Close
Menu

ਯੁਰੂਗਵੇ ਨੇ ਉਜ਼ਬੇਕਿਸਤਾਨ ਨੂੰ 3-0 ਗੋਲਾਂ ਨਾਲ ਹਰਾਇਆ

-- 09 June,2018

ਮੌਂਟੇਵੀਡੀਓ, ਯੁਰੂਗਵੇ ਫੁਟਬਾਲ ਟੀਮ ਨੇ ਆਪਣੇ ਆਖ਼ਰੀ ਅਭਿਆਸ ਮੈਚ ਵਿੱਚ ਉਜ਼ਬੇਕਿਸਤਨ ਖ਼ਿਲਾਫ਼ 3-0 ਦੀ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਇਸ ਜਿੱਤ ਨਾਲ ਰੂਸ ਵਿੱਚ 14 ਜੂਨ ਤੋਂ ਸ਼ੁਰੂ ਹੋਣ ਜਾ ਰਹੇ ਵਿਸ਼ਵ ਕੱਪ ਵਿੱਚ ਉਤਰਨ ਤੋਂ ਪਹਿਲਾਂ ਟੀਮ ਦਾ ਹੌਸਲਾ ਵਧਿਆ ਹੈ। ਯੁਰੂਗਵੇ ਦੀ ਵਿਸ਼ਵ ਵਿੱਚ 95ਵੀਂ ਰੈਂਕਿੰਗਜ਼ ਵਾਲੀ ਉਜ਼ਬੇਕਿਸਤਾਨ ’ਤੇ ਇਹ ਤੀਜੀ ਜਿੱਤ ਹੈ ਅਤੇ ਆਪਣੇ ਆਖ਼ਰੀ ਨੌਂ ਮੈਚਾਂ ਵਿੱਚ ਦੱਖਣੀ ਅਮਰੀਕੀ ਟੀਮ ਨੇ ਸਿਰਫ਼ ਇੱਕ ਹੀ ਮੈਚ ਹਾਰਿਆ ਹੈ। ਮੈਚ ਦੌਰਾਨ ਯੁਰੂਗਵੇ ਨੇ 31 ਮਿੰਟ ਮਗਰੋਂ ਹੀ ਲੀਡ ਹਾਸਲ ਕਰ ਲਈ, ਜਦੋਂ ਜਾਰਜੀਅਨ ਡੀ ਅਰਾਸੇਸਤਾ ਨੇ 15 ਮੀਟਰ ਦੂਰੀ ਤੋਂ ਕਮਾਲ ਦਾ ਗੋਲ ਦਾਗ਼ਿਆ। ਲੁਈਸ ਸੁਆਰੇਜ਼ ਨੇ ਦੂਜੇ ਹਾਫ਼ ਦੇ ਅੱਠ ਮਿੰਟ ਮਗਰੋਂ ਹੀ ਆਪਣੀ ਟੀਮ ਦੀ ਲੀਡ ਦੁੱਗਣੀ ਕਰਦਿਆਂ ਪੈਨਲਟੀ ’ਤੇ ਗੋਲ ਕੀਤਾ, ਜਦਕਿ ਜੋਸ ਮਾਰੀਆ ਗਿਮਿਨੇਜ਼ ਨੇ 72ਵੇਂ ਮਿੰਟ ਵਿੱਚ ਤੀਜਾ ਗੋਲ ਕਰਕੇ ਯੁਰੂਗਵੇ ਨੂੰ 3-0 ਗੋਲਾਂ ਨਾਲ ਜਿੱਤ ਦਿਵਾਈ।
ਦੂਜੇ ਪਾਸੇ, ਕੋਮਿਲੋਵ ਅਕ੍ਰੋਮਜ਼ੋਨ ਨੂੰ ਬਾਹਰ ਭੇਜਣ ਕਾਰਨ ਉਜ਼ਬੇਕਿਸਤਾਨ ਦਸ ਖਿਡਾਰੀਆਂ ਨਾਲ ਹੀ ਮੈਦਾਨ ’ਤੇ ਰਹਿ ਗਈ ਅਤੇ ਯੁਰੂਗਵੇ ਨੂੰ ਕੋਈ ਖ਼ਾਸ ਚੁਣੌਤੀ ਪੇਸ਼ ਨਹੀਂ ਕਰ ਸਕੀ। 1930 ਅਤੇ 1950 ਦੌਰਾਨ ਵਿਸ਼ਵ ਕੱਪ ਜਿੱਤ ਚੁੱਕੀ ਯੁਰੂਗਵੇ ਦੀ ਟੀਮ ਰੂਸ ਵਿੱਚ 15 ਜੂਨ ਨੂੰ ਆਪਣੀ ਮੁਹਿੰਮ ਦੀ ਸ਼ੁਰੂਆਤ ਮਿਸਰ ਖ਼ਿਲਾਫ਼ ਕਰੇਗੀ ਅਤੇ ਪੰਜ ਦਿਨ ਮਗਰੋਂ ਸਾਊਦੀ ਅਰਬ ਨਾਲ ਗਰੁੱਪ ‘ਏ’ ਵਿੱਚ ਅਗਲਾ ਮੈਚ ਖੇਡੇਗੀ।

Facebook Comment
Project by : XtremeStudioz