Close
Menu

ਰਿੰਕਲ ਕਤਲ ਕੇਸ: ਸੁਪਾਰੀ ਲੈਣ ਵਾਲੇ ਤਿੰਨ ਗੈਂਗਸਟਰ ਗ੍ਰਿਫ਼ਤਾਰ

-- 14 September,2018

ਜਲੰਧਰ, ਕਾਊਂਟਰ ਇੰਟੈਲੀਜੈਂਸ ਜਲੰਧਰ ਨੇ ਦਿਹਾਤੀ ਪੁਲੀਸ ਨਾਲ ਮਿਲ ਕੇ ਸੁਪਾਰੀ ਲੈ ਕੇ ਕਤਲ ਕਰਨ ਵਾਲੇ ਤਿੰਨ ਗੈਂਗਸਟਰਾਂ ਨੂੰ ਅਸਲੇ ਅਤੇ ਦੋ ਕਾਰਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਫੜੇ ਗਏ ਗੈਂਗਸਟਰ ਦੋਆਬਾ ਦੇ ਸ਼ੇਰੂ ਗੈਂਗ ਦੇ ਮੈਂਬਰ ਦੱਸੇ ਜਾ ਰਹੇ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਊਂਟਰ ਇੰਟੈਲੀਜੈਂਸ ਵਿੰਗ ਦੇ ਸਹਾਇਕ ਇੰਸਪੈਕਟਰ ਜਨਰਲ ਐੱਚ ਪੀ ਐੱਸ ਖੱਖ ਨੇ ਦੱਸਿਆ ਕਿ ਲੁਧਿਆਣਾ ਦੇ ਬਹੁ-ਚਰਚਿਤ ਰਿੰਕਲ ਕਤਲ ਕੇਸ ਵਿੱਚ ਸੁਪਾਰੀ ਲੈ ਕੇ ਕਤਲ ਕਰਨ ਵਾਲੇ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਦੀ ਪਛਾਣ ਗੁਰਮੀਤ ਸਿੰਘ ਉਰਫ਼ ਬੁੱਧੂ, ਮਨਮੀਤ ਸਿੰਘ ਉਰਫ਼ ਮਨੀ ਫਲੋਰਾ (ਦੋਵੇਂ ਵਾਸੀ ਲੁਹਾਰਾਂ) ਅਤੇ ਭੁਪਿੰਦਰ ਸਿੰਘ ਉਰਫ਼ ਬਿੰਦਾ ਵਾਸੀ ਜੰਡੌਰ ਜ਼ਿਲ੍ਹਾ ਹੁਸ਼ਿਆਰਪੁਰ ਵਜੋਂ ਹੋਈ ਹੈ।
ਸ੍ਰੀ ਖੱਖ ਨੇ ਦੱਸਿਆ ਕਿ ਗੁਪਤ ਸੂਚਨਾ ਮਿਲੀ ਸੀ ਕਿ ਸਤਨਾਮ ਸਿੰਘ ਉਰਫ਼ ਸੁੱਖੀ ਧੀਰੋਵਾਲ ਦੀ ਅਗਵਾਈ ਹੇਠ ਬਣੇ ਸ਼ੇਰੂ ਗੈਂਗ ਦੇ ਭੁਪਿੰਦਰ ਸਿੰਘ, ਗੁਰਮੀਤ, ਮਨਮੀਤ, ਮੋਨੂੰ ਕੌਲ ਅਤੇ ਗੁਰਪ੍ਰੀਤ ਸਿੰਘ ਉਰਫ਼ ਗੋਪੀ, ਜੋ ਸੁਪਾਰੀ ਲੈ ਕੇ ਕਤਲ ਅਤੇ ਡਕੈਤੀਆਂ ਆਦਿ ਦੇ ਜੁਰਮ ਕਰਦੇ ਹਨ, ਇਕ ਏਜੰਸੀ ਵਿੱਚ ਲੁੱਟ ਕਰਨ ਦੇ ਇਰਾਦੇ ਨਾਲ ਟਾਂਡੇ ਤੋਂ ਕਾਰ ਰਾਹੀਂ ਭੋਗਪੁਰ ਵੱਲ ਆ ਰਹੇ ਹਨ। ਕਾਊਂਟਰ ਇੰਟੈਲੀਜੈਂਸ ਨੇ ਇਸ ਦੀ ਸੂਚਨਾ ਦਿਹਾਤੀ ਪੁਲੀਸ ਦੇ ੱਸਐੱਸਪੀ ਨਵਜੋਤ ਸਿੰਘ ਮਾਹਲ ਨਾਲ ਸਾਂਝੀ ਕੀਤੀ। ਇਸ ਮਗਰੋਂ ਤਿੰਨ ਗੈਂਗਸਟਰ ਕਾਬੂ ਆ ਗਏ ਜਦਕਿ ਇਕ ਜਣਾ ਫਰਾਰ ਹੋ ਗਿਆ। ਉਨ੍ਹਾਂ ਕੋਲੋਂ ਦੋ ਪਿਸਤੌਲ 9 ਐਮਐਮ ਤੇ 32 ਬੋਰ ਨਾਲ 11 ਜ਼ਿੰਦਾ ਕਾਰਤੂਸ ਅਤੇ ਇਕ ਲਾਂਸਰ ਕਾਰ ਬਰਾਮਦ ਹੋਈ ਹੈ। ਮੁਢਲੀ ਪੁੱਛ-ਗਿੱਛ ਮਗਰੋਂ ਉਨ੍ਹਾਂ ਦੀ ਨਿਸ਼ਾਨਦੇਹੀ ’ਤੇ ਲੁਧਿਆਣਾ ਕਤਲ ਕੇਸ ਵਿੱਚ ਵਰਤੀ ਕਾਰ ਵੀ ਬਰਾਮਦ ਕੀਤੀ ਗਈ।
ਸ੍ਰੀ ਖੱਖ ਨੇ ਦੱਸਿਆ ਕਿ ਲੁਧਿਆਣਾ ਵਿੱਚ ਰਿੰਕਲ ਦੇ ਕਤਲ ਮਗਰੋਂ ਪੁਲੀਸ ਸਾਹਮਣੇ ਆਤਮ ਸਮਰਪਣ ਕਰਨ ਵਾਲੇ ਨਗਰ ਨਿਗਮ ਕੌਂਸਲਰ ਦੇ ਪੁੱਤਰ ਜਤਿੰਦਰਪਾਲ ਸਿੰਘ ਸੰਨੀ ਨੇ ਇਨ੍ਹਾਂ ਗੁੰਡਿਆਂ ਨੂੰ ਪੈਸੇ ਦੇ ਕੇ ਬੁਲਾਇਆ ਸੀ। ਉਨ੍ਹਾਂ ਦੱਸਿਆ ਕਿ ਇਸ ਕਤਲ ਦੇ ਦੋ ਦਿਨਾਂ ਬਾਅਦ ਲੁਧਿਆਣਾ ਪੁਲੀਸ ਨੇ ਦੋ ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ ਪਰ ਮੁੱਖ ਦੋਸ਼ੀ ਫਰਾਰ ਸਨ, ਜਿਨ੍ਹਾਂ ਨੂੰ ਅੱਜ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸੰਨੀ ਨੇ ਇਹ ਕਤਲ ਨਿੱਜੀ ਦੁਸ਼ਮਣੀ ਕਰਕੇ ਪੈਸੇ ਦੇ ਕੇ ਕਰਵਾਇਆ ਸੀ।

Facebook Comment
Project by : XtremeStudioz