Close
Menu

ਭਾਰਤ ਨੇ ਇੰਟਰਕਾਂਟੀਨੈਂਟਲ ਕੱਪ ਜਿੱਤਿਆ

-- 11 June,2018

ਮੁੰਬਈ, ਕਪਤਾਨ ਸੁਨੀਲ ਛੇਤਰੀ ਦੇ ਦੋ ਗੋਲਾਂ ਦੀ ਮਦਦ ਨਾਲ ਭਾਰਤ ਨੇ ਅੱਜ ਇੱਥੇ ਮੁੰਬਈ ਫੁਟਬਾਲ ਏਰੇਨਾ ’ਚ ਫਾਈਨਲ ਮੁਕਾਬਲੇ ਦੌਰਾਨ ਕੀਨੀਆ ਨੂੰ 2-0 ਗੋਲਾਂ ਨਾਲ ਹਰਾ ਕੇ ਇੰਟਰਕਾਂਟੀਨੈਂਟਲ ਕੱਪ ਫੁਟਬਾਲ ਟੂਰਨਾਮੈਂਟ ਦਾ ਖ਼ਿਤਾਬ ਜਿੱਤ ਲਿਆ ਹੈ। ਛੇਤਰੀ ਇਸ ਦੇ ਨਾਲ ਹੀ ਸਭ ਤੋਂ ਵੱਧ ਗੋਲ ਕਰਨ ਵਾਲਾ ਫੁਟਬਾਲ ਖਿਡਾਰੀਆਂ ਦੀ ਸੂਚੀ ਵਿੱਚ ਅਰਜਨਟੀਨਾ ਦੇ ਮਹਾਨ ਖਿਡਾਰੀ ਲਾਇਨਲ ਮੈਸੀ ਨਾਲ ਸਾਂਝੇ ਤੌਰ ’ਤੇ ਦੂਜੇ ਸਥਾਨ ’ਤੇ ਪਹੁੰਚ ਗਿਆ ਹੈ। ਇਨ੍ਹਾਂ ਦੋਵਾਂ ਖਿਡਾਰੀਆਂ ਦੇ ਨਾਮ ਹੁਣ 64 ਕੌਮਾਂਤਰੀ ਗੋਲ ਦਰਜ ਹਨ। ਛੇਤਰੀ ਨੇ ਅੱਠਵੇਂ ਮਿੰਟ ਵਿੱਚ ਭਾਰਤ ਨੂੰ ਲੀਡ ਦਿਵਾਈ ਅਤੇ ਫਿਰ 29ਵੇਂ ਮਿੰਟ ਵਿੱਚ ਇੱਕ ਹੋਰ ਗੋਲ ਕਰਕੇ ਮੈਸੀ ਦੀ ਬਰਾਬਰੀ ਕਰ ਲਈ। ਆਪਣੇ 102ਵੇਂ ਕੌਮਾਂਤਰੀ ਮੈਚ ਖੇਡ ਰਹੇ 33 ਸਾਲ ਦੇ ਛੇਤਰੀ ਤੋਂ ਵੱਧ ਗੋਲ ਸਿਰਫ਼ ਪੁਰਤਗਾਲ ਦੇ ਸੁਪਰਸਟਾਰ ਕ੍ਰਿਸਟਿਆਨੋ ਰੋਨਾਲਡੋ ਨੇ ਕੀਤੇ ਹਨ। ਉਸ ਦੇ ਨਾਮ 150 ਮੈਚਾਂ ਵਿੱਚ 81 ਗੋਲ ਦਰਜ ਹਨ। ਭਾਰਤ ਨੇ ਯੂਏਈ ਵਿੱਚ 2019 ਵਿੱਚ ਹੋਣ ਵਾਲੀਆਂ ਏਸ਼ਿਆਈ ਕੱਪ ਦੀਆਂ ਤਿਆਰੀਆਂ ਦੇ ਮਕਸਦ ਨਾਲ ਇਹ ਟੂਰਨਾਮੈਂਟ ਕਰਵਾਇਆ ਸੀ।
ਇਸ ਮੁਕਾਬਲੇ ਵਿੱਚ ਉਸ ਦੀ ਖ਼ਿਤਾਬੀ ਜਿੱਤ ਦਰਸਾਉਂਦੀ ਹੈ ਕਿ ਛੇਤਰੀ ਅਤੇ ਉਸ ਦੀ ਟੀਮ ਦੀ ਤਿਆਰੀ ਸਹੀ ਰਾਹ ’ਤੇ ਹੈ। ਨਿਊਜ਼ੀਲੈਂਡ ਖ਼ਿਲਾਫ਼ ਪਿਛਲੇ ਮੈਚ ਵਿੱਚ 1-2 ਦੀ ਹਾਰ ਮਗਰੋਂ ਭਾਰਤੀ ਟੀਮ ਅੱਜ ਬਿਹਤਰ ਲੈਅ ਵਿੱਚ ਜਾਪੀ। ਭਾਰਤ ਨੂੰ ਪਹਿਲਾ ਵੱਡਾ ਮੌਕਾ ਸਤਵੇਂ ਮਿੰਟ ਵਿੱਚ ਮਿਲਿਆ, ਜਦੋਂ ਕੀਨੀਆ ਦੇ ਬਰਨਾਰਡ ਓਗਿੰਗਾ ਦੇ ਫਾਉਲ ਕਾਰਨ ਮੇਜ਼ਬਾਨ ਟੀਮ ਨੂੰ ਫਰੀ ਕਿੱਕ ਮਿਲੀ। ਅਨਿਰੁਧ ਥਾਪਾ ਦੀ ਫਰੀ ਕਿੱਕ ਸਿੱਧੀ ਕਪਤਾਨ ਸੁਨੀਲ ਛੇਤਰੀ ਕੋਲ ਪਹੁੰਚੀ, ਜਿਸ ਨੇ ਇਸ ਨੂੰ ਗੋਲ ਵਿੱਚ ਬਦਲ ਕੇ ਭਾਰਤ ਦੀ ਲੀਡ 1-0 ਕਰ ਦਿੱਤੀ। ਛੇਤੀ ਨੇ 29ਵੇਂ ਮਿੰਟ ਵਿੱਚ ਇੱਕ ਹੋਰ ਗੋਲ ਕਰਕੇ ਭਾਰਤ ਦੀ 2-0 ਨਾਲ ਜਿੱਤ ਪੱਕੀ ਕਰ ਦਿੱਤੀ।

Facebook Comment
Project by : XtremeStudioz