਦਿੱਤਾ ਜਾਵੇਗਾ ਵੱਡਾ ਹੁਲਾਰਾ; 
ਦੋਵਾਂ ਦੇਸ਼ਾਂ ਵੱਲੋਂ ਦਹਿਸ਼ਤਗਰਦੀ ਦੀਆਂ ਘਟਨਾਵਾਂ ਦੀ ਸਖ਼ਤ ਨਿਖੇਧੀ

ਅਹਿਮ ਸਮਝੌਤੇ

* ਹਿੰਦ ਮਹਾਸਾਗਰ ਅਤੇ ਪ੍ਰਸ਼ਾਂਤ ਖੇਤਰ ’ਚ ਬਦਲਦੇ ਸੁਰੱਖਿਆ ਸਮੀਕਰਨਾਂ ਨੂੰ ਲੈ ਕੇ ਹੋਇਆ ਵਿਚਾਰ ਵਟਾਂਦਰਾ
* ਅਹਿਮ ਸੂਚਨਾਵਾਂ ਦੀ ਸੁਰੱਖਿਆ ਬਾਰੇ ਵੀ ਹੋਇਆ ਸਮਝੌਤਾ
* ਦੋਵੇਂ ਮੁਲਕਾਂ ਦੀਆਂ ਸੈਨਾਵਾਂ ’ਚ ਯੋਜਨਾਬੰਦੀ ਦੀ ਹਮਾਇਤ ਸਬੰਧੀ ਸਮਝੌਤਾ ਰੱਖਿਆ ਸਬੰਧਾਂ ’ਚ ਸੁਨਹਿਰਾ ਕਦਮ: ਮੋਦੀ
* ਦੋ ਸਾਲਾਂ ’ਚ ਇਕ ਵਾਰ ਮਿਲਣਗੇ ਭਾਰਤ ਅਤੇ ਫਰਾਂਸ ਦੇ ਆਗੂ

ਨਵੀਂ ਦਿੱਲੀ, ਭਾਰਤ ਅਤੇ ਫਰਾਂਸ ਨੇ ਆਪਸੀ ਰਣਨੀਤਕ ਸਬੰਧਾਂ ਦਾ ਵਿਸਥਾਰ ਕਰਦਿਆਂ ਅੱਜ ਰੱਖਿਆ, ਸੁਰੱਖਿਆ, ਪਰਮਾਣੂ ਊਰਜਾ ਅਤੇ ਗੁਪਤ ਜਾਣਕਾਰੀ ਦੇ ਬਚਾਅ ਸਮੇਤ ਅਹਿਮ ਖੇਤਰਾਂ ’ਚ 14 ਸਮਝੌਤਿਆਂ ’ਤੇ ਦਸਤਖ਼ਤ ਕੀਤੇ। ਦੋਵੇਂ ਮੁਲਕਾਂ ਨੇ ਹਿੰਦ-ਪ੍ਰਸ਼ਾਂਤ ਖ਼ਿੱਤੇ ’ਚ ਸਹਿਯੋਗ ਨੂੰ ਹੋਰ ਗੂੜ੍ਹਾ ਕਰਨ ਅਤੇ ਅਤਿਵਾਦ ਰੋਕਣ ਦੀਆਂ ਸਾਂਝੀਆਂ ਕੋਸ਼ਿਸਾਂ ਨੂੰ ਅੱਗੇ ਵਧਾਉਣ ਦੀ ਵਚਨਬੱਧਤਾ ਵੀ ਜਤਾਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੂਏਲ ਮੈਕਰੌਂ ਵਿਚਕਾਰ ਵਿਸਥਾਰਤ ਗੱਲਬਾਤ ਮਗਰੋਂ ਇਨ੍ਹਾਂ ਸਮਝੌਤਿਆਂ ’ਤੇ ਦਸਤਖ਼ਤ ਕੀਤੇ ਗਏ। ਦੋਵੇਂ ਆਗੂਆਂ ਨੇ ਸਰਹੱਦ ਪਾਰੋਂ ਅਤਿਵਾਦ ਸਮੇਤ ਫਰਾਂਸ ਅਤੇ ਭਾਰਤ ’ਚ ਦਹਿਸ਼ਤਗਰਦੀ ਸਬੰਧੀ ਘਟਨਾਵਾਂ ਦੀ ਵੀ ਸਖ਼ਤ ਨਿਖੇਧੀ ਕੀਤੀ।
ਭਾਰਤ ਅਤੇ ਫਰਾਂਸ ਦੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਵਚਨਬੱਧਤਾ ਦੁਹਰਾਉਂਦਿਆਂ ਉਨ੍ਹਾਂ ਫ਼ੈਸਲਾ ਕੀਤਾ ਕਿ ਭਾਰਤ ਦੇ ਪ੍ਰਧਾਨ ਮੰੰਤਰੀ ਅਤੇ ਫਰਾਂਸ ਦੇ ਰਾਸ਼ਟਰਪਤੀ ਦਰਮਿਆਨ ਦੋ ਸਾਲਾਂ ’ਚ ਇਕ ਵਾਰ ਬੈਠਕ ਕੀਤੀ ਜਾਵੇਗੀ।
ਇਸ ਦੌਰਾਨ ਹਿੰਦ ਮਹਾਸਾਗਰ ਅਤੇ ਪ੍ਰਸ਼ਾਂਤ ਖੇਤਰ ’ਚ ਬਦਲਦੇ ਸੁਰੱਖਿਆ ਸਮੀਕਰਨਾਂ ਨੂੰ ਲੈ ਕੇ ਵੀ ਵਿਚਾਰ ਵਟਾਂਦਰਾ ਹੋਇਆ। ਸ੍ਰੀ ਮੈਕਰੌਂ ਨੇ ਕਿਹਾ ਕਿ ਸਮੁੰਦਰੀ ਲਾਂਘੇ ਤਾਕਤ ਦਿਖਾਉਣ ਵਾਲੀਆਂ ਥਾਵਾਂ ਨਹੀਂ ਬਣ ਸਕਦੇ ਜਿਸ ਦਾ ਸਿੱਧਾ ਸੁਨੇਹਾ ਚੀਨ ਨੂੰ ਦਿੱਤਾ ਗਿਆ ਹੈ। ਸਮਝੌਤਿਆਂ ’ਚ ਦੋਵੇਂ ਮੁਲਕਾਂ ਦੀਆਂ ਫ਼ੌਜਾਂ ਵਿਚਕਾਰ ਇਕ-ਦੂਜੇ ਨੂੰ ਫ਼ੌਜੀ ਯੋਜਨਾਬੰਦੀ ’ਚ ਸਹਿਯੋਗ ਦੇਣ ਅਤੇ ਗੁਪਤ ਜਾਂ ਹੋਰ ਅਹਿਮ ਸੂਚਨਾਵਾਂ ਦੀ ਸੁਰੱਖਿਆ ਵੀ ਸ਼ਾਮਿਲ ਹੈ। ਇਹ ਸਮਝੌਤੇ ਉਸ ਸਮੇਂ ਹੋਏ ਹਨ ਜਦੋਂ ਫਰਾਂਸ ਨਾਲ ਕਰੋੜਾਂ ਡਾਲਰ ਦੇ ਰਾਫ਼ੇਲ ਜੈੱਟ ਸੌਦੇ ਸਬੰਧੀ ਜਾਣਕਾਰੀ ਦੇਣ ਤੋਂ ਸਰਕਾਰ ਨੇ ਇਨਕਾਰ ਕਰ ਦਿੱਤਾ ਹੈ।
ਮੈਕਰੌਂ ਨਾਲ ਸਾਂਝੇ ਮੀਡੀਆ ਪ੍ਰੋਗਰਾਮ ’ਚ ਸ੍ਰੀ ਮੋਦੀ ਨੇ ਕਿਹਾ,‘‘ਸਾਡਾ ਰੱਖਿਆ ਸਹਿਯੋਗ ਬਹੁਤ ਮਜ਼ਬੂਤ ਹੈ ਅਤੇ ਫਰਾਂਸ ਨੂੰ ਅਸੀਂ ਸਭ ਤੋਂ ਵਧ ਭਰੋਸੇਮੰਦ ਰੱਖਿਆ ਭਾਈਵਾਲਾਂ ’ਚੋਂ ਇਕ ਮੰਨਦੇ ਹਾਂ। ਦੋਵੇਂ ਮੁਲਕਾਂ ਦੀਆਂ ਸੈਨਾਵਾਂ ’ਚ ਯੋਜਨਾਬੰਦੀ ਦੀ ਹਮਾਇਤ ਸਬੰਧੀ ਸਮਝੌਤਾ ਰੱਖਿਆ ਸਬੰਧਾਂ ’ਚ ਸੁਨਹਿਰਾ ਕਦਮ ਹੈ।’’ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੋਵੇਂ ਦੇਸ਼ ਨੇਵੀਗੇਸ਼ਨ ਅਤੇ ਜਹਾਜ਼ਾਂ ਦੀ ਉਡਾਣ ’ਚ ਆਜ਼ਾਦੀ ਯਕੀਨੀ ਬਣਾਉਣ ਲਈ ਸਹਿਯੋਗ ਨੂੰ ਮਜ਼ਬੂਤ ਕਰਨ ’ਤੇ ਸਹਿਮਤ ਹੋਏ ਹਨ ਕਿਉਂਕਿ ਹਿੰਦ ਮਹਾਸਾਗਰ ਖੇਤਰੀ ਸ਼ਾਂਤੀ ’ਚ ਅਹਿਮ ਭੂਮਿਕਾ ਨਿਭਾਏਗਾ। ਮੈਕਰੌਂ ਨੇ ਭਾਰਤੀ ਜਲ ਸੈਨਾ ਲਈ ਸਕੌਰਪੀਨ ਪਣਡੁੱਬੀ ਪ੍ਰਾਜੈਕਟ ਅਤੇ ਹਵਾਈ ਫ਼ੌਜ ਲਈ ਲੜਾਕੂ ਜੈੱਟ ਸੌਦੇ ਬਾਰੇ ਗੱਲ ਕਰਦਿਆਂ ਕਿਹਾ ਕਿ ਦੋਵੇਂ ਮੁਲਕਾਂ ਦਰਮਿਆਨ ਰੱਖਿਆ ਸਹਿਯੋਗ ਦੀ ਨਵੀਂ ਅਹਿਮੀਅਤ ਹੈ। ਉਨ੍ਹਾਂ ਕਿਹਾ,‘‘ਭਾਰਤ ਨੇ ਰਾਫ਼ੇਲ ਜੈੱਟ ਬਾਰੇ ਖੁਦਮੁਖਤਿਆਰ ਫ਼ੈਸਲਾ ਲਿਆ ਸੀ ਅਤੇ ਅਸੀਂ ਇਸ ਖੇਤਰ ’ਚ ਪ੍ਰਗਤੀ ਦੀ ਨਿਗਰਾਨੀ ਕਰ ਰਹੇ ਹਾਂ। ਅਸੀਂ ਇਹ ਪ੍ਰੋਗਰਾਮ ਜਾਰੀ ਰੱਖਣਾ ਚਾਹੁੰਦੇ ਹਾਂ। ਇਹ ਲੰਬੇ ਸਮੇਂ ਦਾ ਠੇਕਾ ਹੈ ਜੋ ਦੋਵੇਂ ਧਿਰਾਂ ਲਈ ਲਾਭਕਾਰੀ ਹੈ। ਮੈਂ ਖੁਦ ਇਸ ਨੂੰ ਰਣਨੀਤਕ ਸਹਿਯੋਗ ਵਜੋਂ ਦੇਖਦਾ ਹਾਂ।’’ ਜ਼ਿਕਰਯੋਗ ਹੈ ਕਿ ਭਾਰਤ ਨੇ 2016 ’ਚ ਫਰਾਂਸ ਨਾਲ ਕਰੀਬ 58 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ 36 ਰਾਫ਼ੇਲ ਲੜਾਕੂ ਜੈੱਟ ਖ਼ਰੀਦਣ ਲਈ ਸੌਦਾ ਕੀਤਾ ਸੀ। ਕਾਂਗਰਸ ਸੌਦੇ ਨਾਲ ਜੁੜੀ ਜਾਣਕਾਰੀ ਦੇਣ ਦੀ ਮੰਗ ਕਰਦੀ ਆ ਰਹੀ ਹੈ ਅਤੇ ਉਸ ਦਾ ਦੋਸ਼ ਹੈ ਕਿ ਕਾਂਗਰਸ ਦੀ ਸੱਤਾ ਵੇਲੇ ਇਸ ਸੌਦੇ ਨੂੰ ਲੈ ਕੇ ਜਿਹੜੀ ਗੱਲਬਾਤ ਹੋਈ ਸੀ, ਉਹ ਮੋਦੀ ਸਰਕਾਰ ਸਮੇਂ ਹੋਏ ਸੌਦੇ ਦੇ ਮੁਕਾਬਲੇ ਕਾਫ਼ੀ ਸਸਤਾ ਸੀ। ਫਰਾਂਸੀਸੀ ਰਾਸ਼ਟਰਪਤੀ ਨੇ ਸਮੁੰਦਰੀ ਰੱਖਿਆ ਬਾਰੇ ਕਿਹਾ ਕਿ ਹਿੰਦ ਮਹਾਸਾਗਰ ਅਤੇ ਪ੍ਰਸ਼ਾਂਤ ਖੇਤਰ ’ਚ ਸ਼ਾਂਤੀ ਤੇ ਸਥਿਰਤਾ ਲਈ ਦੋਵੇਂ ਮੁਲਕਾਂ ਵਿਚਕਾਰ ਸਹਿਯੋਗ ਦਾ ਪੱਧਰ ਬੇਮਿਸਾਲੀ ਹੋਵੇਗਾ। ਸ੍ਰੀ ਮੋਦੀ ਨੇ ਆਪਣੇ ਬਿਆਨ ’ਚ ਕਿਹਾ ਕਿ ਦੋਵੇਂ ਮੁਲਕਾਂ ਦਰਮਿਆਨ ਰਣਨੀਤਕ ਭਾਈਵਾਲੀ ਸਿਰਫ਼ 20 ਸਾਲ ਪੁਰਾਣੀ ਹੋ ਸਕਦੀ ਹੈ ਪਰ ਦੋਵੇਂ ਮੁਲਕਾਂ ਦੀ ਸੱਭਿਆਚਾਰਕ ਅਤੇ ਰੂਹਾਨੀ ਭਾਈਵਾਲੀ ਇਸ ਨਾਲੋਂ ਕਿਤੇ ਜ਼ਿਆਦਾ ਪੁਰਾਣੀ ਹੈ। ਮੈਕਰੌਂ ਨੇ ਕਿਹਾ ਕਿ ਦੋਵੇਂ ਮੁਲਕਾਂ ਦੇ ਰਣਨੀਤਕ ਸਹਿਯੋਗ ’ਚ ਅਤਿਵਾਦ ਅਤੇ ਕੱਟੜਤਾ ਅਹਿਮ ਵਿਸ਼ਾ ਹੈ। ਦੋਵੇਂ ਆਗੂਆਂ ਵਿਚਕਾਰ ਇਸਲਾਮਿਕ ਅਤਿਵਾਦ ਨੂੰ ਲੈ ਕੇ ਵੀ ਗੱਲਬਾਤ ਹੋਈ। ਭਾਰਤ ਅਤੇ ਫਰਾਂਸ ਨੇ ਜੈਤਪੁਰ ਪਰਮਾਣੂ ਊਰਜਾ ਪ੍ਰਾਜੈਕਟ ਨੂੰ ਅੱਗੇ ਵਧਾਉਣ ਬਾਰੇ ਵੀ ਸਮਝੌਤਾ ਕੀਤਾ ਹੈ। ਇਸ ਤੋਂ ਇਲਾਵਾ ਰੇਲਵੇ, ਵਾਤਾਵਰਨ, ਸੂਰਜੀ ਊਰਜਾ, ਸਮੁੰਦਰੀ ਸੁਰੱਖਿਆ ਜਾਗਰੂਕਤਾ ਅਤੇ ਨਸ਼ੀਲੀਆਂ ਦਵਾਈਆਂ ਦੀ ਤਸਕਰੀ ਦੀ ਜਾਂਚ ਸਮੇਤ ਹੋਰ ਖੇਤਰਾਂ ’ਚ ਸਹਿਯੋਗ ਲਈ ਵੀ ਸਮਝੌਤਿਆਂ ’ਤੇ ਦਸਤਖ਼ਤ ਕੀਤੇ ਗਏ ਹਨ।

Facebook Comment
Project by : XtremeStudioz