Close
Menu

ਲਾਲ ਕਿਲ੍ਹਾ ਹਮਲੇ ਦੇ ਮਸ਼ਕੂਕ ਨੂੰ ਪੁਲੀਸ ਹਿਰਾਸਤ ’ਚ ਭੇਜਿਆ

-- 12 January,2018

ਨਵੀਂ ਦਿੱਲੀ, 
ਦਿੱਲੀ ਦੀ ਇਕ ਅਦਾਲਤ ਨੇ ਸਾਲ 2000 ਵਿੱਚ ਲਾਲ ਕਿਲ੍ਹੇ ’ਤੇ ਹੋਏ ਹਮਲੇ ਵਿੱਚ ਸ਼ਾਮਲ ਇਕ ਮਸ਼ਕੂਕ ਨੂੰ ਦਸ ਦਿਨ ਦੀ ਪੁਲੀਸ ਹਿਰਾਸਤ ਵਿੱਚ ਭੇਜ ਦਿੱਤਾ ਹੈ। ਮਸ਼ਕੂਕ ਬਿਲਾਲ ਅਹਿਮਦ ਕਾਵਾ ਨੂੰ ਦਿੱਲੀ ਪੁਲੀਸ ਤੇ ਗੁਜਰਾਤ ਅਤਿਵਾਦ ਵਿਰੋਧੀ ਸਕੁਐਡ (ਏਟੀਐਸ) ਨੇ ਸਾਂਝੀ ਕਾਰਵਾਈ ਦੌਰਾਨ ਬੀਤੇ ਦਿਨ ਦਿੱਲੀ ਹਵਾਈ ਅੱਡੇ ਤੋਂ ਗ਼੍ਰਿਫ਼ਤਾਰ ਕੀਤਾ ਸੀ। ਚੀਫ਼ ਮੈਟਰੋਪਾਲਿਟਨ ਮੈਜਿਸਟਰੇਟ ਦੀਪਕ ਸ਼ਹਿਰਾਵਤ ਨੇ ਦਿੱਲੀ ਪੁਲੀਸ ਦੀ ਮੰਗ ’ਤੇ ਮਸ਼ਕੂਕ ਦਾ ਦਸ ਦਿਨਾਂ ਰਿਮਾਂਡ ਦੇ ਦਿੱਤਾ। 22 ਦਸੰਬਰ 2000 ਨੂੰ ਲਾਲ ਕਿਲ੍ਹੇ ਵਿੱਚ ਹੋਏ ਹਮਲੇ ’ਚ ਦੋ ਫ਼ੌਜੀ ਜਵਾਨਾਂ ਸਮੇਤ ਤਿੰਨ ਜਣੇ ਹਲਾਕ ਹੋ ਗਏ ਸਨ।
ਪੁਲੀਸ ਮੁਤਾਬਕ ਗੁਜਰਾਤ ਏਟੀਐਸ ਨੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਸੀ ਕਿ ਕਾਵਾ, ਜਿਸ ਨੂੰ ਲਾਲ ਕਿਲ੍ਹਾ ਹਮਲਾ ਮਾਮਲੇ ਵਿੱਚ ਭਗੌੜਾ ਐਲਾਨਿਆ ਹੋਇਆ ਹੈ, ਸ੍ਰੀਨਗਰ ਤੋਂ ਦਿੱਲੀ ਆ ਰਿਹਾ ਹੈ। ਲਸ਼ਕਰੇ ਤੋਇਬਾ ਨਾਲ ਸਬੰਧਤ ਕਾਵਾ ਨੂੰ ਬੀਤੀ ਸ਼ਾਮ ਦਿੱਲੀ ਹਵਾਈ ਅੱਡੇ ਦੇ ਟੀ-3 ਟਰਮੀਨਲ ਤੋਂ ਕਾਬੂ ਕੀਤਾ ਗਿਆ ਸੀ। ਪੁਲੀਸ ਨੇ ਕਿਹਾ ਕਿ ਲਾਲ ਕਿਲ੍ਹਾ ਹਮਲੇ ਨੂੰ ਅੰਜਾਮ ਦੇਣ ਲਈ ਕਾਵਾ ਸਮੇਤ ਹੋਰਨਾਂ ਦੇ ਬੈਂਕ ਖਾਤਿਆਂ ’ਚ ਹਵਾਲਾ ਰਾਹੀਂ 29.50 ਲੱਖ ਰੁਪਏ ਦਾ ਤਬਾਦਲਾ ਹੋਇਆ ਸੀ। ਹਮਲੇ ਤੋਂ ਫ਼ੌਰੀ ਮਗਰੋਂ ਕਾਵਾ ਫਰਾਰ ਹੋ ਗਿਆ ਸੀ ਤੇ ਇੰਨੇ ਅਰਸੇ ਦੌਰਾਨ ਉਹ ਸ੍ਰੀਨਗਰ ਵਿੱਚ ਲੁਕਿਆ ਰਿਹਾ। 

Facebook Comment
Project by : XtremeStudioz