Close
Menu

ਲਖਨਊ ਪੁਲੀਸ ਨਾਲ ‘ਮੁਖ਼ਬਰਾਂ’ ਵਾਲੀ ਸਾਂਝ ਪਾ ਕੇ ਸੰਜੇ ਬਣਿਆ ਰਿਹਾ ਸਭ ਦਾ ‘ਗੁਰੂ’

-- 19 May,2017

ਚੰਡੀਗੜ੍ਹ, ਪੰਜਾਬ ਦੇ ਸਰਕਾਰੀ ਵਿਭਾਗਾਂ ਵਿੱਚ ਪੈਸੇ ਦੇ ਜ਼ੋਰ ਨਾਲ ਨੌਕਰੀਆਂ ਦੇ ਯੋਗ ਬਣਾਉਣ ਵਾਲੇ ਸੰਜੇ ਸ੍ਰੀਵਾਸਤਵ ਉਰਫ਼ ‘ਗੁਰੂ ਜੀ’ ਵੱਲੋਂ ਉੱਤਰ ਪ੍ਰਦੇਸ਼ ਪੁਲੀਸ ਨਾਲ ‘ਮੁਖ਼ਬਰਾਂ’ ਵਾਲੀ ਸਾਂਝ ਗੰਢ ਕੇ ਹੋਰ ਰਾਜਾਂ ਵਿੱਚ ਨੌਕਰੀ ਘੁਟਾਲੇ ਦੀ ਅਗਵਾਈ ਕੀਤੀ ਜਾ ਰਹੀ ਸੀ। ਪੰਜਾਬ ਵਿਜੀਲੈਂਸ ਵੱਲੋਂ ਨੌਕਰੀ ਘੁਟਾਲੇ ਵਿੱਚ ਗ੍ਰਿਫ਼ਤਾਰੀ ਤੋਂ ਬਾਅਦ ਮੁਢਲੀ ਪੁੱਛਗਿੱਛ ਦੌਰਾਨ ਇਹ ਹੈਰਾਨੀਜਨਕ ਤੱਥ ਸਾਹਮਣੇ ਆਏ ਹਨ। ਉਹ ਪ੍ਰਸ਼ਨ ਪੱਤਰ ਲੀਕ ਕਰਵਾ ਕੇ ਅੰਤਰਰਾਜੀ ਗਰੋਹ ਰਾਹੀਂ ਵੱਡੇ ਪੱਧਰ ’ਤੇ ਜਾਇਦਾਦ ਇਕੱਠੀ ਕਰ ਚੁੱਕਾ ਹੈ। ਲਖਨਊ ’ਚ ਉਸ ਵੱਲੋੋਂ ਇੱਕ ਵੱਡੀ ਰੀਅਲ ਅਸਟੇਟ ਕੰਪਨੀ ਚਲਾਈ ਜਾ ਰਹੀ ਹੈ ਤੇ ਮਰਸੀਡੀਜ਼ ਕਾਰਾਂ ’ਚ ਘੁੰਮਣ ਦਾ ਸ਼ੌਕੀਨ ਹੋਣ ਕਾਰਨ ਮਹਿੰਗੀਆਂ ਕਾਰਾਂ ਵੀ ਰੱਖੀਆਂ ਹੋਈਆਂ ਹਨ। ਉਸ ਨੇ ਐਮ.ਟੈਕ ਅਤੇ ਐਮ.ਬੀ.ਏ. ਕੀਤੀ ਹੋਈ ਹੈ ਤੇ ਫਰਾਟੇਦਾਰ ਅੰਗਰੇਜ਼ੀ ਬੋਲਦਾ ਹੈ। ਨੌਕਰੀਆਂ ਦੇ ਪ੍ਰਸ਼ਨ ਪੱਤਰ ਉਹ ਝਟਪਟ ਖ਼ੁਦ ਹੀ ਹੱਲ ਕਰ ਦਿੰਦਾ ਸੀ। ਸੂਤਰਾਂ ਮੁਤਾਬਕ ਉਹ ‘ਵਿਸ਼ੇਸ਼ ਟਾਸਕ ਫੋਰਸ’ (ਐਸਟੀਐਫ) ਦਾ ਮੁਖ਼ਬਰ ਬਣ ਕੇ ਹੋਰ ਰਾਜਾਂ ’ਚ ਚੱਲਦੇ ਗਰੋਹ ਦੇ ਮੈਂਬਰਾਂ ਬਾਰੇ ਖ਼ੁਫੀਆ ਜਾਣਕਾਰੀ ਦਿੰਦਾ ਸੀ ਤਾਂ ਜੋ ਸਾਰੇ ਰਾਜਾਂ ਵਿੱਚ ਹੀ ਆਪਣੇ ਨੌਕਰੀ ਗਰੋਹ ਦਾ ਦਬਦਬਾ ਬਣੇ ਸਕੇ। ਐਸ.ਟੀ.ਐਫ. ਲਖਨਊ ’ਚ ਤਾਇਨਾਤ ਪੁਲੀਸ ਅਫ਼ਸਰਾਂ ਨਾਲ ਨੇੜਤਾ ਗੰਢ ਕੇ ਸੰਜੇ ਨੇ ਲਖਨਊ ’ਚ ਚੰਗੀ ਭੱਲ ਬਣਾਈ ਹੋਈ ਸੀ। ਉਸ ਨੇ ਮੰਨਿਆ ਕਿ ਪੰਜਾਬ ਦੇ ਸਥਾਨਕ ਸਰਕਾਰਾਂ, ਪਨਸਪ, ਪੁੱਡਾ, ਮਾਲ, ਸਿੰਜਾਈ ਆਦਿ ਵਿਭਾਗਾਂ ਦੇ ਉਮੀਦਵਾਰਾਂ ਦੀ ਲਿਖਤੀ ਪ੍ਰੀਖਿਆ ਦਾ ਪ੍ਰਸ਼ਨ ਪੱਤਰ ਲੀਕ ਕਰਵਾ ਕੇ ਉਮੀਦਵਾਰਾਂ ਨੂੰ ਨੌਕਰੀਆਂ ਦੇ ਯੋਗ ਬਣਾਇਆ। ਇਸ ਗਰੋਹ ਵੱਲੋਂ ਉਮੀਦਵਾਰ ਲੱਭਣ ਲਈ ਪੰਜਾਬ ਸਮੇਤ ਹਰੇਕ ਸੂਬੇ ਵਿੱਚ ਦਲਾਲਾਂ ਦਾ ਜਾਲ ਵਿਛਾਇਆ ਗਿਆ ਸੀ।
ਸੂਤਰਾਂ ਮੁਤਾਬਕ ਸੰਜੇ ਲਖਨਊ ਵਿੱਚ ਕਲੋਨੀਆਂ ਬਣਾ ਕੇ ਪਲਾਟ ਕੱਟਦਾ ਸੀ। ਪ੍ਰਸ਼ਨ ਪੱਤਰ ਲੀਕ ਘੁਟਾਲੇ ਨਾਲ ਕੀਤੀ ਕਰੋੜਾਂ ਰੁਪਏ ਦੀ ‘ਕਮਾਈ’ ਨੂੰ ਇਹ ਰੀਅਲ ਅਸਟੇਟ ਵਿੱਚ  ਨਿਵੇਸ਼ ਕਰਦਾ ਸੀ। ਉਸ ਦਾ ਮੱਧ ਪ੍ਰਦੇਸ਼ ’ਚ ਹੋਏ ਮਸ਼ਹੂਰ ਨੌਕਰੀ ਘੁਟਾਲੇ ‘ਵਿਆਪਮ’ ਵਿੱਚ ਹੀ ਹੱਥ ਦੱਸਿਆ ਜਾ ਰਿਹਾ ਹੈ। ਇਸ ਘੁਟਾਲੇ ਦੇ ਅਹਿਮ ਕਥਿਤ ਦੋਸ਼ੀ ਬੇਦੀ ਰਾਮ ਨਾਲ ਇਸ ਦੇ ਗੂੜੇ ਸਬੰਧ ਸਨ। ਦੇਸ਼ ਵਿਆਪੀ ਵੱਡਾ ਗਰੋਹ ਚਲਾਉਂਦਾ ਹੋਣ ਦੇ ਬਾਵਜੂਦ ਉਸ ਨੇ ਕਈ ਸਾਲਾਂ ਤੱਕ ਆਪਣੀ ਪਛਾਣ ਲੁਕੋਈ ਰੱਖੀ। ਵਿਜੀਲੈਂਸ ਨੇ ਬਨਾਰਸ ਦੇ ਸ਼ਿਵ ਬਹਾਦਰ ਰਾਹੀਂ ਸੰਜੇ ਦੀ ਪੈੜ ਨੱਪੀ ਜਿਸਨੇ ਵਿਜੀਲੈਂਸ ਨੂੰ ਉਸ ਦਾ ਅਸਲ ਮੋਬਾਈਲ ਨੰਬਰ ਦਿੱਤਾ। ਇਸੇ ਦੇ ਆਧਾਰ ’ਤੇ ਵਿਜੀਲੈਂਸ ਨੇ ਕਾਰਪੋਰੇਟ ਮੰਤਰਾਲੇ ਰਾਹੀਂ ਨੌਕਰੀ ਘੁਟਾਲੇ ਦੇ ਕਰਤਾ ਧਰਤਾ ਦੇ ਅਸਲੀ ਦਸਤਾਵੇਜ਼ ਹਾਸਲ ਕੀਤੇ। ਵਿਜੀਲੈਂਸ ਵੱਲੋਂ ਸੰਜੇ ਨੂੰ ਨਾਲ ਲੈ ਕੇ ਅੱਜ ਦਿੱਲੀ ਵਿੱਚ ਕਈ ਥਾਈਂ ਛਾਪੇ ਮਾਰੇ ਗਏ। ਇਸ ਮਾਮਲੇ ਨਾਲ ਸਬੰਧਤ ਕੁਝ ਹੋਰ ਵਿਅਕਤੀਆਂ ਨੂੰ ਵੀ ਗ੍ਰਿਫ਼ਤਾਰ ਕੀਤੇ ਜਾਣ ਦੀ ਸੰਭਾਵਨਾ ਹੈ।

Facebook Comment
Project by : XtremeStudioz