Close
Menu

ਮਜੀਠੀਆ ਮਾਮਲੇ ’ਚ ਕਈ ਕਾਂਗਰਸੀ ਆਗੂਆਂ ਨੇ ਦਿਖਾਏ ਤਿੱਖੇ ਤੇਵਰ

-- 12 October,2017

ਚੰਡੀਗੜ੍ਹ, 12 ਅਕਤੂਬਰ
ਗੁਰਦਾਸਪੁਰ ਜ਼ਿਮਨੀ ਚੋਣ ਦੇ ਪ੍ਰਚਾਰ ਦੌਰਾਨ ਕਾਂਗਰਸ ਦੇ ਬਹੁਤੇ ਆਗੂਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਰਿਸ਼ਤੇਦਾਰ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਨਿਸ਼ਾਨੇ ’ਤੇ ਲਿਆ। ਕਾਂਗਰਸ ਆਗੂਆਂ ਨੇ ਆਪਣੀ ਲੀਡਰਸ਼ਿਪ ਨੂੰ ਸਪੱਸ਼ਟ ਸੰਕੇਤ ਦਿੱਤੇ ਹਨ ਕਿ ਉਸ ਨੂੰ ਮਜੀਠੀਆ ਵਿਰੁੱਧ ਕਾਰਵਾਈ ਕਰਨੀ ਚਾਹੀਦੀ ਹੈ।
ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਤੇ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨੇ ਖੁੱਲ੍ਹ ਕੇ ਬਾਦਲਾਂ ਤੇ ਮਜੀਠੀਆ ਨੂੰ ਰਗੜੇ ਲਾਏ। ਸੁਖਬੀਰ ਬਾਦਲ ਅਤੇ ਮਜੀਠੀਆ ਨੇ ਵੀ ਕਾਂਗਰਸੀ ਆਗੂਆਂ, ਖ਼ਾਸ ਕਰਕੇ ਸਿੱਧੂ ਅਤੇ ਰੰਧਾਵਾ ਨੂੰ ਮੋੜਵਾਂ ਜਵਾਬ ਦੇਣ ਦਾ ਕੋਈ ਮੌਕਾ ਖਾਲੀ ਨਹੀਂ ਜਾਣ ਦਿੱਤਾ। ਕਾਂਗਰਸ ਦੇ ਕੁਝ ਹੋਰ ਆਗੂਆਂ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਤੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਆਦਿ ਨੇ ਵੀ ਪੰਜਾਬ ਦੇ ਵਿੱਤੀ ਸੰਕਟ ਲਈ ਪਿਛਲੀ ਅਕਾਲੀ-ਭਾਜਪਾ ਸਰਕਾਰ, ਖ਼ਾਸ ਕਰਕੇ ਅਕਾਲੀ ਲੀਡਰਸ਼ਿਪ ਨੂੰ ਜ਼ਿੰਮੇਵਾਰ ਠਹਿਰਾਇਆ। ਕੈਬਨਿਟ ਮੰਤਰੀ ਸਿੱਧੁੂ ਨੇ ਰੈਲੀਆਂ ਤੇ ਮੀਟਿੰਗਾਂ ਵਿੱਚ ਕਾਂਗਰਸ ਪਾਰਟੀ ਦੇ ਚਾਲੀ-ਪੰਜਾਹ ਵਿਧਾਇਕਾਂ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਜੀਠੀਆ ਵਿਰੁੱਧ ਕਾਰਵਾਈ ਲਈ ਦਿੱਤੇ ਮੰਗ ਪੱਤਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਮੰਗ ਪੱਤਰ ਪਿੱਛੇ ਇਕੱਲੇ ਵਿਧਾਇਕ ਨਹੀਂ, ਸਗੋਂ ਸੂਬੇ ਦੇ ਡੇਢ ਕਰੋੜ ਲੋਕ ਵੀ ਹਨ। ਇਸ ਲਈ ਮੁੱਖ ਮੰਤਰੀ ਨੂੰ ਮਜੀਠੀਆ ਵਿਰੁੱਧ ਕਾਰਵਾਈ ਕਰਨੀ ਚਾਹੀਦੀ ਹੈ। ਇਸ ਮਸਲੇ ਸਬੰਧੀ ਕਾਂਗਰਸ ਵਿੱਚ ਕਤਾਰਬੰਦੀ ਵੀ ਸਾਹਮਣੇ ਆ  ਸਕਦੀ ਹੈ।

ਆਪਣਿਆਂ ਨੇ ਹੀ ਘੇਰੇ ਕਾਂਗਰਸੀ  
ਗੁਰਦਾਸਪੁਰ ਚੋਣ ਪ੍ਰਚਾਰ ਦੌਰਾਨ ਕਈ ਥਾਈਂ ਕਾਂਗਰਸੀ ਵਰਕਰਾਂ ਨੇ ਆਗੂਆਂ ਨੂੰ ਸੁਆਲ ਕੀਤੇ ਕਿ ਵਿਧਾਨ ਸਭਾ ਚੋਣਾਂ ਵੇਲੇ ਅਕਾਲੀਆਂ ਦੀਆਂ ਨਾਜਾਇਜ਼ ਬੱਸਾਂ ਬੰਦ ਕਰਾਉਣ, ਚਿੱਟੇ ਦੇ ਕਾਰੋਬਾਰੀਆਂ ਨੂੰ ਅੰਦਰ ਕਰਨ, ਭ੍ਰਿਸ਼ਟਾਚਾਰ ਨੂੰ ਠੱਲ੍ਹ ਪਾਉਣ ਸਬੰਧੀ ਕਾਰਵਾਈ ਕਰਨ ਦੇ ਦਾਅਵੇ ਕੀਤੇ ਸਨ, ਪਰ ਛੇ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਹੈ, ਅਜੇ ਤੱਕ ਕਾਰਵਾਈ ਕਿਉਂ ਨਹੀਂ ਕੀਤੀ? ਇਸ ’ਤੇ ਆਗੂਆਂ ਨੇ ਇਹ ਕਹਿ ਕੇ ਖਹਿੜਾ ਛੁਡਾਇਆ ਕਿ ਸਰਕਾਰ ਵੱਲੋਂ ਛੇਤੀ ਕਾਰਵਾਈ ਕੀਤੀ ਜਾਵੇਗੀ। ਦੂਜੇ ਪਾਸੇ, ਅਕਾਲੀ ਆਗੂਆਂ ਨੇ ਆਪਣੀਆਂ ਰੈਲੀਆਂ ਵਿੱਚ ਦਾਅਵੇ ਕੀਤੇ ਕਿ ਜੇਕਰ ਕੈਪਟਨ ਸਰਕਾਰ ਕੋਲ ਉਨ੍ਹਾਂ ਖ਼ਿਲਾਫ਼ ਠੋਸ ਸਬੂਤ ਹੁੰਦੇ ਤਾਂ ਹੁਣ ਤੱਕ ਕਾਰਵਾਈ ਹੋ ਜਾਣੀ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਇਸ ਤੋਂ ਸਪਸ਼ਟ ਹੈ ਕਿ ਸਰਕਾਰ ਕੋਲ ਅਕਾਲੀਆਂ ਖ਼ਿਲਾਫ਼ ਕੋਈ ਸਬੂਤ ਨਹੀਂ ਹੈ।

Facebook Comment
Project by : XtremeStudioz