Close
Menu

ਰਾਜਨਾਥ ਸਿੰਘ ਵੱਲੋਂ ਪ੍ਰਧਾਨ ਮੰਤਰੀ ਦੀ ਸੁਰੱਖਿਆ ਦਾ ਜਾਇਜ਼ਾ

-- 12 June,2018

ਨਵੀਂ ਦਿੱਲੀ/ਮੁੰਬਈ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਿਛਲੇ ਦਿਨੀਂ ਜਾਨੋਂ ਮਾਰਨ ਦੀਆਂ ਮਿਲੀਆਂ ਧਮਕੀਆਂ ਦੇ ਮੱਦੇਨਜ਼ਰ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੀ ਅਗਵਾਈ ਵਿੱਚ ਅੱਜ ਹੋਈ ਉੱਚ ਪੱਧਰੀ ਮੀਟਿੰਗ ਵਿੱਚ ਪ੍ਰਧਾਨ ਮੰਤਰੀ ਦੀ ਸੁਰੱਖਿਆ ਦਾ ਜਾਇਜ਼ਾ ਲਿਆ ਗਿਆ। ਇਸ ਦੌਰਾਨ ਸ਼ਿਵ ਸੈਨਾ ਨੇ ਇਸ ਗੱਲ ਦਾ ਮਖੌਲ ਉਡਾਇਆ ਹੈ ਕਿ ਮਾਓਵਾਦੀਆਂ ਨੇ ਚਿੱਠੀ ਲਿਖ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਾਰਨ ਦੀ ਯੋਜਨਾ ਬਣਾਈ ਸੀ। ਨੈਸ਼ਨਲ ਕਾਂਗਰਸ ਪਾਰਟੀ ਦੇ ਮੁਖੀ ਸ਼ਰਦ ਪਵਾਰ ਨੇ ਕਿਹਾ ਕਿ ਇਹ ਕਿਸੇ ਡਰਾਉਣੀ ਫਿਲਮ ਦੀ ਕਹਾਣੀ ਜਾਪਦੀ ਹੈ। ਉਧਰ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਐਨਸੀਪੀ ਮੁਖੀ ਨੂੰ ਕਿਹਾ ਕਿ ਉਹ ਨਫ਼ਰਤ ਦੀ ਸਿਆਸਤ ਦੀ ਥਾਂ ਦੇਸ਼ ਦੀ ਸਿਆਸਤ ਕਰਨ। ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਕਿਹਾ ਕਿ ਦੇਸ਼ ਵਿੱਚ ਪਹਿਲਾਂ ਹੀ ਦੋ ਪ੍ਰਧਾਨ ਮੰਤਰੀ ਹਿੰਸਾ ਦੀ ਭੇਟ ਚੜ੍ਹ ਚੁੱਕੇ ਹਨ, ਲਿਹਾਜ਼ਾ ਅਜਿਹੇ ਯਤਨਾਂ ਦੀ ਨਿਖੇਧੀ ਕਰਨੀ ਬਣਦੀ ਹੈ।
ਕੌਮੀ ਸੁਰੱਖਿਆ ਸਲਾਹਕਾਰ, ਗ੍ਰਹਿ ਸਕੱਤਰ ਤੇ ਇੰਟੈਲੀਜੈਂਸ ਬਿਊਰੋ ਦੇ ਡਾਇਰੈਕਟਰ ਦੀ ਸ਼ਮੂਲੀਅਤ ਵਾਲੀ ਇਸ ਮੀਟਿੰਗ ਦੌਰਾਨ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਸਬੰਧਤ ਏਜੰਸੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਪ੍ਰਧਾਨ ਮੰਤਰੀ ਦੇ ਸੁਰੱਖਿਆ ਪ੍ਰਬੰਧ ਨੂੰ ਮਜ਼ਬੂਤ ਕਰਨ ਲਈ ਹੋਰਨਾਂ ਏਜੰਸੀਆਂ ਨਾਲ ਸਲਾਹ ਮਸ਼ਵਰੇ ਮਗਰੋਂ ਜ਼ਰੂਰੀ ਕਦਮ ਚੁੱਕਣ।

Facebook Comment
Project by : XtremeStudioz