Close
Menu

ਰਾਫ਼ਾਲ ਸੌਦਾ ਰੱਦ ਕਰਨ ਦਾ ਸਵਾਲ ਹੀ ਨਹੀਂ: ਜੇਤਲੀ

-- 24 September,2018

ਨਵੀਂ ਦਿੱਲੀ, ਰਾਫ਼ਾਲ ਲੜਾਕੂ ਜਹਾਜ਼ਾਂ ਦਾ ਸੌਦਾ ਰੱਦ ਕਰਨ ਦੀ ਸੰਭਾਵਨਾ ਰੱਦ ਕਰਦਿਆਂ ਵਿੱਤ ਮੰਤਰੀ ਅਰੁਣ ਜੇਤਲੀ ਨੇ ਅੱਜ ਆਖਿਆ ਕਿ ਫਰਾਂਸ ਦੇ ਸਾਬਕਾ ਰਾਸ਼ਟਰਪਤੀ ਫਰਾਂਸਵਾਂ ਔਲਾਂਦ ਆਪਾ ਵਿਰੋਧੀ ਬਿਆਨ ਦੇ ਰਹੇ ਹਨ ਤੇ ਨਾ ਹੀ ਭਾਰਤ ਤੇ ਨਾ ਹੀ ਫਰਾਂਸ ਸਰਕਾਰ ਨੇ ਦਾਸੋ ਦੀ ਭਿਆਲ ਵਜੋਂ ਰਿਲਾਇੰਸ ਦੀ ਚੋਣ ਵਿੱਚ ਕੋਈ ਭੂਮਿਕਾ ਨਿਭਾਈ ਸੀ।
ਸ੍ਰੀ ਜੇਤਲੀ ਨੇ ਇਕ ਟੀਵੀ ਚੈਨਲ ਨਾਲ ਮੁਲਾਕਾਤ ਵਿੱਚ ਕਿਹਾ ਕਿ ਸ੍ਰੀ ਔਲਾਂਦ ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਬਿਆਨਾਂ ਦਰਮਿਆਨ ਕੋਈ ਨਾ ਕੋਈ ‘ਜੁਗਲਬੰਦੀ’ ਜਾਪਦੀ ਹੈ। ‘‘ਮੈਂ ਹੈਰਾਨ ਹਾਂ… 30 ਅਗਸਤ ਨੂੰ ਰਾਹੁਲ ਨੇ ਇਕ ਟਵੀਟ ਰਾਹੀਂ ਕਿਹਾ ਸੀ ਕਿ ਫਰਾਂਸ ਵਿੱਚ ਬੰਬ (ਰਾਫਾਲ ਸੌਦੇ ਬਾਰੇ) ਫੁੱਟਣ ਜਾ ਰਹੇ ਹਨ। ਉਨ੍ਹਾਂ ਨੂੰ ਇਸ ਬਾਰੇ ਕਿਵੇਂ ਪਤਾ ਚੱਲਿਆ?’’
ਸ੍ਰੀ ਜੇਤਲੀ ਨੇ ਕਿਹਾ ‘‘ ਹਾਲਾਂਕਿ ਮੇਰੇ ਕੋਲ ਇਸ ਜੁਗਲਬੰਦੀ ਦਾ ਕੋਈ ਸਬੂਤ ਤਾਂ ਨਹੀਂ ਹੈ ਪਰ ਇਹ ਮਨ ਵਿੱਚ ਸ਼ੱਕ ਪੈਦਾ ਕਰਦੀ ਹੈ…ਕੋਈ ਨਾ ਕੋਈ ਗੱਲ ਤਾਂ ਹੈ… ਪਹਿਲਾਂ ਇਕ ਬਿਆਨ (ਔਲਾਂਦ ਵੱਲੋਂ) ਆਉਂਦਾ ਹੈ ਤੇ ਫਿਰ ਉਸ ਦਾ ਖੰਡਨ ਕਰਦੇ ਹਨ ਪਰ ਉਨ੍ਹਾਂ (ਗਾਂਧੀ) ਨੇ 20 ਦਿਨ ਪਹਿਲਾਂ ਹੀ ਪੇਸ਼ੀਨਗੋਈ ਕਰ ਦਿੱਤੀ ਸੀ।’’ ਉਨ੍ਹਾਂ ਕਿਹਾ ਕਿ ਰਾਫ਼ਾਲ ਸੌਦਾ ਰੱਦ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਕਿਉਂਕਿ ਇਹ ਦੇਸ਼ ਦੀਆਂ ਰੱਖਿਆ ਜ਼ਰੂਰਤਾਂ ਦੀ ਪੂਰਤੀ ਕਰਦਾ ਹੈ। ਸ੍ਰੀ ਔਲਾਂਦ ਦੇ ਬਿਆਨ ਬਾਰੇ ਪੁੱਛੇ ਜਾਣ ’ਤੇ ਸ੍ਰੀ ਜੇਤਲੀ ਨੇ ਆਖਿਆ ਕਿ ਫਰਾਂਸ ਸਰਕਾਰ ਨੇ ਬਿਆਨ ਜਾਰੀ ਕੀਤਾ ਹੈ ਕਿ ਰਿਲਾਇੰਸ ਡਿਫੈਂਸ ਨੂੰ ਦਾਸੋ ਏਵੀਏਸ਼ਨ ਦੀ ਭਿਆਲ ਚੁਣਨ ਦਾ ਫੈਸਲਾ ਕੰਪਨੀ ਨੇ ਕੀਤਾ ਸੀ ਤੇ ਇਸ ਵਿੱਚ ਸਰਕਾਰ ਦੀ ਕੋਈ ਭੂਮਿਕਾ ਨਹੀਂ ਸੀ। ਦਾਸੋ ਨੇ ਇਹ ਵੀ ਆਖਿਆ ਹੈ ਕਿ ਉਸ ਨੇ ਬਹੁਤ ਸਾਰੀਆਂ ਕੰਪਨੀਆਂ ਨਾਲ ਸਮਝੌਤੇ ਕੀਤੇ ਹਨ।

ਰਾਫ਼ਾਲ: ਜੇਪੀਸੀ ਦਾ ਐਲਾਨ ਕਰੇ ਸਰਕਾਰ: ਰਾਹੁਲ ਗਾਂਧੀ

ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਵਿੱਤ ਮੰਤਰੀ ਅਰੁਣ ਜੇਤਲੀ ’ਤੇ ਜਵਾਬੀ ਹਮਲਾ ਕਰਦਿਆਂ ਆਖਿਆ ਕਿ ਹੁਣ ਪ੍ਰਧਾਨ ਮੰਤਰੀ ਤੇ ਹੋਰਨਾਂ ਮੰਤਰੀਆਂ ਨੂੰ ਝੂਠ ਬੋਲਣਾ ਬੰਦ ਕਰ ਦੇਣਾ ਚਾਹੀਦਾ ਤੇ ਸੱਚ ਦੇ ਨਿਤਾਰੇ ਲਈ ਰਾਫ਼ਾਲ ਸੌਦੇ ਵਿੱਚ ਹੋਏ ਘੁਟਾਲੇ ਬਾਰੇ ਸਾਂਝੀ ਸੰਸਦੀ ਕਮੇਟੀ ਰਾਹੀਂ ਜਾਂਚ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ‘‘ਸ੍ਰੀ ਜੇਤਲੀ ਵਿੱਚ ਸੱਚ ਝੂਠ ਨੂੰ ਘੁਮਾਉਣ ਅਤੇ ਗ਼ਲਤ ਕੰਮਾਂ ਦੀ ਪਰਦਾਪੋਸ਼ੀ ਕਰਨ ਦੀ ਕਮਾਲ ਦੀ ਖਾਸੀਅਤ ਹੈ। ਹੁਣ ਸਮਾਂ ਆ ਗਿਆ ਹੈ ਕਿ ਸਾਡੇ ਰੱਖਿਆ ਮੰਤਰੀ ਤੇ ਪ੍ਰਧਾਨ ਮੰਤਰੀ ਝੂਠ ਬੋਲਣਾ ਬੰਦ ਕਰਨ ਤੇ ਰਾਫ਼ਾਲ ਘੁਟਾਲੇ ਬਾਰੇ ਮੁਕੰਮਲ ਸੱਚ ਸਾਹਮਣੇ ਲਿਆਉਣ ਲਈ ਜੇਪੀਸੀ ਕਾਇਮ ਕਰਨ।’’ ਇਸ ਦੌਰਾਨ, ਕਾਂਗਰਸ ਨੇ ਪ੍ਰਧਾਨ ਮੰਤਰੀ ਮੋਦੀ ’ਤੇ ਦੋਸ਼ ਲਾਇਆ ਕਿ ਫਰਾਂਸ ਤੋਂ 36 ਲੜਾਕੂ ਜਹਾਜ਼ ਖਰੀਦਣ ਬਾਰੇ ਅਨਿਲ ਅੰਬਾਨੀ ਦੀ ਕੰਪਨੀ ਰਿਲਾਇੰਸ ਡਿਫੈਂਸ ਨੂੰ ਖ਼ੁਫ਼ੀਆ ਜਾਣਕਾਰੀ ਲੀਕ ਕਰਨ ਦਾ ਦੋਸ਼ ਲਾਇਆ ਹੈ। ਇਸ ਦੌਰਾਨ, ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਉਪ ਨੇਤਾ ਆਨੰਦ ਸ਼ਰਮਾ ਨੇ ਇੱਥੇ ਇਕ ਨਿਊਜ਼ ਕਾਨਫਰੰਸ ਵਿੱਚ ਕਿਹਾ ‘‘ ਮੈਂ ਸਿੱਧਾ ਦੋਸ਼ ਲਾ ਰਿਹਾ ਹਾਂ ਕਿ ਪ੍ਰਧਾਨ ਮੰਤਰੀ ਨੇ ਰਾਜ਼ਦਾਰੀ ਦੇ ਹਲਫ਼ ਦੀ ਉਲੰਘਣਾ ਕੀਤੀ ਹੈ। ਸਿਰਫ਼ ਉਹੀ ਅਨਿਲ ਅੰਬਾਨੀ ਨੂੰ ਦੱਸ ਸਕਦੇ ਸਨ ਕਿ ਐਚਏਐਲ ਬਾਹਰ ਹੋ ਗਈ ਹੈ ਤੇ ਉਹ 36 ਲੜਾਕੂ ਜਹਾਜ਼ਾਂ ਦਾ ਸੌਦਾ ਕਰਨ ਜਾ ਰਹੇ ਹਨ ਤੇ ਤੁਸੀ (ਅੰਬਾਨੀ) ਜਾਓ ਦਾਸੋ ਏਵੀਏਸ਼ਨ (ਰਾਫਾਲ ਜਹਾਜ਼ ਨਿਰਮਾਣਕਾਰ) ਨਾਲ ਗੱਲ ਕਰੋ।’’
ਉਨ੍ਹਾਂ ਕਿਹਾ ‘‘ ਅਸੀਂ ਰੱਖਿਆ ਮੰਤਰੀ ਜਾਂ ਵਿੱਤ ਮੰਤਰੀ ਤੋਂ ਕੁਝ ਨਹੀਂ ਸੁਣਨਾ ਚਾਹੁੰਦੇ। ਜਿਸਨੂੰ ਬੋਲਣਾ ਚਾਹੀਦਾ ਹੈ ਉਸ ਨੇ ਮੌਨ ਵਰਤ ਧਾਰਿਆ ਹੋਇਆ ਹੈ। ਪ੍ਰਧਾਨ ਮੰਤਰੀ ਨੂੰ ਇਨ੍ਹਾਂ ਸਵਾਲਾਂ ਦਾ ਜਵਾਬ ਦੇਣਾ ਚਾਹੀਦਾ ਹੈ।’’ ਰਿਲਾਇੰਸ ਗਰੁਪ ਨੇ ਇਨ੍ਹਾਂ ਦੋਸ਼ਾਂ ਦਾ ਖੰਡਨ ਕਰਦਿਆਂ ਕਿਹਾ ਸੀ ਕਿ ਦਾਸੋ ਏਵੀਏਸ਼ਨ ਨਾਲ ਸਮਝੌਤੇ ਵਿੱਚ ਸਰਕਾਰ ਦਾ ਕੋਈ ਹੱਥ ਨਹੀਂ ਸੀ।

Facebook Comment
Project by : XtremeStudioz