Close
Menu

ਮਹਾਂਗਠਜੋੜ ਤੋੜ ਕੇ ਬਿਹਾਰ ਦੇ ਲੋਕਾਂ ਦਾ ਭਰੋਸਾ ਤੋੜਿਆ: ਸ਼ਰਦ

-- 11 August,2017

ਪਟਨਾ, ਮਹਾਂਗਠਜੋੜ ਟੁੱਟਣ ਮਗਰੋਂ ਬਿਹਾਰ ਦੇ ਪਹਿਲੇ ਦੌਰੇ ’ਤੇ ਗਏ ਜਨਤਾ ਦਲ (ਯੂ) ਦੇ ਸੀਨੀਅਰ ਆਗੂ ਸ਼ਰਦ ਯਾਦਵ ਨੇ ਅੱਜ ਕਿਹਾ ਕਿ ਮਹਾਂਗਠਜੋੜ ਤੋੜ ਕੇ ਸੂਬੇ ਦੇ 11 ਕਰੋੜ ਲੋਕਾਂ ਦਾ ਭਰੋਸਾ ਟੁੱਟਿਆ ਹੈ ਅਤੇ ਉਨ੍ਹਾਂ ਨੂੰ ਵੀ ਇਸ ਨਾਲ ਠੇਸ ਪਹੁੰਚੀ ਹੈ। ਤਿੰਨ ਦਿਨਾਂ ਦੌਰੇ ’ਤੇ ਇਥੇ ਹਵਾਈ ਅੱਡੇ ’ਤੇ ਪੁੱਜੇ ਸ੍ਰੀ ਯਾਦਵ ਨੇ ਕਿਹਾ ਕਿ ਉਹ ਜਨਤਾ ਦਲ (ਯੂ)-ਆਰਜੇਡੀ-ਕਾਂਗਰਸ ਗਠਜੋੜ ਦੇ ਟੁੱਟਣ ਅਤੇ ਜਨਤਾ ਦਲ (ਯੂ)-ਭਾਜਪਾ ਗਠਜੋੜ ਸਰਕਾਰ ਦੇ ਬਣਨ ਸਬੰਧੀ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਕਰਨਗੇ। ਜਦੋਂ ਨਿਤੀਸ਼ ਕੁਮਾਰ ਨੇ ਮਹਾਂਗਠਜੋੜ ਤੋਂ ਨਾਤਾ ਤੋੜ ਲਿਆ ਸੀ ਤਾਂ ਸ਼ਰਦ ਯਾਦਵ ਨੇ ਕਿਹਾ ਸੀ ਕਿ ਇਹ ਲੋਕ ਫ਼ਤਵੇ ਨਾਲ ਧੋਖਾ ਹੈ। ਹਵਾਈ ਅੱਡੇ ’ਤੇ ਉਨ੍ਹਾਂ ਨੂੰ ਲੈਣ ਲਈ ਗਿਣਤੀ ਦੇ ਪਾਰਟੀ ਵਰਕਰ ਪਹੁੰਚੇ ਸਨ ਪਰ ਆਰਜੇਡੀ ਹਮਾਇਤੀ ਵੱਡੀ ਗਿਣਤੀ ’ਚ ਹਾਜ਼ਰ ਸਨ। ਇਸ ਤੋਂ ਸਪੱਸ਼ਟ ਹੋ ਗਿਆ ਹੈ ਕਿ ਜਨਤਾ ਦਲ (ਯੂ) ਨੇ ਸ਼ਰਦ ਯਾਦਵ ਦੇ ਦੌਰੇ ਨਾਲੋਂ ਦੂਰੀ ਬਣਾਈ ਹੋਈ ਹੈ। ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਰਮਈ ਰਾਮ ਹੀ ਵੱਡਾ ਨਾਮ ਸੀ ਜੋ ਹਵਾਈ ਅੱਡੇ ’ਤੇ ਮੌਜੂਦ ਸੀ। ਰਾਜ ਸਭਾ ਮੈਂਬਰ ਯਾਦਵ ਨੂੰ ਜਦੋਂ ਪੁੱਛਿਆ ਗਿਆ ਕਿ ਉਹ ਪਾਰਟੀ ਵਿਰੋਧੀ ਸਰਗਰਮੀਆਂ ’ਚ ਸ਼ਾਮਲ ਹਨ ਤਾਂ ਉਨ੍ਹਾਂ ਇਸ ’ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।
ਪਟਨਾ ਹਵਾਈ ਅੱਡੇ ਤੋਂ ਉਨ੍ਹਾਂ ਦਾ ਕਾਫ਼ਲਾ ਸਿੱਧੇ ਸਾਰਨ ਜ਼ਿਲ੍ਹੇ ਦੇ ਸੋਨਪੁਰ ਵਲ ਰਵਾਨਾ ਹੋਇਆ। ਟਵਿੱਟਰ ’ਤੇ ਪਾਏ ਗਏ ਪ੍ਰੋਗਰਾਮ ਮੁਤਾਬਕ ਸ੍ਰੀ ਸ਼ਰਦ ਯਾਦਵ ਕਲ ਮੁਜ਼ੱਫਰਪੁਰ-ਦਰਭੰਗਾ-ਮਧੂਬਨੀ ਜਾਣਗੇ ਅਤੇ 12 ਅਗਸਤ ਨੂੰ ਉਹ ਮਧੂਬਨੀ-ਸੁਪੌਲ ਮਧੇਪੁਰਾ ’ਚ ਲੋਕਾਂ ਨੂੰ ਮਿਲਣਗੇ।

Facebook Comment
Project by : XtremeStudioz