Close
Menu

ਭਾਰਤ ਦੇ ਉਦੈਵੀਰ ਸਿੰਘ ਨੇ ਫੁੰਡੇ ਦੋ ਸੋਨ ਤਗ਼ਮੇ

-- 14 September,2018

ਚਾਂਗਵੋਨ (ਕੋਰੀਆ), 14 ਸਤੰਬਰ

ਉਦੈਵੀਰ ਸਿੰਘ ਸਿੱਧੂ ਨੇ ਜੂਨੀਅਰ ਪੁਰਸ਼ 25 ਮੀਟਰ ਪਿਸਟਲ ਮੁਕਾਬਲੇ ਵਿੱਚ ਵਿਅਕਤੀਗਤ ਅਤੇ ਟੀਮ ਵਜੋਂ ਆਈਐਸਐਸਐਫ ਵਿਸ਼ਵ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਵਿੱਚ ਭਾਰਤ ਦੀ ਝੋਲੀ ਵਿੱਚ ਖੇਡਾਂ ਦੇ ਖ਼ਤਮ ਹੋਣ ਤੋਂ ਇੱਕ ਦਿਨ ਪਹਿਲਾਂ ਅੱਜ ਦੋ ਹੋਰ ਸੋਨ ਤਗ਼ਮੇ ਪਾ ਦਿੱਤੇ ਹਨ।
52ਵੀਂ ਆਈਐਸਐਸਐਫ ਵਿਸ਼ਵ ਚੈਂਪੀਅਨਸ਼ਿਪ ਵਿੱਚ ਭਾਰਤ ਨੇ ਹੁਣ ਤੱਕ ਨੌਂ ਸੋਨੇ, ਅੱਠ ਚਾਂਦੀ ਅਤੇ ਸੱਤ ਕਾਂਸਿਆਂ ਸਣੇ ਕੁੱਲ 24 ਤਗ਼ਮੇ ਜਿੱਤੇ ਹਨ, ਜੋ ਉਸ ਦਾ ਵਿਸ਼ਵ ਨਿਸ਼ਾਨੇਬਾਜ਼ੀ ਟੂਰਨਾਮੈਂਟ ਵਿੱਚ ਸਰਵੋਤਮ ਪ੍ਰਦਰਸ਼ਨ ਵੀ ਹੈ। ਭਾਰਤ ਟੋਕੀਓ ਓਲੰਪਿਕ 2020 ਦੇ ਇਸ ਪਹਿਲੇ ਕੁਆਲੀਫਾਈਂਗ ਮੁਕਾਬਲੇ ਰਾਹੀ ਦੋ ਕੋਟਾ ਸਥਾਨ ਹਾਸਲ ਕਰਨ ਵਿੱਚ ਸਫਲ ਰਿਹਾ ਹੈ। ਉਦੈਵੀਰ ਨੇ ਰੈਪਿਡ ਫਾਇਰ ਗੇੜ ਵਿੱਚ 296 ਦਾ ਸਕੋਰ ਕੀਤਾ ਅਤੇ ਕੁੱਲ 587 ਦੇ ਸਕੋਰ ਨਾਲ ਸੋਨ ਤਗ਼ਮਾ ਆਪਣੇ ਨਾਮ ਕੀਤਾ। ਭਾਰਤੀ ਨਿਸ਼ਾਨੇਬਾਜ਼ ਨੇ ਪ੍ਰੀਸੀਜ਼ਨ ਗੇੜ ਵਿੱਚ 291 ਦਾ ਸਕੋਰ ਬਣਾਇਆ। ਉਸ ਦੇ ਟੀਮ ਸਾਥੀ ਵਿਜੈਵੀਰ ਸਿੱਧੂ 581 ਦੇ ਸਕੋਰ ਨਾਲ ਚੌਥੇ ,ਜਦਕਿ ਰਾਜਕੰਵਰ ਸਿੰਘ ਸੰਧੂ 568 ਦੇ ਸਕੋਰ ਨਾਲ 20ਵੇਂ ਸਥਾਨ ’ਤੇ ਰਹੇ। ਟੀਮ ਮੁਕਾਬਲੇ ਵਿੱਚ ਭਾਰਤੀ ਨਿਸ਼ਾਨੇਬਾਜ਼ਾਂ ਦੀ ਤਿੱਕੜੀ ਨੇ ਕੁੱਲ 1736 ਦੇ ਸਕੋਰ ਨਾਲ ਸੋਨ ਤਗ਼ਮਾ ਜਿੱਤਿਆ। ਭਾਰਤੀ ਟੀਮ ਚੀਨੀ ਟੀਮ ਤੋਂ ਛੇ ਅੰਕ ਅੱਗੇ ਰਹੀ, ਜਿਸ ਨੂੰ ਚਾਂਦੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। ਕੋਰੀਆ ਨੇ ਕਾਂਸੀ ਦਾ ਤਗ਼ਮਾ ਹਾਸਲ ਕੀਤਾ। ਹੋਰ ਮੁਕਾਬਲਿਆਂ ਦੌਰਾਨ 25 ਮੀਟਰ ਸੈਂਟਰ ਫਾਇਰ ਪਿਸਟਲ ਪੁਰਸ਼ ਵਰਗ ਵਿੱਚ ਭਾਰਤ ਦੇ ਗੁਰਪ੍ਰੀਤ ਸਿੰਘ 581 ਦੇ ਸਕੋਰ ਨਾਲ ਦਸਵੇਂ, ਵਿਜੈ ਕੁਮਾਰ 576 ਦੇ ਸਕੋਰ ਨਾਲ 24ਵੇਂ, ਅਨੀਸ਼ ਭਨਵਾਲਾ 576 ਦੇ ਸਕੋਰ ਨਾਲ 25ਵੇਂ ਸਥਾਨ ’ਤੇ ਰਹੇ। ਇਸ ਮੁਕਾਬਲੇ ਵਿੱਚ ਭਾਰਤੀ ਟੀਮ ਕੁੱਲ 1733 ਅੰਕਾਂ ਨਾਲ ਚੌਥੇ ਸਥਾਨ ’ਤੇ ਰਹਿ ਕੇ ਤਗ਼ਮੇ ਤੋਂ ਖੁੰਝ ਗਈ।
ਸੀਨੀਅਰ ਮੁਕਾਬਲਿਆਂ ਵਿੱਚ ਸ਼ੀਰਾਜ ਸ਼ੇਖ ਪੁਰਸ਼ ਸਕੀਟ ਕੁਆਲੀਫੀਕੇਸ਼ਨ ਦੇ ਪਹਿਲੇ ਦਿਨ ਮਗਰੋਂ 49 ਅੰਕ ਨਾਲ ਅੱਠਵੇਂ ਸਥਾਨ ’ਤੇ ਰਿਹਾ। ਅੰਗਦਵੀਰ ਸਿੰਘ 47 ਦੇ ਸਕੋਰ ਨਾਲ 69ਵੇਂ, ਜਦਕਿ ਮਿਰਾਜ ਅਹਿਮਦ 41 ਦੇ ਸਕੋਰ ਨਾਲ 79ਵੇਂ ਸਥਾਨ ’ਤੇ ਹੈ। ਭਾਰਤੀ ਟੀਮ 137 ਅੰਕ ਨਾਲ 16ਵੇਂ ਸਥਾਨ ’ਤੇ ਚੱਲ ਰਹੀ ਹੈ। ਭਾਰਤ ਨੂੰ 25 ਮੀਟਰ ਸੈਂਟਰ ਫਾਇਰ ਪਿਸਟਲ ਵਿੱਚ ਕੋਈ ਤਗ਼ਮਾ ਨਹੀਂ ਮਿਲਿਆ। ਵਿਸ਼ਵ ਚੈਂਪੀਅਨਸ਼ਿਪ ਸ਼ੁੱਕਰਵਾਰ ਨੂੰ ਖ਼ਤਮ ਹੋਵੇਗੀ।

Facebook Comment
Project by : XtremeStudioz