Close
Menu

ਮੰਗ ਪੱਤਰ ਦੇਣ ਪੁੱਜੇ ‘ਆਪ’ ਆਗੂਆਂ ਲਈ ਬਾਦਲਾਂ ਨੇ ਨਾ ਖੋਲਿ੍ਆ ਬੂਹਾ

-- 11 June,2018

ਲੰਬੀ,  ਆਮ ਆਦਮੀ ਪਾਰਟੀ (‘ਆਪ’) ਦੇ ਸੂਬਾਈ ਸੱਦੇ ਤਹਿਤ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਲੰਬੀ ਤੋਂ ਵਿਧਾਇਕ ਪ੍ਰਕਾਸ਼ ਸਿੰਘ ਬਾਦਲ ਨੂੰ ਬੁੱਢੇ ਨਾਲੇ ਦੇ ਦੂਸ਼ਿਤ ਪਾਣੀ ਦੀ ਬੋਤਲ ਅਤੇ ਮੰਗ ਪੱਤਰ ਦੇਣ ਲਈ ਪਿੰਡ ਬਾਦਲ ਪੁੱਜੇ ‘ਆਪ’ ਆਗੂਆਂ ਲਈ ਬਾਦਲਾਂ ਦੇ ਘਰ ਦਾ ਬੂਹਾ ਨਾ ਖੁੱਲ੍ਹਿਆ। ਸ੍ਰੀ ਬਾਦਲ ਦੀ ਰਿਹਾਇਸ਼ ’ਤੇ ਕੰਪਿਊਟਰ ਅਪਰੇਟਰ ਵਜੋਂ ਕੰਮ ਕਰਦੇ ਕੁਲਵਿੰਦਰ ਨੇ ਬਾਹਰ ਆ ਕੇ ਮੰਗ ਪੱਤਰ ਅਤੇ ਦੂਸ਼ਿਤ ਪਾਣੀ ਦੀ ਬੋਤਲ ਲਈ। ਸੂਤਰਾਂ ਅਨੁਸਾਰ ਭਾਵੇਂ ਸ੍ਰੀ ਬਾਦਲ ਘਰ ਦੇ ਅੰਦਰ ਹੀ ਮੌਜੂਦ ਸਨ ਪਰ ਉਨ੍ਹਾਂ ਨੇ ‘ਆਪ’ ਦੇ ਵਫ਼ਦ ਨੂੰ ਮਿਲਣ ਦੀ ਲੋੜ ਨਹੀਂ ਸਮਝੀ।
ਸ੍ਰੀ ਬਾਦਲ ਦੀ ਸਿਹਤ ਖ਼ਰਾਬ ਹੋਣ ਦੀ ਗੱਲ ਆਖ ਕੇ ‘ਆਪ’ ਆਗੂਆਂ ਨੂੰ ਬਾਹਰੋਂ ਹੀ ਮੋੜ ਦਿੱਤਾ ਗਿਆ। ‘ਆਪ’ ਮਾਲਵਾ-1 ਦੇ ਪ੍ਰਧਾਨ ਅਨਿਲ ਠਾਕੁਰ ਦੀ ਅਗਵਾਈ ਹੇਠ ਮਿਥੇ ਪ੍ਰੋਗਰਾਮ ਤਹਿਤ ਲੰਬੀ ਹਲਕੇ ’ਚ ਪੁੱਜੇ ਆਗੂਆਂ ਵਿੱਚ ਬਠਿੰਡਾ ਅਤੇ ਲੰਬੀ ਤੋਂ ਨੀਲ ਗਰਗ, ਕਾਰਜ ਸੰਧੂ, ਜਸਬੀਰ ਹਾਕੂਵਾਲਾ ਸਮੇਤ ਸਿਰਫ਼ ਦਰਜਨ ਭਰ ਵਰਕਰ/ਆਗੂ ਮੌਜੂਦ ਸਨ। ਇਸ ਮੌਕੇ ਲੰਬੀ ਬਲਾਕ ਦੇ ਪ੍ਰਧਾਨ ਜਸਵਿੰਦਰ ਸਿੰਘ ਫਤੂਹੀਵਾਲਾ ਸਮੇਤ ਹੋਰਨਾਂ ਅਹੁਦੇਦਾਰਾਂ ਦਾ ਬਾਈਕਾਟ ਰਿਹਾ। ਸੀਨੀਅਰ ‘ਆਪ’ ਆਗੂ ਨਾਟੀ ਸਰਪੰਚ ਵੀ ਗੈਰਹਾਜ਼ਰ ਸਨ।  ‘ਆਪ’ ਮਾਲਵਾ-1 ਦੇ ਪ੍ਰਧਾਨ ਅਨਿਲ ਠਾਕੁਰ ਨੇ ਦੱਸਿਆ ਕਿ ਪਾਰਟੀ ਦੇ ਸੱਦੇ ’ਤੇ ਉਹ ਅੱਜ ਲੰਬੀ ਦੇ ਵਿਧਾਇਕ ਪ੍ਰਕਾਸ਼ ਸਿੰਘ ਬਾਦਲ ਨੂੰ ਦੂਸ਼ਿਤ ਪਾਣੀ ਅਤੇ ਮੰਗ ਪੱਤਰ ਦੇਣ ਪੁੱਜੇ ਸਨ। ਸ੍ਰੀ ਬਾਦਲ ਦੀ ਸਿਹਤ ਖ਼ਰਾਬ ਹੋਣ ਕਰਕੇ ਕੰਪਿਊਟਰ ਅਪਰੇਟਰ ਕੁਲਵਿੰਦਰ ਨੇ ਮੰਗ ਪੱਤਰ ਲਿਆ। ਕੁਝ ਆਗੂਆਂ ਦੇ ਗੈਰਹਾਜ਼ਰ ਰਹਿਣ ਬਾਰੇ ਸ੍ਰੀ ਠਾਕੁਰ ਨੇ ਕਿਹਾ ਕਿ ਇਹ ਕੋਈ ਮੁਜ਼ਾਹਰਾ ਨਹੀਂ ਸੀ। ਉਨ੍ਹਾਂ ਵੱਲੋਂ ਵੱਟਸਐਪ ’ਤੇ ਮੈਸੇਜ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਹਾਈਕਮਾਂਡ ਦੇ ਨਿਰਦੇਸ਼ਾਂ ’ਤੇ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਨੂੰ ਮੰਗ ਪੱਤਰ ਅਤੇ ਦੂਸ਼ਿਤ ਪਾਣੀ ਦੇਣਾ ਸੀ, ਉਹ ਦੇ ਦਿੱਤਾ ਗਿਆ ਹੈ।
ਗੈਰਹਾਜ਼ਰ ‘ਆਪ’ ਆਗੂਆਂ ਬਲਾਕ ਪ੍ਰਧਾਨ ਜਸਵਿੰਦਰ ਸਿੰਘ ਫਤੂਹੀਵਾਲਾ ਨੇ ਆਖਿਆ ਕਿ ਉਨ੍ਹਾਂ ਅਤੇ ਨਾਟੀ ਸਰਪੰਚ ਨੂੰ ਪ੍ਰੋਗਰਾਮ ਬਾਰੇ ਸੂਚਿਤ ਨਹੀਂ ਕੀਤਾ ਗਿਆ ਸੀ। ਉਹ ਤਾਂ ਸੈਂਕੜੇ ਬੰਦੇ ਇਕੱਠੇ ਕਰ ਦਿੰਦੇ। ਜਸਵਿੰਦਰ ਸਿੰਘ ਨੇ ਦੋਸ਼ ਲਾਇਆ ਕਿ ਮਾਲਵਾ ਜ਼ੋਨ-1 ਪ੍ਰਧਾਨ ਦੇ ਵਰਕਰਾਂ ਪ੍ਰਤੀ ਪੱਖਪਾਤੀ ਰਵੱਈਏ ਕਰਕੇ ਉਨ੍ਹਾਂ ਨੇ ਬਾਈਕਾਟ ਹੀ ਰੱਖਿਆ।
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨੇੜਲੇ ਸੂਤਰਾਂ ਨੇ ਆਖਿਆ ਕਿ ਬਾਦਲ ਸਾਹਿਬ ਤੰਦਰੁਸਤ ਹਨ ਪਰ ਇੱਕ-ਦੋ ਦਿਨਾਂ ਤੋਂ ਗਰਮੀ ਵੱਧ ਹੋਣ ਕਰਕੇ ਉਹ ਘਰ ਅੰਦਰ ਹੀ ਰਹਿੰਦੇ ਹਨ। ਉਂਜ ਵੀ ‘ਆਪ’ ਆਗੂ ਕਰੀਬ ਪੌਣੇ ਇੱਕ ਵਜੇ ਪੁੱਜੇ ਸਨ ਅਤੇ ਉਹ ਸਮਾਂ ਸ੍ਰੀ ਬਾਦਲ ਦੇ ਆਰਾਮ ਕਰਨ ਦਾ ਹੁੰਦਾ ਹੈ।

Facebook Comment
Project by : XtremeStudioz