Close
Menu

ਮੁੰਬਈ ਹਮਲੇ ਬਾਰੇ ਬਿਆਨ: ਸ਼ਰੀਫ਼ ਨੂੰ ਸਿਆਸਤ ਅਤੇ ਫ਼ੌਜ ਦਾ ਘੇਰਾ

-- 15 May,2018

ਇਸਲਾਮਾਬਾਦ, 15 ਮਈ
ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਵੱਲੋਂ ਮੁੰਬਈ ਹਮਲੇ ਦੇ ਕਬੂਲਨਾਮੇ ਮਗਰੋਂ ਪਾਕਿਸਤਾਨ ਦੀ ਸਿਵਲ ਅਤੇ ਫ਼ੌਜੀ ਲੀਡਰਸ਼ਿਪ ’ਚ ਹਲਚਲ ਮਚ ਗਈ ਹੈ। ਸ਼ਰੀਫ਼ ਦੇ ਵਿਵਾਦਤ ਬਿਆਨ ਕਰਕੇ ਕੌਮੀ ਸੁਰੱਖਿਆ ਕਮੇਟੀ (ਐਨਐਸਸੀ) ਨੂੰ ਉੱਚ ਪੱਧਰੀ ਬੈਠਕ ਸੱਦਣੀ ਪੈ ਗਈ ਅਤੇ ਉਨ੍ਹਾਂ ਦੇ ਬਿਆਨ ਨੂੰ ਸਰਬਸੰਮਤੀ ਨਾਲ ਗਲਤ ਅਤੇ ਗੁੰਮਰਾਹਕੁਨ ਕਰਾਰ ਦਿੱਤਾ ਗਿਆ।
ਬਿਆਨ ’ਚ ਕਿਹਾ ਗਿਆ ਕਿ ਮੁੰਬਈ ਹਮਲੇ ਦੇ ਮੁਕੱਦਮੇ ’ਚ ਦੇਰੀ ਲਈ ਪਾਕਿਸਤਾਨ ਨਹੀਂ ਭਾਰਤ ਜ਼ਿੰਮੇਵਾਰ ਹੈ। ਐਨਐਸਸੀ ਦੀ ਬੈਠਕ ਮਗਰੋਂ ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅੱਬਾਸੀ ਨੇ ਸ਼ਰੀਫ਼ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਫ਼ੌਜੀ ਲੀਡਰਸ਼ਿਪ ਦੇ ਖ਼ਦਸ਼ਿਆਂ ਤੋਂ ਜਾਣੂ ਕਰਵਾਇਆ।
‘ਡਾਅਨ ਨਿਊਜ਼ ਟੀਵੀ’ ਨੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਦੋਹਾਂ ਆਗੂਆਂ ਦਰਮਿਆਨ ਕਰੀਬ ਅੱਧੇ ਘੰਟੇ ਤਕ ਬੈਠਕ ਹੋਈ ਅਤੇ ਸ਼ਰੀਫ਼ ਆਪਣੇ ਬਿਆਨ ’ਤੇ ਡੱਟੇ ਰਹੇ ਅਤੇ ਉਨ੍ਹਾਂ ਕਿਹਾ ਕਿ ਬਿਆਨ ’ਚ ਕੁਝ ਵੀ ਗਲਤ ਨਹੀਂ ਸੀ। ਸੂਤਰਾਂ ਮੁਤਾਬਕ ਸ਼ਰੀਫ਼ ਨੇ ਕਿਹਾ ਕਿ ਅਜਿਹੇ ਬਿਆਨ ਪਹਿਲਾਂ ਵੀ ਦਿੱਤੇ ਗਏ ਹਨ ਤਾਂ ਇਸ ’ਤੇ ਹੁਣ ਇੰਨਾ ਰੌਲਾ ਕਿਉਂ ਪਾਇਆ ਜਾ ਰਿਹਾ ਹੈ।
ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਹਿਲਾਂ ਪਰਵੇਜ਼ ਮੁਸ਼ਰੱਫ, ਸਾਬਕਾ ਗ੍ਰਹਿ ਮੰਤਰੀ ਰਹਿਮਾਨ ਮਲਿਕ ਅਤੇ ਸਾਬਕਾ ਕੌਮੀ ਸੁਰੱਖਿਆ ਸਲਾਹਕਾਰ ਮੇਜਰ ਜਨਰਲ (ਸੇਵਾਮੁਕਤ) ਮਹਿਮੂਦ ਦੁਰਾਨੀ ਉਨ੍ਹਾਂ ਦੇ ਬਿਆਨ ਦੀ ਤਸਦੀਕ ਕਰ ਚੁੱਕੇ ਹਨ।
ਸ਼ਰੀਫ਼ ਨੇ ਮੀਡੀਆ ’ਤੇ ਵੀ ਹਮਲੇ ਕਰਦਿਆਂ ਕਿਹਾ ਕਿ ਉਹ ਉਨ੍ਹਾਂ ਨੂੰ ਦੇਸ਼ਧ੍ਰੋਹੀ ਦੱਸ ਰਿਹਾ ਹੈ ਪਰ ਜਿਨ੍ਹਾਂ ਮੁਲਕ ਅਤੇ ਸੰਵਿਧਾਨ ’ਚ ਵੰਡੀਆਂ ਪਾ ਦਿੱਤੀਆਂ ਹਨ ਕੀ ਉਹ ਦੇਸ਼ਭਗਤ ਹਨ? ‘ਮੈਂ ਸੱਚ ਬੋਲ ਕੇ ਰਹਾਂਗਾ, ਉਸ ਦੇ ਭਾਵੇਂ ਕੁਝ ਵੀ ਨਤੀਜੇ ਨਿਕਲਣ।’ ਡਾਅਨ ਅਖ਼ਬਾਰ ਮੁਤਾਬਕ ਇਸ ਮੁੱਦੇ ’ਤੇ ਹੁਕਮਰਾਨ ਪਾਰਟੀ ’ਚ ਵੀ ਮਤਭੇਦ ਪੈਦਾ ਹੋ ਗਏ ਹਨ।

Facebook Comment
Project by : XtremeStudioz