Close
Menu

ਰਾਜਪਾਲ ਨੂੰ ਮਿਲਿਆ ਅਕਾਲੀ ਦਲ-ਭਾਜਪਾ ਦਾ ਵਫ਼ਦ

-- 21 June,2018

ਚੰਡੀਗਡ਼੍ਹ, 21 ਜੂਨ
ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਸਾਂਝੇ ਵਫ਼ਦ ਨੇ ਅੱਜ ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਨੂੰ ਮੰਗ ਪੱਤਰ ਦੇ ਕੇ ਕਿਹਾ ਕਿ ਉਹ ਪੰਜਾਬ ਸਰਕਾਰ ਨੂੰ ਮੁਹਾਲੀ ਵਿੱਚ ਰੇਤ ਮਾਫੀਆ ਵੱਲੋਂ ਜੰਗਲਾਤ ਅਧਿਕਾਰੀਆਂ ’ਤੇ ਕੀਤੇ ਜਾਨਲੇਵਾ ਹਮਲੇ  ਅਤੇ ਇਸ ਮਾਫ਼ੀਏ ਦੀਆਂ ਪੰਜਾਬ ਵਿੱਚ ਵਧ ਰਹੀਆਂ ਗੈਰਕਾਨੂੰਨੀ ਗਤੀਵਿਧੀਆਂ ਦੀ ਨਿਆਂਇਕ ਜਾਂਚ ਕਰਵਾਉਣ ਦਾ ਨਿਰਦੇਸ਼ ਦੇਣ।
ਸੰਸਦ ਮੈਂਬਰ ਅਤੇ ਅਕਾਲੀ ਦਲ ਦੇ ਸਕੱਤਰ ਜਨਰਲ ਸੁਖਦੇਵ ਸਿੰਘ ਢੀਂਡਸਾ ਅਤੇ ਭਾਜਪਾ ਦੇ ਸੂਬਾ ਪ੍ਰਧਾਨ ਸ਼ਵੇਤ ਮਲਿਕ ਦੀ ਅਗਵਾਈ ਵਿੱਚ ਗਏ ਅਕਾਲੀ-ਭਾਜਪਾ ਦੇ ਇਸ ਸਾਂਝੇ ਵਫ਼ਦ ਨੇ ਰਾਜਪਾਲ ਨੂੰ ਦੋ ਦਿਨ ਪਹਿਲਾਂ ਮੁਹਾਲੀ ਵਿੱਚ ਰੇਤ ਮਾਫ਼ੀਆ ਵੱਲੋਂ ਦੋ ਜੰਗਲਾਤ ਅਧਿਕਾਰੀਆਂ ਉੱਤੇ ਕੀਤੇ ਜਾਨਲੇਵਾ ਹਮਲੇ ਅਤੇ ਕਾਂਗਰਸ ਪਾਰਟੀ ਵੱਲੋਂ ਇਸ ਮਾਫ਼ੀਆ ਦੀ ਕੀਤੀ ਜਾ ਰਹੀ ਕਥਿਤ ਪੁਸ਼ਤਪਨਾਹੀ ਬਾਰੇ ਦੱਸਿਆ।
ਵਫ਼ਦ ਨੇ ਰਾਜਪਾਲ ਨੂੰ ਕਿਹਾ ਕਿ ਉਹ ਕਾਂਗਰਸ ਸਰਕਾਰ ਨੂੰ ਨਿਰਦੇਸ਼ ਦੇਣ ਕਿ ਉਹ ਗੈਰਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ ਸੰਜੀਦਗੀ ਨਾਲ ਕੰਮ ਕਰ ਰਹੇ ਸਾਰੇ ਅਧਿਕਾਰੀਆਂ ਦੇ ਜਾਨ ਅਤੇ ਮਾਲ ਦੀ ਰਾਖੀ ਨੂੰ ਯਕੀਨੀ ਬਣਾਏ। ਵਫ਼ਦ ਨੇ ਦੱਸਿਆ ਕਿ ਮੁਹਾਲੀ ਦੇ ਪਿੰਡ ਸਿਉਂਕ ਵਿੱਚ ਗੈਰਕਾਨੂੰਨੀ ਢੰਗ ਨਾਲ ਕੱਢਿਆ ਰੇਤਾ ਟਰੈਕਟਰ-ਟਰਾਲੀ ਰਾਹੀਂ ਢੋਅ ਰਹੇ ਮਾਫ਼ੀਆ ਗਰੋਹ ਵੱਲੋਂ 18 ਜੂਨ ਨੂੰ ਬਲਾਕ ਜੰਗਲਾਤ ਅਧਿਕਾਰੀ ਦਵਿੰਦਰ ਸਿੰਘ ਉੱਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਸੀ। ਸ੍ਰੀ ਢੀਂਡਸਾ ਨੇ ਰਾਜਪਾਲ ਨੂੰ ਦੱਸਿਆ ਕਿ ਇਸ ਤੋਂ ਪਹਿਲਾਂ 19 ਨਵੰਬਰ 2017 ਨੂੰ ਰੇਤ ਮਾਫ਼ੀਆ ਵੱਲੋਂ ਮਾਈਨਿੰਗ ਵਿਭਾਗ ਦੇ ਜਨਰਲ ਮੈਨੇਜਰ ਟਹਿਲ ਸਿੰਘ ਸੇਖੋਂ ੳੁੱਤੇ ਉਸ ਸਮੇਂ ਹਮਲਾ ਕੀਤਾ ਗਿਆ ਸੀ, ਜਦੋਂ ਉਨ੍ਹਾਂ ਨੇ ਘੱਗਰ ਦਰਿਆ ਨੇਡ਼ੇ ਪੈਂਦੇ ਪਿੰਡ ਰਾਜਗਡ਼੍ਹ ਵਿੱਚੋਂ ਗੈਰਕਾਨੂੰਨੀ ਤੌਰ ’ਤੇ ਕੱਢੇ ਗਏ ਰੇਤੇ ਨਾਲ ਭਰੇ ਇੱਕ ਟਿੱਪਰ ਨੂੰ ਰੋਕਿਆ ਸੀ। ਸ਼ਵੇਤ ਮਲਿਕ ਨੇ ਦੋਸ਼ ਲਾਇਆ ਕਿ ਕਾਂਗਰਸ ਦੇ ਖੁੱਲ੍ਹੇ ਸਮਰਥਨ ਕਰਕੇ ਸੂਬੇ ਵਿੱਚ ਰੇਤ ਮਾਫ਼ੀਆ ਅਤੇ ਹੋਰ ਗੈਰਕਾਨੂੰਨੀ ਗਤੀਵਿਧੀਆਂ ਵਧ ਰਹੀਆਂ ਹਨ। ਲੋਕਾਂ ਵਿੱਚ ਇਹ ਡਰ ਘਰ ਕਰ ਗਿਆ ਹੈ ਕਿ ਮਾਫ਼ੀਆ ਰਾਜ ਨੂੰ ਰੋਕਣ ਵਾਸਤੇ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਹੈ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਸਰਕਾਰ ਦੇ ਸੱਤਾ ਸੰਭਾਲਦੇ ਹੀ ਉਸ ਸਮੇਂ ਦੇ ਬਿਜਲੀ ਮੰਤਰੀ ਨੇ ਆਪਣੇ ਨੇਪਾਲੀ ਖਾਨਸਾਮੇ ਅਤੇ ਕਰਮਚਾਰੀਆਂ ਦੇ ਨਾਂ ਉਤੇ ਰੇਤ ਖੱਡਾਂ ਹਾਸਲ ਕਰ ਲਈਆਂ ਸਨ। 16 ਕਾਂਗਰਸੀ ਵਿਧਾਇਕਾਂ ਨੇ ਰਲ ਕੇ ਇਕਹਿਰੀਆਂ ਬੋਲੀਆਂ ਰਾਹੀਂ ਆਪਣੇ ਸਾਥੀਆਂ ਅਤੇ ਰਿਸ਼ਤੇਦਾਰਾਂ ਦੇ ਨਾਂ ਉੱਤੇ ਰੇਤ ਦੀਆਂ ਖੱਡਾਂ ਅਲਾਟ ਕਰਵਾਈਆਂ ਸਨ। ਵਫ਼ਦ ਨੇ ਖ਼ੁਲਾਸਾ ਕੀਤਾ ਕਿ ਕਾਂਗਰਸ ਦੇ ਸ਼ਾਹਕੋਟ ਜ਼ਿਮਨੀ ਚੋਣ ਲਈ ਉਮੀਦਵਾਰ ਹਰਦੇਵ ਸਿੰਘ ਲਾਡੀ ਦੀ ਗੈਰਕਾਨੂੰਨੀ ਮਾਈਨਿੰਗ ਵਿੱਚ ਸ਼ਮੂਲੀਅਤ ਬਾਰੇ ਮੀਡੀਆ ਵਿੱਚ ਰੌਲਾ ਪੈਣ ਦੇ ਬਾਵਜੂਦ ਉਸ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ।
ਵਫ਼ਦ ਨੇ ਕਿਹਾ ਕਿ ਇਹ ਸਭ ਸੱਤਾਧਾਰੀ ਪਾਰਟੀ ਅਤੇ ਸੂਬੇ ਦੇ ਅਪਰਾਧੀਆਂ ਵਿਚਾਲੇ ਨਾਪਾਕ ਗੱਠਜੋਡ਼  ਕਰਕੇ ਵਾਪਰ ਰਿਹਾ ਹੈ। ਹਾਲਾਤ ਇਹ ਹਨ ਕਿ ਜੇਲ੍ਹਾਂ ਵਿੱਚ ਬੈਠੇ ਖ਼ਤਰਨਾਕ ਅਪਰਾਧੀ ਸ਼ਰੇਆਮ ਮੁੱਖ ਮੰਤਰੀ ਨੂੰ ਧਮਕੀਆਂ ਦੇ ਰਹੇ ਹਨ, ਬਾਕੀ ਮੰਤਰੀਆਂ ਅਤੇ ਸੂਬੇ ਦੇ ਡੀਜੀਪੀ ਨੂੰ ਧਮਕਾਉਣਾ ਤਾਂ ਆਮ ਗੱਲ ਹੋ ਚੁੱਕੀ ਹੈ।
ਵਫ਼ਦ ਵਿੱਚ  ਅਕਾਲੀ ਦਲ ਵੱਲੋਂ ਬਲਵਿੰਦਰ ਸਿੰਘ ਭੂੰਦਡ਼,  ਬਿਕਰਮ ਸਿੰਘ ਮਜੀਠੀਆ ਤੇ ਸਿਕੰਦਰ ਸਿੰਘ ਮਲੂਕਾ ਅਤੇ ਭਾਜਪਾ ਵੱਲੋਂ ਮਦਨ ਮੋਹਨ ਮਿੱਤਲ, ਰਾਜਿੰਦਰ ਭੰਡਾਰੀ,  ਮਨੋਰੰਜਨ ਕਾਲੀਆ, ਅਸ਼ਵਨੀ ਸ਼ਰਮਾ ਅਤੇ ਰਾਕੇਸ਼ ਰਾਠੌਰ ਵੀ ਸ਼ਾਮਲ ਸਨ।

Facebook Comment
Project by : XtremeStudioz