Close
Menu

ਮਸ਼ੋਬਰਾ ਦੀਆਂ ਵਾਦੀਆਂ ’ਚ ਹੋਵੇਗਾ ਅਰੂਸਾ ਦਾ ਆਲਮ

-- 18 May,2017

ਚੰਡੀਗੜ੍ਹ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਾਕਿਸਤਾਨੀ ਮਹਿਲਾ ਦੋਸਤ ਅਰੂਸਾ ਆਲਮ ਦਾ ਜਨਮ ਦਿਨ ਹਿਮਾਚਲ ਪ੍ਰਦੇਸ਼ ਦੇ ਰਮਣੀਕ ਪਹਾੜੀ ਖੇਤਰ ‘ਮਸ਼ੋਬਰਾ’ (ਸ਼ਿਮਲਾ ਨੇੜੇ) ਵਿੱਚ ਮਨਾਏ ਜਾਣ ਦੀ ਚਰਚਾ ਹੈ। ਅਤਿ ਭਰੋਸੇਯੋਗ ਸੂਤਰਾਂ ਦਾ ਦੱਸਣਾ ਹੈ ਕਿ 21 ਮਈ ਨੂੰ ਹੋਣ ਵਾਲੇ ਜਨਮ ਦਿਨ ਸਮਾਗਮ ਦੀ ਮੇਜ਼ਬਾਨੀ ਇੱਕ ਉੱਘਾ ਵਕੀਲ ਕਰੇਗਾ ਜਿਸ ਦੇ ਪਰਿਵਾਰ ਨਾਲ ਵੀ ਅਰੂਸਾ ਆਲਮ ਦੀ ਚੰਗੀ ਦੋਸਤੀ ਮੰਨੀ ਜਾਂਦੀ ਹੈ। ਇਸ ਖਾਸ ਕਿਸਮ ਦੇ ਸਮਾਗਮ ਲਈ ਚੋਣਵੇਂ ਮਹਿਮਾਨਾਂ ਨੂੰ ਹੀ ਸੱਦਾ ਪੱਤਰ ਦਿੱਤਾ ਗਿਆ ਹੈ। ਮੁੱਖ ਮੰਤਰੀ ਦੇ ਨਜ਼ਦੀਕੀ ਸਮਝੇ ਜਾਂਦੇ ਕੁਝ ਕੁ ਮੰਤਰੀ, ਵਿਧਾਇਕ, ਸਿਆਸਤਦਾਨ ਆਦਿ ਹੀ ਇਸ ਸਮਾਗਮ ਵਿੱਚ ਸ਼ਿਰਕਤ ਕਰ ਰਹੇ ਹਨ। ਸੱਤਾ ਦੇ ਗਲਿਆਰਿਆਂ ਵਿੱਚ ਮੁੱਖ ਮੰਤਰੀ ਦੀ ਮਹਿਲਾ ਦੋਸਤ ਦੇ ਜਨਮ ਦਿਨ ਸਮਾਗਮ ਦੀ ਇਨ੍ਹੀਂ ਦਿਨੀਂ ਭਰਵੀਂ ਚਰਚਾ ਹੈ। ਅਰੂਸਾ ਆਲਮ ਪਿਛਲੇ ਕੁਝ ਦਿਨਾਂ ਤੋਂ ਪਾਕਿਸਤਾਨ ਗਈ ਹੋਈ ਹੈ ਜਦਕਿ ਕਾਂਗਰਸ ਸਰਕਾਰ ਦੇ ਗਠਨ ਤੋਂ ਬਾਅਦ ਉਹ ਚੰਡੀਗੜ੍ਹ ਵਿੱਚ ਹੀ ਮੌਜੂਦ ਸੀ। ਮੁੱਖ ਮੰਤਰੀ ਅੱਜ ਦਿੱਲੀ ਵਿੱਚ ਸਨ ਤੇ ਦਿੱਲੀ ਤੋਂ ਸਿੱਧੇ ਹਿਮਾਚਲ ਪ੍ਰਦੇਸ਼ ਚਲੇ ਜਾਣਗੇ। ਮੁੱਖ ਮੰਤਰੀ ਦਫ਼ਤਰ ਦੇ ਸੂਤਰਾਂ ਮੁਤਾਬਕ ਕੈਪਟਨ ਅਮਰਿੰਦਰ ਸਿੰਘ ਜਨਮ ਦਿਨ ਸਮਾਗਮ ਤੋਂ ਬਾਅਦ 22 ਮਈ ਨੂੰ ਹੀ ਰਾਜਧਾਨੀ ਵਿੱਚ ਪਰਤਣਗੇ।
ਮੁੱਖ ਮੰਤਰੀ ਦੇ ਨੇੜਲੇ ਸਿਆਸਤਦਾਨਾਂ ਦਾ ਕਹਿਣਾ ਹੈ ਕਿ ਅਰੂਸਾ ਆਲਮ ਦੇ ਜਨਮ ਦਿਨ ਦੀ ਮੇਜ਼ਬਾਨੀ ਤਾਂ ਅਕਸਰ ਪਹਿਲਾਂ ਵੀ ਕੈਪਟਨ ਅਮਰਿੰਦਰ ਸਿੰਘ ਕਰਦੇ ਹੀ ਰਹਿੰਦੇ ਸਨ, ਪਰ ਇਸ ਵਾਰੀ ਸਰਕਾਰ ਹੋਣ ਕਾਰਨ ਕੁਝ ਵੱਖਰਾ ਸਮਾਗਮ ਹੋਵੇਗਾ। ਅਮਰਿੰਦਰ ਸਿੰਘ ਅਤੇ ਅਰੂਸਾ ਆਲਮ ਦਰਮਿਆਨ ਦੋਸਤੀ ਵਾਲੇ ਸਬੰਧ ਸਾਲ 2006 ਤੋਂ ਚੱਲੇ ਆ ਰਹੇ ਹਨ ਤੇ ਹੁਣ ਸਰਕਾਰ ਵਿੱਚ ਉਨ੍ਹਾਂ ਦਾ ਕਾਫ਼ੀ ਪ੍ਰਭਾਵ ਮੰਨਿਆ ਜਾਂਦਾ ਹੈ। ਮੁੱਖ ਮੰਤਰੀ ਦਫ਼ਤਰ ਵਿੱਚ ਕੁਝ ਵਿਅਕਤੀਆਂ ਦੀਆਂ ਤਾਇਨਾਤੀਆਂ ਪਿੱਛੇ ਅਰੂਸਾ ਆਲਮ ਦਾ ਹੀ ਹੱਥ ਹੋਣ ਦੇ ਚਰਚੇ ਹਨ। ਪੰਜਾਬ ਵਿੱਚ ਕਾਂਗਰਸ ਸਰਕਾਰ ਦੇ ਗਠਨ ਤੋਂ ਬਾਅਦ ਕੈਪਟਨ ਦੇ ਪੰਜਾਬ ਦੌਰਿਆਂ ਵਿੱਚ ਵੀ ਕਮੀ ਆਈ ਹੈ। ਇੱਥੋਂ ਤੱਕ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਰਕਾਰੀ ਕੰਮਕਾਜ ਸਕੱਤਰੇਤ ਦੀ ਥਾਂ ਘਰ ਤੋਂ ਹੀ ਚਲਾਉਣ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਮੁੱਖ ਮੰਤਰੀ ਦੇ ਨੇੜਲਿਆਂ ਦਾ ਕਹਿਣਾ ਹੈ ਕਿ ਪੈਰ ’ਤੇ ਸੱਟ ਲੱਗਣ ਕਾਰਨ ਉਹ (ਕੈਪਟਨ) ਘਰ ਤੋਂ ਹੀ ਕੰਮ ਚਲਾ ਰਹੇ ਹਨ।
ਮਸ਼ੋਬਰਾ ’ਚ ਕੱਟੇ ਜਾਣਗੇ ਦੋ ਕੇਕ
21 ਮਈ ਨੂੰ ਮਸ਼ੋਬਰਾ ਵਿੱਚ ਅਰੂਸਾ ਆਲਮ ਦਾ ਜਨਮ ਦਿਨ ਹੋਣ ਦੇ ਨਾਲ ਹੀ ਫ਼ਰੀਦਕੋਟ ਤੋਂ ਵਿਧਾਇਕ ਕੁਸ਼ਲਦੀਪ ਸਿੰਘ ਉਰਫ਼ ਕਿੱਕੀ ਢਿੱਲੋਂ ਦਾ ਵੀ ਜਨਮ ਦਿਨ ਹੈ। ਲਿਹਾਜ਼ਾ ਕੈਪਟਨ ਅਮਰਿੰਦਰ ਸਿੰਘ ਨੇ ਦੋ ਕੇਕ ਲਿਆਉਣ ਦੇ ਨਿਰਦੇਸ਼ ਦਿੱਤੇ ਹਨ। ਕਿੱਕੀ ਢਿੱਲੋਂ ਕਿਸੇ ਵੇਲੇ ਅਕਾਲੀ ਦਲ ਵਿੱਚ ਸੀ ਤੇ ਮਗਰੋਂ ਮਨਪ੍ਰੀਤ ਸਿੰਘ ਬਾਦਲ ਦੀ ਪੀਪਲਜ਼ ਪਾਰਟੀ ਆਫ਼ ਪੰਜਾਬ ਵਿੱਚ ਸ਼ਾਮਲ ਹੋ ਗਿਆ ਤੇ 2012 ਦੀਆਂ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਕਾਂਗਰਸ ਨਾਲ ਹੱਥ ਮਿਲਾ ਲਿਆ।

Facebook Comment
Project by : XtremeStudioz