Close
Menu
Breaking News:

ਲਾਲੂ ਦੀ ਜੇਲ੍ਹ ਤੋਂ ਰਿਹਾਈ ਇਕ ਦਿਨ ਲਈ ਟਲ਼ੀ

-- 16 May,2018

ਰਾਂਚੀ, 16 ਮਈ
ਆਰਜੇਡੀ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਨੂੰ ਝਾਰਖੰਡ ਹਾਈ ਕੋਰਟ ਵੱਲੋਂ ਦਿੱਤੀ ਆਰਜ਼ੀ ਜ਼ਮਾਨਤ ਦੇ ਹੁਕਮ ਇਥੇ ਸਥਿਤ ਸੀਬੀਆਈ ਅਦਾਲਤ ਵਿੱਚ ਨਾ ਪੁੱਜਣ ਕਾਰਨ ਅੱਜ ਉਨ੍ਹਾਂ ਦੀ ਜੇਲ੍ਹ ਤੋਂ ਰਿਹਾਈ ਨਾ ਹੋ ਸਕੀ। ਸ੍ਰੀ ਯਾਦਵ ਆਪਣੀ ਤਿੰਨ-ਰੋਜ਼ਾ ਪੈਰੋਲ ਖ਼ਤਮ ਹੋਣ ’ਤੇ ਬੀਤੇ ਦਿਨ ਇਥੋਂ ਦੀ ਬਿਰਸਾ ਮੁੰਡਾ ਜੇਲ੍ਹ ਵਿੱਚ ਪਰਤ ਆਏ ਸਨ। ਇਸ ਦੌਰਾਨ ਹਾਈ ਕੋਰਟ ਨੇ ਉਨ੍ਹਾਂ ਨੂੰ ਇਲਾਜ ਲਈ ਛੇ ਹਫ਼ਤਿਆਂ ਲਈ ਆਰਜ਼ੀ ਜ਼ਮਾਨਤ ਦੇ ਦਿੱਤੀ ਸੀ।
ਸ੍ਰੀ ਯਾਦਵ ਚਾਰਾ ਘੁਟਾਲੇ ਸਬੰਧੀ ਮਾਮਲਿਆਂ ਵਿੱਚ ਦੋਸ਼ੀ ਕਰਾਰ ਦਿੱਤੇ ਜਾਣ ਕਾਰਨ ਜੇਲ੍ਹ ਵਿੱਚ ਬੰਦ ਹਨ। ਉਨ੍ਹਾਂ ਨੂੰ ਉਨ੍ਹਾਂ ਦੇ ਪੁੱਤਰ ਤੇਜ ਪ੍ਰਤਾਪ ਯਾਦਵ ਦੇ ਵਿਆਹ ਵਿੱਚ ਸ਼ਮੂਲੀਅਤ ਲਈ ਜੇਲ੍ਹ ਅਧਿਕਾਰੀਆਂ ਨੇ 10 ਮਈ ਨੂੰ ਤਿੰਨ ਦਿਨਾਂ ਦੀ ਪੈਰੋਲ ਦਿੱਤੀ ਸੀ। ਪੈਰੋਲ ਵਿੱਚ ਸਫ਼ਰ ਦਾ ਸਮਾਂ ਸ਼ਾਮਲ ਨਹੀਂ ਸੀ ਅਤੇ ਸ੍ਰੀ ਯਾਦਵ ਪੈਰੋਲ ਖ਼ਤਮ ਹੋਣ ’ਤੇ ਬੀਤੇ ਦਿਨ ਜੇਲ੍ਹ ਪਰਤੇ ਸਨ।
ਅੱਜ ਆਰਜ਼ੀ ਜ਼ਮਾਨਤ ਤਹਿਤ ਉਨ੍ਹਾਂ ਦੀ ਰਿਹਾਈ ਦੀ ਉਮੀਦ ਸੀ, ਪਰ ਵਿਸ਼ੇਸ਼ ਸੀਬੀਆਈ ਅਦਾਲਤ ਵਿੱਚ ਇਸ ਸਬੰਧੀ ਹਾਈ ਕੋਰਟ ਦੇ ਹੁਕਮ ਨਾ ਪੁੱਜਣ ਕਾਰਨ ਰਿਹਾਈ ਨਹੀਂ ਹੋ ਸਕੀ। ਗ਼ੌਰਤਲਬ ਹੈ ਕਿ ਵਿਸ਼ੇਸ਼ ਸੀਬੀਆਈ ਅਦਾਲਤ ਸਿਰਫ਼ ਸਵੇਰ ਦੀ ਅਦਾਲਤ ਹੈ ਅਤੇ ਇਹ ਬਾਅਦ ਦੁਪਹਿਰ 12.30 ਵਜੇ ਤੱਕ ਹੀ ਕੰਮ ਕਰਦੀ ਹੈ। ਇਸ ਕਾਰਨ ਸ੍ਰੀ ਯਾਦਵ ਨੂੰ ਰਿਹਾਈ ਲਈ ਇਕ ਦਿਨ ਹੋਰ ਉਡੀਕ ਕਰਨੀ ਪਵੇਗੀ।

Facebook Comment
Project by : XtremeStudioz