Close
Menu
Breaking News:

ਲੰਗਰ ’ਤੇ ਜੀਐੱਸਟੀ: ਵਿਰਾਸਤੀ ਮਾਰਗ ’ਚ ਧਰਨੇ ’ਤੇ ਬੈਠੇ ਤ੍ਰਿਣਮੂਲ ਕਾਂਗਰਸ ਦੇ ਕਾਰਕੁਨ ਗ੍ਰਿਫ਼ਤਾਰ

-- 08 March,2018

ਅੰਮ੍ਰਿਤਸਰ, ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਉੱਤੇ ਕੇਂਦਰ ਸਰਕਾਰ ਵੱਲੋਂ ਲਾਏ ਗਏ ਜੀਐੱਸਟੀ ਦਾ ਵਿਰੋਧ ਕਰ ਰਹੇ ਤ੍ਰਿਣਮੂਲ ਕਾਂਗਰਸ ਦੇ ਕਾਰਕੁਨਾਂ ਨੂੰ ਅੱਜ ਇੱਥੋਂ ਜ਼ਿਲ੍ਹਾ ਪ੍ਰਸ਼ਾਸਨ ਨੇ ਜਬਰੀ ਹਟਾ ਦਿੱਤਾ ਹੈ। ਉਨ੍ਹਾਂ ਖ਼ਿਲਾਫ਼ ਪੁਲੀਸ ਕੇਸ ਵੀ ਦਰਜ ਕੀਤਾ ਗਿਆ ਸੀ ਪਰ ਸ਼ਾਮ ਵੇਲੇ ਕੇਸ ਵਾਪਸ ਲੈ ਲਿਆ ਗਿਆ। ਤ੍ਰਿਣਮੂਲ ਕਾਂਗਰਸ ਦੇ ਕਾਰਕੁਨਾਂ ਨਾਲ ਪੁਲੀਸ ਵੱਲੋਂ ਕੀਤੀ ਗਈ ਇਸ ਵਧੀਕੀ ਤੋਂ ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਕੋਲ ਕਾਂਗਰਸ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਪੁੱਜੇ ਸਨ। ਉਹ ਕੁਝ ਸਮਾਂ ਧਰਨੇ ਵਾਲੀ ਥਾਂ ’ਤੇ ਬੈਠੇ ਅਤੇ ਜੀਐੱਸਟੀ ਦੇ ਵਿਰੋਧ ਵਿੱਚ ਤ੍ਰਿਣਮੂਲ ਕਾਂਗਰਸ ਨੂੰ ਆਪਣਾ ਸਮਰਥਨ ਵੀ ਦਿੱਤਾ। ਦੱਸਣਯੋਗ ਹੈ ਕਿ ਇੱਥੇ ਧਰਮ ਸਿੰਘ ਮਾਰਕੀਟ ਵਿੱਚ ਤ੍ਰਿਣਮੂਲ ਕਾਂਗਰਸ ਵੱਲੋਂ ਬੀਤੇ ਦੋ ਦਿਨਾਂ ਤੋਂ ਰੋਸ ਧਰਨਾ ਦਿੱਤਾ ਜਾ ਰਿਹਾ ਹੈ, ਜਿਸ ਤਹਿਤ ਲੜੀਵਾਰ ਭੁੱਖ ਹੜਤਾਲ ਸ਼ੁਰੂ ਕੀਤੀ ਗਈ ਹੈ। ਇਸ ਤੋਂ ਇਲਾਵਾ ਲੰਗਰ ’ਤੇ ਜੀਐੱਸਟੀ ਲਾਏ ਜਾਣ ਖ਼ਿਲਾਫ਼ ਸ੍ਰੀ ਹਰਿਮੰਦਰ ਸਾਹਿਬ ਆ ਰਹੇ ਸ਼ਰਧਾਲੂਆਂ ਦੇ ਦਸਤਖ਼ਤ ਵੀ ਕਰਾਏ ਜਾ ਰਹੇ ਹਨ। ਇਹ ਦਸਤਖ਼ਤ ਪ੍ਰਧਾਨ ਮੰਤਰੀ ਨੂੰ ਭੇਜੇ ਜਾਣੇ ਹਨ।
ਸੂਬਾਈ ਕਨਵੀਨਰ ਮਨਜੀਤ ਸਿੰਘ ਦੀ ਅਗਵਾਈ ਹੇਠ ਚੱਲ ਰਹੀ ਲੜੀਵਾਰ ਭੁੱਖ ਹੜਤਾਲ ਦੌਰਾਨ ਅੱਜ ਕੁਝ ਨੁਮਾਇੰਦੇ ਭੁੱਖ ਹੜਤਾਲ ’ਤੇ ਬੈਠੇ ਸਨ। ਪਾਰਟੀ ਦੇ ਮੀਡੀਆ ਸਕੱਤਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਧਰਨੇ ’ਤੇ ਬੈਠੇ ਆਗੂਆਂ ਨੂੰ ਗ੍ਰਿਫ਼ਤਾਰ ਕਰਨ ਤੋਂ ਕੁਝ ਸਮਾਂ ਪਹਿਲਾਂ ਹੀ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਇੱਥੇ ਪੁੱਜੇ ਸਨ। ਉਨ੍ਹਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਇਸ ਮੁਹਿੰਮ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਸੀ। ਉਨ੍ਹਾਂ ਇਹ ਵੀ ਆਖਿਆ ਕਿ ਜੇਕਰ ਕੇਂਦਰ ਸਰਕਾਰ ਲੰਗਰ ’ਤੇ ਲਾਏ ਗਏ ਜੀਐੱਸਟੀ ਨੂੰ ਮੁਆਫ਼ ਨਹੀਂ ਕਰਦੀ ਤਾਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਸਤੀਫ਼ਾ ਦੇਵੇ। ਉਨ੍ਹਾਂ ਦੱਸਿਆ ਕਿ ਸ੍ਰੀ ਔਜਲਾ ਦੇ ਜਾਣ ਤੋਂ ਕੁਝ ਦੇਰ ਬਾਅਦ ਹੀ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਇੱਥੇ ਪੁੱਜੇ ਅਤੇ ਉਨ੍ਹਾਂ ਤੁਰੰਤ ਇੱਥੋਂ ਧਰਨਾ ਹਟਾਉਣ ਦੇ ਆਦੇਸ਼ ਦਿੱਤੇ। ਜਦੋਂ ਧਰਨਾ ਹਟਾਉਣ ਤੋਂ ਇਨਕਾਰ ਕੀਤਾ ਗਿਆ ਤਾਂ ਕੋਤਵਾਲੀ ਥਾਣੇ ਦੀ ਪੁਲੀਸ ਨੇ ਧਰਨੇ ’ਤੇ ਬੈਠੇ ਸਮੂਹ ਆਗੂਆਂ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਆਗੂਆਂ ਵਿੱਚ ਸੂਬਾਈ ਕਨਵੀਨਰ ਮਨਜੀਤ ਸਿੰਘ, ਬਲਜੀਤ ਸਿੰਘ, ਭੁਪਿੰਦਰ ਸਿੰਘ, ਮਨਮੀਤਪਾਲ ਕੌਰ, ਕੁਲਬੀਰ ਸਿੰਘ ਆਦਿ ਸ਼ਾਮਲ ਸਨ। ਇਨ੍ਹਾਂ ਨੂੰ ਪੁਲੀਸ ਨੇ ਘੜੀਸ ਕੇ ਹੇਠਾਂ ਉਤਾਰਿਆ ਅਤੇ ਇੱਥੇ ਲਾਏ ਤੰਬੂ ਵੀ ਉਖਾੜ ਦਿੱਤੇ। ਸਮੂਹ ਆਗੂਆਂ ਨੂੰ ਥਾਣਾ ਕੋਤਵਾਲੀ ਵਿੱਚ ਸ਼ਾਮ 5 ਵਜੇ ਤੱਕ ਰੱਖਿਆ ਗਿਆ ਅਤੇ ਸ਼ਾਮ ਵੇਲੇ ਪੁਲੀਸ ਦੇ ਡਿਪਟੀ ਕਮਿਸ਼ਨਰ ਕੋਲ ਪੇਸ਼ ਕੀਤਾ ਗਿਆ। ਉਨ੍ਹਾਂ ਚਿਤਾਵਨੀ ਦੇ ਕੇ ਸਾਰੇ ਆਗੂਆਂ ਨੂੰ ਛੱਡ ਦਿੱਤਾ। ਉਨ੍ਹਾਂ ਦੱਸਿਆ ਕਿ ਜਦੋਂ ਪੁਲੀਸ ਵੱਲੋਂ ਧੱਕੇਸ਼ਾਹੀ ਕੀਤੀ ਜਾ ਰਹੀ ਸੀ ਤਾਂ ਉਨ੍ਹਾਂ ਨੇ ਇਸ ਬਾਰੇ ਸੰਸਦ ਮੈਂਬਰ ਨੂੰ ਵੀ ਜਾਣੂ ਕਰਾਇਆ ਸੀ ਪਰ ਉਨ੍ਹਾਂ ਵੱਲੋਂ ਪੁਲੀਸ ਨੂੰ ਇਸ ਕਾਰਵਾਈ ਤੋਂ ਰੋਕਿਆ ਨਹੀਂ ਗਿਆ।

ਵਿਰਾਸਤੀ ਮਾਰਗ ਵਿੱਚ ਧਰਨੇ-ਮੁਜ਼ਾਹਰਿਆਂ ਦੀ ਆਗਿਆ ਨਹੀਂ: ਡੀਸੀ
ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਪੁਲੀਸ ਕਾਰਵਾਈ ਨੂੰ ਦਰੁਸਤ ਦੱਸਦਿਆਂ ਆਖਿਆ ਕਿ ਇਹ ਵਿਰਾਸਤੀ ਮਾਰਗ ਸ੍ਰੀ ਹਰਿਮੰਦਰ ਸਾਹਿਬ ਆਉਣ ਵਾਲੇ ਯਾਤਰੂਆਂ ਤੇ ਸ਼ਰਧਾਲੂਆਂ ਵਾਸਤੇ ਬਣਾਇਆ ਗਿਆ ਹੈ। ਇੱਥੇ ਦੇਸ਼-ਵਿਦੇਸ਼ ਤੋਂ ਸ਼ਰਧਾਲੂ ਆਉਂਦੇ ਹਨ। ਇਥੇ ਕਿਸੇ ਨੂੰ ਅਜਿਹੇ ਧਰਨੇ-ਮੁਜ਼ਾਹਰਿਆਂ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ। ਉਨ੍ਹਾਂ ਆਖਿਆ ਕਿ ਅੱਜ ਸਵੇਰੇ ਜਦੋਂ ਉਹ ਇਸ ਪਾਸੇ ਆਏ ਤਾਂ ਉਨ੍ਹਾਂ ਨੇ ਉਸ ਵੇਲੇ ਹੀ ਧਰਨਾਕਾਰੀਆਂ ਨੂੰ ਇਥੋਂ ਥਾਂ ਬਦਲਣ ਲਈ ਆਖਿਆ ਸੀ। ਧਰਨਾਕਾਰੀ ਅੜੇ ਰਹੇ, ਜਿਸ ਕਾਰਨ ਪੁਲੀਸ ਨੂੰ ਇਹ ਕਾਰਵਾਈ ਕਰਨੀ ਪਈ ਹੈ।

Facebook Comment
Project by : XtremeStudioz