Close
Menu

ਮੋਦੀ ਵੱਲੋਂ ਆਸੀਆਨ ਮੁਲਕਾਂ ਨੂੰ ਭਾਰਤ ਵਿੱਚ ਨਿਵੇਸ਼ ਦਾ ਸੱਦਾ

-- 14 November,2017

ਮਨੀਲਾ, 14 ਨਵੰਬਰ
ਆਪਣੀ ਸਰਕਾਰ ਦੀਆਂ ਆਰਥਿਕ ਸੁਧਾਰ ਪਹਿਲਕਦਮੀਆਂ ਗਿਣਾਉਂਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਸੀਆਨ ਮੁਲਕਾਂ ਨੂੰ ਭਾਰਤ ਵਿੱਚ ਆਪਣਾ ਨਿਵੇਸ਼ ਵਧਾਉਣ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਮੁਲਕ ਨੂੰ ਬਦਲਣ ਦਾ ਟੀਚਾ ‘ਬੇਮਿਸਾਲ ਪੱਧਰ’ ਉਤੇ ਜਾਰੀ ਹੈ। ਆਸੀਆਨ ਵਪਾਰਕ ਫੋਰਮ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੀ ਪੂਰਬ ਨਾਲ ਮਿਲ ਕੇ ਚੱਲਣ ਵਾਲੀ ਨੀਤੀ (ਐਕਟ ਈਸਟ ਪਾਲਿਸੀ) ਨੇ ਇਸ ਦਸ ਮੈਂਬਰੀ ਗੁੱਟ ਨੂੰ ਦੇਸ਼ ਦੀ ਵਚਨਬੱਧਤਾ ਦੇ ਕੇਂਦਰ ਵਿੱਚ ਲਿਆ ਦਿੱਤਾ ਹੈ। ਭਾਰਤੀ ਅਰਥਚਾਰੇ ਦੇ ਜ਼ਿਆਦਾਤਰ ਖੇਤਰ ਵਿਦੇਸ਼ੀ ਨਿਵੇਸ਼ ਲਈ ਖੋਲ੍ਹ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ‘‘ਭਾਰਤ ਨੂੰ ਬਦਲਣ ਦਾ ਟੀਚਾ ਅਦੁੱਤੀ ਪੈਮਾਨੇ ਉਤੇ ਚੱਲ ਰਿਹਾ ਹੈ। ਅਸੀਂ ਸ਼ਾਸਨ ਨੂੰ ਪਾਰਦਰਸ਼ੀ, ਆਸਾਨ ਤੇ ਪ੍ਰਭਾਵਸ਼ਾਲੀ ਬਣਾਉਣ ਲਈ ਦਿਨ-ਰਾਤ ਕੰਮ ਕਰ ਰਹੇ ਹਾਂ।’’
ਸ੍ਰੀ ਮੋਦੀ ਨੇ ਕਿਹਾ ਕਿ ਸਰਕਾਰ ਦਾ ਧਿਆਨ ਭਾਰਤ ਨੂੰ ਉਤਪਾਦਨ ਪੱਖੋਂ ਆਲਮੀ ਧੁਰਾ ਬਣਾਉਣ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਦਾਤੇ ਬਣਾਉਣ ਦੀਆਂ ਕੋਸ਼ਿਸ਼ਾਂ ਉਤੇ ਕੇਂਦਰਤ ਹੈ। ਪਿਛਲੇ ਤਿੰਨ ਸਾਲਾਂ ਵਿੱਚ 1200 ਵੇਲਾ ਵਿਹਾ ਚੁੱਕੇ ਕਾਨੂੰਨ ਖ਼ਤਮ ਕਰ ਦਿੱਤੇ ਗਏ।
ਸਰਕਾਰ ਨੇ ਕੰਪਨੀਆਂ ਸ਼ੁਰੂ ਕਰਨ ਤੇ ਹੋਰ ਮਨਜ਼ੂਰੀਆਂ ਦੀ ਪ੍ਰਕਿਰਿਆ ਆਸਾਨ ਬਣਾਈ ਹੈ। ਤਕਨਾਲੋਜੀ ਲਿਆਉਣ ਦੀਆਂ ਪਹਿਲਕਦਮੀਆਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਡਿਜੀਟਲ ਲੈਣ-ਦੇਣ ਵਿੱਚ ਜ਼ਿਕਰਯੋਗ ਵਾਧਾ ਹੋਇਆ ਹੈ। ਭਾਰਤੀ ਵਸੋਂ ਦੇ ਵੱਡੇ ਹਿੱਸੇ ਕੋਲ ਬੈਂਕਿੰਗ ਸੇਵਾਵਾਂ ਨਹੀਂ ਸਨ ਅਤੇ ‘ਜਨ ਧਨ ਯੋਜਨਾ’ ਨੇ ਕੁੱਝ ਹੀ ਮਹੀਨਿਆਂ ਵਿੱਚ ਲੱਖਾਂ ਲੋਕਾਂ ਦਾ ਜੀਵਨ ਬਦਲ ਦਿੱਤਾ।

Facebook Comment
Project by : XtremeStudioz