Close
Menu

ਰਜ਼ਾ ਤੇ ਵਾਲੇਰ ਨੇ ਜ਼ਿੰਬਾਬਵੇ ਨੂੰ ਸੰਕਟ ਚੋਂ ਕੱਢਿਆ

-- 17 July,2017

ਕੋਲੰਬੋ, ਹੇਠਲੇ ਮੱਧਕ੍ਰਮ ਦੇ ਬੱਲੇਬਾਜ਼ ਸਿਕੰਦਰ ਰਜ਼ਾ ਦੀ ਸ਼ਾਨਦਾਰ ਪਾਰੀ ਤੇ ਮੈਕਲਮ ਵਾਲੇਰ ਨਾਲ ਉਸ ਦੀ ਸੈਂਕੜੇ ਦੀ ਭਾਈਵਾਲੀ ਦੀ ਮਦਦ ਨਾਲ ਜ਼ਿੰਬਾਬਵੇ ਨੇ ਖਰਾਬ ਸ਼ੁਰੂਆਤ ਤੋਂ ਉਭਰ ਕੇ ਸ੍ਰੀਲੰਕਾ ਖ਼ਿਲਾਫ਼ ਇੱਕਲੌਤੇ ਟੈਸਟ ਕ੍ਰਿਕਟ ਮੈਚ ਦੇ ਤੀਜੇ ਦਿਨ ਅੱਜ ਇੱਥੇ ਆਪਣੀ ਦੂਜੀ ਪਾਰੀ ’ਚ ਛੇ ਵਿਕਟਾਂ ’ਤੇ 252 ਦੌੜਾਂ ਬਣਾ ਕੇ ਆਪਣੀ ਸਥਿਤੀ ਮਜ਼ਬੂਤ ਕਰ ਲਈ ਹੈ।

ਜ਼ਿੰਬਾਬਵੇ ਨੇ ਪਹਿਲੀ ਪਾਰੀ ’ਚ ਸੈਂਕੜਾ ਜੜਨ ਵਾਲੇ ਕਰੇਗ ਇਰਵਿਨ ਸਮੇਤ ਚਾਰ ਸਲਾਮੀ ਬੱਲੇਬਾਜ਼ਾਂ ਦੀਆਂ ਵਿਕਟਾਂ 23 ਦੌੜਾਂ ’ਤੇ ਗੁਆ ਦਿੱਤੀਆਂ ਸਨ। ਰਜ਼ਾ ਨੇ ਅਜਿਹੇ ਸਮੇਂ ਕਰੀਜ਼ ’ਤੇ ਆ ਕੇ ਰੰਗਣਾ ਹੇਰਾਥ (85 ਦੌੜਾਂ ਦੇ ਕੇ ਚਾਰ ਵਿਕਟਾਂ) ਦੀ ਅਗਵਾਈ ਵਾਲੇ ਸ੍ਰੀਲੰਕਾਈ ਹਮਲੇ ਦਾ ਡਟ ਕੇ ਸਾਹਮਣਾ ਕੀਤਾ। ਇਹ 31 ਸਾਲਾ ਬੱਲੇਬਾਜ਼ ਅਜੇ 97 ਦੌੜਾਂ ’ਤੇ ਖੇਡ ਰਿਹਾ ਹੈ। ਰਜ਼ਾ ਨੇ ਪੀਟਰ ਮੂਰ (40) ਨਾਲ ਛੇਵੀਂ ਵਿਕਟ ਲਈ 86 ਦੌੜਾਂ ਜੋੜ ਕੇ ਟੀਮ ਨੂੰ ਸੰਕਟ ਤੋਂ ਬਾਹਰ ਕੱਢਿਆ ਅਤੇ ਬਾਅਦ ਵਿੱਚ ਵਾਲੇਰ (ਨਾਬਾਦ 57) ਨਾਲ 107 ਦੌੜਾਂ ਦੀ ਅਟੁੱਟ ਭਾਈਵਾਲੀ ਕਰਕੇ ਟੀਮ ਨੂੰ ਮਜ਼ਬੂਤ ਸਥਿਤੀ ’ਚ ਪਹੁੰਚਾਇਆ।
ਜ਼ਿੰਬਾਬਵੇ ਦੀ ਹੁਣ ਕੁੱਲ ਲੀਡ 262 ਦੌੜਾਂ ਦੀ ਹੋ ਗਈ ਹੈ। ਸ੍ਰੀਲੰਕਾ ਦੀ ਟੀਮ ਸਵੇਰੇ ਆਪਣੀ ਪਹਿਲੀ ਪਾਰੀ ’ਚ 346 ਦੌੜਾਂ ’ਤੇ ਆਊਟ ਹੋ ਗਈ ਜਿਸ ਨਾਲ ਜ਼ਿੰਬਾਬਵੇ ਨੂੰ ਦਸ ਦੌੜਾਂ ਦੀ ਲੀਡ ਮਿਲੀ ਜਿਸ ਨੇ ਪਹਿਲੀ ਪਾਰੀ ’ਚ 356 ਦੌੜਾਂ ਬਣਾਈਆਂ ਸਨ। ਰਜ਼ਾ ਨੇ ਆਪਣੇ ਕਰੀਅਰ ਦਾ ਸਭ ਤੋਂ ਵੱਡਾ ਸਕੋਰ ਬਣਾਇਆ ਹੈ ਅਤੇ ਉਹ ਆਪਣੇ ਪਹਿਲੇ ਸੈਂਕੜੇ ਤੋਂ ਸਿਰਫ਼ ਤਿੰਨ ਦੌੜਾਂ ਦੂਰ ਹੈ।
ਉਸ ਨੇ ਹੁਣ ਤੱਕ 158 ਗੇਂਦਾਂ ਦਾ ਸਾਹਮਣਾ ਕਰਕੇ ਸੱਤ ਚੌਕੇ ਤੇ ਇੱਕ ਛੱਕਾ ਲਾਇਆ ਹੈ। ਵਾਲੇਰ ਨੇ ਤੇਜ਼ੀ ਨਾਲ ਦੌੜਾਂ ਜੁਟਾਈਆਂ। ਉਸ ਨੇ 76 ਗੇਂਦਾਂ ’ਚ ਖੇਡ ਕੇ ਅੱਠ ਚੌਕੇ ਲਾਏ। ਜ਼ਿੰਬਾਬਵੇ ਦੀ ਦੂਜੀ ਪਾਰੀ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ ਉਸ ਦੇ ਚਾਰ ਮੋਹਰੀ ਬੱਲੇਬਾਜ਼ ਜਲਦੀ ਹੀ ਪੈਵੇਲੀਅਨ ਮੁੜ ਗਏ। ਖੱਬੇ ਹੱਥ ਦੇ ਸਪਿੰਨਰ ਹੇਰਾਥ ਨੇ ਹੈਮਿਲਟਨ ਮਾਸਕਾਦਜਾ, ਤਾਰਿਸਾਈ ਮੁਸਾਕਾਂਡਾ ਅਤੇ ਰੇਗਿਸ ਚਕਾਬਵਾ ਨੂੰ ਕਰੀਜ਼ ’ਤੇ ਟਿਕਣ ਨਹੀਂ ਦਿੱਤਾ।

Facebook Comment
Project by : XtremeStudioz