Close
Menu

ਭ੍ਰਿਸ਼ਟਾਚਾਰ ਦੇ ਬਾਕੀ ਦੋ ਮਾਮਲਿਆਂ ਵਿਚ ਸੋਮਵਾਰ ਨੂੰ ਅਦਾਲਤ ਵਿਚ ਸ਼ਰੀਫ ਦੀ ਹੋਵੇਗੀ ਪੇਸ਼ੀ

-- 09 August,2018

ਇਸਲਾਮਾਬਾਦ – ਪਾਕਿਸਤਾਨ ਦੀ ਇਕ ਚੋਟੀ ਦੀ ਅਦਾਲਤ ਨੇ ਅੱਜ ਅਥਾਰਟੀਆਂ ਨੂੰ ਹੁਕਮ ਦਿੱਤਾ ਕਿ ਉਹ ਜੇਲ ਵਿਚ ਬੰਦ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਉਨ੍ਹਾਂ ਦੇ ਭ੍ਰਿਸ਼ਟਾਚਾਰ ਦੇ ਦੋ ਹੋਰ ਮਾਮਲਿਆਂ ਵਿਚ ਸੋਮਵਾਰ ਨੂੰ ਪੇਸ਼ ਕਰਨ। ਜਸਟਿਸ ਅਰਸ਼ਦ ਮਲਿਕ ਦੀ ਜਵਾਬਦੇਹੀ ਅਦਾਲਤ ਨੇ ਸ਼ਰੀਫ ਖਿਲਾਫ ਭ੍ਰਿਸ਼ਟਾਚਾਰ ਦੇ ਦੋ ਮਾਮਲਿਆਂ ਫਲੈਗਸ਼ਿਪ ਇਨਵੈਸਟਮੈਂਟ ਮਾਮਲੇ ਅਤੇ ਅਲ-ਅਜੀਜੀਆ ਸਟੀਲ ਮਿਲਸ ਐਂਡ ਹਿਲ ਮੈਟਲ ਇਸਟੈਬਲਿਸ਼ਮੈਂਟ ਮਾਮਲੇ ਵਿਚ ਪਹਿਲੀ ਸੁਣਵਾਈ ਕੀਤੀ।

ਇਸ ਤੋਂ ਪਹਿਲਾਂ ਇਸ ਹਫਤੇ ਇਸਲਾਮਾਬਾਦ ਹਾਈ ਕੋਰਟ ਨੇ ਦੋਹਾਂ ਮਾਮਲਿਆਂ ਨੂੰ ਹੋਰ ਜੱਜਾਂ ਨੂੰ ਟਰਾਂਸਫਰ ਕਰਨ ਦੀ ਅਰਜ਼ੀ ਮਨਜ਼ੂਰ ਕਰ ਲਈ ਸੀ। ਸ਼ਰੀਫ ਅਤੇ ਉਨ੍ਹਾਂ ਦੇ ਪਰਿਵਾਰ ਖਿਲਾਫ ਬੀਤੇ ਸਾਲ 3 ਮਾਮਲੇ ਦਾਇਰ ਕੀਤੇ ਗਏ ਸਨ। ਸ਼ਰੀਫ (68) ਆਪਣੀ ਧੀ ਮਰੀਅਮ (44) ਅਤੇ ਆਪਣੇ ਜਵਾਈ ਕੈਪਟਨ (ਰਿਟਾਇਰਡ) ਮੁਹੰਮਦ ਸਫਦਰ ਦੇ ਨਾਲ ਰਾਵਲਪਿੰਡੀ ਦੇ ਅਡਿਆਲਾ ਜੇਲ ਵਿਚ ਲਗਭਗ 10 ਸਾਲ, 7 ਸਾਲ ਅਤੇ ਇਕ ਸਾਲ ਦੀ ਸਜ਼ਾ ਕੱਟ ਰਹੇ ਹਨ। ਬੀਤੀ 6 ਜੁਲਾਈ ਨੂੰ ਇਕ ਜਵਾਬਦੇਹੀ ਅਦਾਲਤ ਨੇ ਇਨ੍ਹਾਂ ਲੋਕਾਂ ਨੂੰ ਲੰਡਨ ਵਿਚ ਪਰਿਵਾਰ ਦੇ ਚਾਰ ਫਲੈਟਾਂ ਦੀ ਮਾਲਕੀਅਤ ਨੂੰ ਲੈ ਕੇ ਦੋਸ਼ੀ ਕਰਾਰ ਦਿੱਤਾ ਸੀ। ਸ਼ਰੀਫ ਨੇ ਆਪਣੇ ਦੋਸ਼ਾਂ ਵਿਰੁੱਧ 16 ਜੁਲਾਈ ਨੂੰ ਇਸਲਾਮਾਬਾਦ ਹਾਈ ਕੋਰਟ ਵਿਚ ਇਕ ਅਪੀਲ ਦਾਇਰ ਕੀਤੀ ਸੀ।

ਉਸੇ ਦਿਨ ਉਨ੍ਹਾਂ ਨੇ ਦੋ ਹੋਰ ਮਾਮਲਿਆਂ ਨੂੰ ਟਰਾਂਸਫਰ ਕਰਨ ਦੀ ਇਕ ਅਰਜ਼ੀ ਦਾਇਰ ਕੀਤੀ ਸੀ। ਇਸਲਾਮਾਬਾਦ ਹਾਈ ਕੋਰਟ ਨੇ ਇਸ ਹਫਤੇ ਸ਼ਰੀਫ ਅਤੇ ਉਨ੍ਹਾਂ ਦੇ ਦੋ ਪੁੱਤਰਾਂ ਵਿਰੁੱਧ ਲਟਕੇ ਭ੍ਰਿਸ਼ਟਾਚਾਰ ਦੇ ਮਾਮਲਿਆਂ ਨੂੰ ਹੋਰ ਜਵਾਬਦੇਹੀ ਅਦਾਲਤ ਨੂੰ ਟਰਾਂਸਫਰ ਕਰਨ ਦੀ ਅਰਜ਼ੀ ਮਨਜ਼ੂਰ ਕਰ ਲਈ। ਜਸਟਿਸ ਮਲਿਕ ਦੀ ਅਗਵਾਈ ਵਾਲੀ ਜਵਾਬਦੇਹੀ ਅਦਾਲਤ ਨੇ ਜਦੋਂ ਅਜ ਮਾਮਲੇ ਵਿਚ ਸੁਣਵਾਈ ਸ਼ੁਰੂ ਕੀਤੀ ਤਾਂ ਉਨ੍ਹਾਂ ਨੇ ਇਸਤਿਗਾਸਾ ਧਿਰ ਨੇ ਸ਼ਰੀਫ ਦੀ ਮੌਜੂਦਗੀ ਬਾਰੇ ਪੁੱਛਿਆ। ਉਨ੍ਹਾਂ ਨੂੰ ਰਾਸ਼ਟਰੀ ਜਵਾਬਦੇਹੀ ਬਿਊਰੋ (ਐਨ.ਏ.ਬੀ.) ਵਲੋਂ ਦੱਸਿਆ ਗਿਆ ਕਿ ਉਹ ਜੇਲ ਵਿਚ ਹਨ ਅਤੇ ਉਨ੍ਹਾਂ ਨੂੰ ਸੁਰੱਖਿਆ ਕਾਰਨਾਂ ਕਰਕੇ ਅਦਾਲਤ ਨਹੀਂ ਲਿਆਂਦਾ ਗਿਆ। ਜਸਟਿਸ ਨੇ ਸੁਣਵਾਈ ਸੋਮਵਾਰ ਤੱਕ ਮੁਲਤਵੀ ਕਰ ਦਿੱਤੀ ਅਤੇ ਹੁਕਮ ਦਿੱਤਾ ਕਿ ਉਨ੍ਹਾਂ ਨੂੰ ਸੁਣਵਾਈ ਲਈ ਪੇਸ਼ ਕੀਤਾ ਜਾਵੇ।

Facebook Comment
Project by : XtremeStudioz