Close
Menu

ਮੋਦੀ ਨੇ ਕਾਲੇ ਧਨ ਨੂੰ ਸਫ਼ੈਦ ਬਣਾਉਣ ਵਿੱਚ ਮਦਦ ਕੀਤੀ: ਰਾਹੁਲ

-- 12 October,2017

ਲਿਮਖੇੜਾ (ਗੁਜਰਾਤ), 12 ਅਕਤੂਬਰ
ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਦੋਸ਼ ਲਾਇਆ ਕਿ ਨੋਟਬੰਦੀ ਵਰਗੇ ‘ਇਕਤਰਫ਼ਾ ਅਤੇ ਸਨਕੀ’ ਫੈਸਲੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਾਲੇ ਧਨ ਦੇ ਜ਼ਖੀਰਾਖੋਰਾਂ ਦੀ ਆਪਣਾ ਧਨ ਸਫ਼ੈਦ ਬਣਾਉਣ ਵਿੱਚ ਮਦਦ ਕਰ ਰਹੇ ਹਨ।
ਕੇਂਦਰੀ ਗੁਜਰਾਤ ਦੇ ਦਾਹੋੜ ਜ਼ਿਲ੍ਹੇ ਦੇ ਲਿਮਖੇੜਾ ਸ਼ਹਿਰ ਵਿੱਚ ਇਕੱਠ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਮੋਦੀ ਜੀ ਨੂੰ ਸਮਝ ਆ ਗਈ ਸੀ ਕਿ ਨੋਟਬੰਦੀ ਨਾਲ ਆਮ ਲੋਕ ਤੇ ਛੋਟੇ ਕਾਰੋਬਾਰੀ ਬਿਲਕੁੱਲ ਨਪੀੜੇ ਨਹੀਂ ਗਏ। ਇਸ ਲਈ ਉਨ੍ਹਾਂ ਜੀਐਸਟੀ ਲਿਆਂਦਾ। ਭੀੜ ਦੇ ਠਹਾਕਿਆਂ ਵਿਚਕਾਰ ਉਨ੍ਹਾਂ ਕਿਹਾ, ‘‘ਅੱਧੀਰਾਤ ਨੂੰ ਮੋਦੀ ਜੀ ਅਚਾਨਕ ਉੱਠੇ ਅਤੇ ਉਨ੍ਹਾਂ 500 ਤੇ ਹਜ਼ਾਰ ਦੇ ਨੋਟਾਂ ਨਾਲ ਨਾਪਸੰਦਗੀ ਜ਼ਾਹਰ ਕੀਤੀ। ਇਸ ਕਾਰਨ ਉਨ੍ਹਾਂ ਇਹ ਨੋਟ ਬੰਦ ਕਰ ਦਿੱਤੇ।’’
ਕਾਂਗਰਸ ਆਗੂ ਨੇ ਕਿਹਾ ਕਿ ਕਾਂਗਰਸ ਨੇ ਪ੍ਰਧਾਨ ਮੰਤਰੀ ਨੂੰ ਜੀਐਸਟੀ ਬਾਰੇ ਹੌਲੀ ਚੱਲਣ ਅਤੇ ਬਹੁਤੀਆਂ ਹੱਦਾਂ ਤੈਅ ਨਾ ਕਰਨ ਦੀ ਅਪੀਲ ਕੀਤੀ ਸੀ ਪਰ ਮੋਦੀ ਜੀ ਅਤੇ ਵਿੱਤ ਮੰਤਰੀ ਅਰੁਣ ਜੇਤਲੀ ਨੇ ਨਾਂਹ ਕਰ ਦਿੱਤੀ। ਉਹ ਸੁਣਨ ਨੂੰ ਵੀ ਤਿਆਰ ਨਹੀਂ ਹੋਏ।’’ ਉਨ੍ਹਾਂ ਕਿਹਾ ਕਿ ਇਨ੍ਹਾਂ ਦੋਵਾਂ ਝਟਕਿਆਂ (ਨੋਟਬੰਦੀ ਤੇ ਜੀਐਸਟੀ) ਨਾਲ ਜਦੋਂ ਸਾਰੇ ਦੇਸ਼ ਵਿੱਚ ਅੱਗ ਲੱਗੀ ਹੋਈ ਹੈ ਤਾਂ ਸਿਰਫ਼ ਇਕ ਕੰਪਨੀ ਇਸ ਅੱਗ ਵਿੱਚੋਂ ਉੱਭਰੀ। ਉਹ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇ ਪੁੱਤਰ ਜੈ ਸ਼ਾਹ ਦੀ ਕੰਪਨੀ ਦਾ ਹਵਾਲਾ ਦੇ ਰਹੇ ਸਨ।
ਰਾਹੁਲ ਗਾਂਧੀ ਨੇ ਮਿਹਣਾ ਮਾਰਿਆ ਕਿ ਜਦੋਂ ਮੋਦੀ ਜੀ ਪ੍ਰਧਾਨ ਮੰਤਰੀ ਬਣੇ ਤਾਂ ਉਨ੍ਹਾਂ ਕਿਹਾ ਸੀ ਕਿ ਉਹ ਪ੍ਰਧਾਨ ਮੰਤਰੀ ਨਹੀਂ, ਚੌਕੀਦਾਰ ਹਨ। ਹੁਣ ਚੌਕੀਦਾਰ ਚੁੱਪ ਕਿਉਂ ਹੈ?

Facebook Comment
Project by : XtremeStudioz