Close
Menu

ਰਾਹੁਲ ਨੂੰ ਪੁੱਛਣਾ ਚਾਹੀਦੈ ਕਿ ਸੋਹਰਾਬੂਦੀਨ ਜਾਂਚ ਕਿਸਨੇ ਖਰਾਬ ਕੀਤੀ: ਜੇਤਲੀ

-- 31 December,2018

ਨਵੀਂ ਦਿੱਲੀ, 31 ਦਸੰਬਰ
ਸੋਹਰਾਬੂਦੀਨ ਕੇਸ ਬਾਰੇ ਕਾਂਗਰਸ ’ਤੇ ਨਿਸ਼ਾਨਾ ਸੇਧਦਿਆਂ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਹੈ ਕਿ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਲਈ ਪੁੱਛਣ ਵਾਲਾ ਉਚਿਤ ਸਵਾਲ ਇਹ ਹੋਣਾ ਚਾਹੀਦਾ ਹੈ ਕਿ ਕਿਸਨੇ ਇਸ ਕੇਸ ਦੀ ਜਾਂਚ ਨੂੰ ਖਰਾਬ ਕੀਤਾ। ਮੁੰਬਈ ਸੀਬੀਆਈ ਦੇ ਵਿਸ਼ੇਸ਼ ਜੱਜ ਨੇ ਇਸ ਕੇਸ ਵਿਚ ਸ਼ਾਮਲ ਸਾਰੇ ਮੁਲਜ਼ਮਾਂ ਨੂੰ ਦੋਸ਼ਾਂ ਤੋਂ ਬਰੀ ਕਰ ਦਿੱਤਾ ਸੀ।
ਸ੍ਰੀ ਜੇਤਲੀ ਨੇ ਕਿਹਾ, ‘ਬਰੀ ਕਰਨ ਦਾ ਹੁਕਮ ਦੇਣ ਨਾਲੋਂ ਜੱਜ ਦੀ ਟਿੱਪਣੀ ਵੱਧ ਧਿਆਨਦੇਣਯੋਗ ਹੈ ਜਿਸ ਮੁਤਾਬਕ ਜਾਂਚ ਦੌਰਾਨ ਸ਼ੁਰੂ ਤੋਂ ਹੀ ਜਾਂਚ ਏਜੰਸੀ ਨੇ ਸੱਚ ਦਾ ਪਤਾ ਲਾਉਣ ਲਈ ਇਸ ਕੇਸ ਦੀ ਪੇਸ਼ੇਵਰ ਢੰਗ ਨਾਲ ਜਾਂਚ ਕਰਨ ਦਾ ਯਤਨ ਨਹੀਂ ਕੀਤਾ ਬਲਕਿ ਇਸਨੂੰ ਕੁਝ ਖਾਸ ਰਾਜਸੀ ਆਗੂਆਂ ਵੱਲ ਮੋੜਨ ਦਾ ਯਤਨ ਕੀਤਾ।’
ਕੇਸ ਦੇ ਫੈਸਲੇ ਵਾਲੇ ਦਿਨ ਰਾਹੁਲ ਗਾਂਧੀ ਵੱਲੋਂ ਕੀਤੀ ਟਿੱਪਣੀ ਕਿ ‘ਕਿਸੇ ਨੇ ਵੀ ਸੋਹਰਾਬੂਦੀਨ ਨੂੰ ਨਹੀਂ ਮਾਰਿਆ’ ਬਾਰੇ ਪ੍ਰਤੀਕਿਰਿਆ ਦਿੰਦਿਆਂ ਸ੍ਰੀ ਜੇਤਲੀ ਨੇ ਕਿਹਾ,‘ਇਹ ਜ਼ਿਆਦਾ ਸਹੀ ਹੁੰਦਾ ਜੇਕਰ ਉਨ੍ਹਾਂ ਸਹੀ ਸਵਾਲ ਪੁੱਛਿਆ ਹੁੰਦਾ, ਕਿ ਸੋਹਰਾਬੂਦੀਨ ਕੇਸ ਦੀ ਜਾਂਚ ਨੂੰ ਖਰਾਬ ਕਿਸਨੇ ਕੀਤਾ, ਤਾਂ ਉਨ੍ਹਾਂ ਨੂੰ ਸਹੀ ਜੁਆਬ ਮਿਲ ਗਿਆ ਹੁੰਦਾ।’ ਜੇਤਲੀ ਨੇ ਆਪਣੀ ਫੇਸਬੁੱਕ ਪੋਸਟ ‘ਹੂ ਕਿਲਡ ਦਿ ਸੋਹਰਾਬੂਦੀਨ ਇਨਵੈਸਟੀਗੇਸ਼ਨ’ ਵਿਚ ਕਿਹਾ ਕਿ ਜਿਹੜੇ ਲੋਕ ਸੰਸਥਾਵਾਂ ਦੀ ਸੁਤੰਤਰਤਾ ਸਬੰਧੀ ਹਾਲ ਹੀ ਵਿਚ ਬਿਆਨ ਦੇ ਰਹੇ ਹਨ, ਉਨ੍ਹਾਂ ਨੂੰ ਇਸ ਗੱਲ ਦਾ ਅੰਤਰਮੰਥਨ ਕਰਨ ਦੀ ਲੋੜ ਹੈ ਕਿ ਜਦੋਂ ਉਹ ਸੱਤਾ ਵਿਚ ਸਨ ਤਾਂ ਉਨ੍ਹਾਂ ਸੀਬੀਆਈ ਨਾਲ ਕੀ ਕੀਤਾ।

Facebook Comment
Project by : XtremeStudioz