Close
Menu

ਵਾਦੀ ’ਚ ਮੁਕਾਬਲਾ: ਜੈਸ਼ ਦੇ ਦੋ ਦਹਿਸ਼ਤਗ਼ਰਦ ਹਲਾਕ

-- 11 July,2018

ਸ਼ੋਪੀਆਂ ਜ਼ਿਲ੍ਹੇ ’ਚ ਵਾਪਰੀ ਘਟਨਾ;
ਇਕ ਸਿਵਲੀਅਨ ਦੀ ਵੀ ਗਈ ਜਾਨ, 20 ਦੇ ਕਰੀਬ ਹੋਏ ਜ਼ਖ਼ਮੀ

ਸ੍ਰੀਨਗਰ, ਜੰਮੂ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਵਿੱਚ ਅੱਜ ਸਲਾਮਤੀ ਦਸਤਿਆਂ ਨਾਲ ਇਕ ਮੁਕਾਬਲੇ ਦੌਰਾਨ ਦਹਿਸ਼ਤੀ ਜਥੇਬੰਦੀ ਜੈਸ਼-ਏ-ਮੁਹੰਮਦ ਦੇ ਦੋ ਅਤਿਵਾਦੀ ਮਾਰੇ ਗਏ, ਜਿਨ੍ਹਾਂ ਵਿੱਚੋਂ ਇਕ ਪਾਕਿਸਤਾਨੀ ਨਾਗਰਿਕ ਸੀ। ਇਸ ਦੌਰਾਨ ਮੁਕਾਬਲੇ ਵਾਲੇ ਥਾਂ ਨੇੜੇ ਸਲਾਮਤੀ ਦਸਤਿਆਂ ਨਾਲ ਭਿੜਨ ਵਾਲੇ ਆਮ ਲੋਕਾਂ ਖ਼ਿਲਾਫ਼ ਕੀਤੀ ਕਾਰਵਾਈ ਕਾਰਨ ਇਕ ਆਮ ਨਾਗਰਿਕ ਦੀ ਮੌਤ ਹੋ ਗਈ ਅਤੇ 20 ਦੇ ਕਰੀਬ ਜ਼ਖ਼ਮੀ ਹੋ ਗਏ।
ਪੁਲੀਸ ਦੇ ਇਕ ਤਰਜਮਾਨ ਨੇ ਕਿਹਾ ਕਿ ਇਹ ਮੁਕਾਬਲਾ ਉਦੋਂ ਹੋਇਆ ਜਦੋਂ ਅੱਜ ਤੜਕੇ ਸੁਰੱਖਿਆ ਬਲਾਂ ਨੇ ਜ਼ਿਲ੍ਹੇ ਦੇ ਕੁੰਦਲਾਨ ਇਲਾਕੇ ਵਿੱਚ ਸਾਂਝੀ ਤਲਾਸ਼ੀ ਮੁਹਿੰਮ ਛੇੜੀ ਹੋਈ ਸੀ, ਕਿਉਂਕਿ ਉਥੇ ਦਹਿਸ਼ਤਗਰਦਾਂ ਦੀ ਮੌਜੂਦਗੀ ਦੀ ਪੁਖ਼ਤਾ ਸੂਹ ਮਿਲੀ ਸੀ। ਇਸ ਦੌਰਾਨ ਇਕ ਘਰ ਵਿੱਚ ਛੁਪੇ ਹੋਏ ਦਹਿਸ਼ਤਗਰਦਾਂ ਨੇ ਸਲਾਮਤੀ ਦਸਤਿਆਂ ਉਤੇ ਗੋਲੀ ਚਲਾ ਦਿੱਤੀ। ਤਰਮਾਨ ਨੇ ਕਿਹਾ, ‘‘ਮੁਕਾਬਲੇ ਦੌਰਾਨ ਛੁਪੇ ਹੋਏ ਦਹਿਸ਼ਤਗਰਦਾਂ ਦਾ ਕਾਮਯਾਬੀ ਨਾਲ ਖ਼ਾਤਮਾ ਕਰ ਦਿੱਤਾ ਗਿਆ। ਮਾਰੇ ਗਏ ਦਹਿਸ਼ਤਰਗਦਾਂ ਦੀ ਪਛਾਣ ਮੁਕਾਮੀ ਵਸਨੀਕ ਸਮੀਰ ਅਹਿਮਦ ਸ਼ੇਖ਼ ਤੇ ਪਾਕਿਸਤਾਨ ਦੇ ਬਾਬਰ ਵਜੋਂ ਹੋਈ ਹੈ।’’ ਉਨ੍ਹਾਂ ਕਿਹਾ ਕਿ ਇਹ ਦਹਿਸ਼ਤਗਰਦ ਜੈਸ਼ ਨਾਲ ਸਬੰਧਤ ਸਨ।
ਤਰਜਮਾਨ ਨੇ ਦੱਸਿਆ ਕਿ ਸ਼ੇਖ਼ ਸਕੂਲ ਦੀ ਪੜ੍ਹਾਈ ਛੱਡ ਚੁੱਕਾ ਸੀ ਅਤੇ ਬੀਤੇ ਅਪਰੈਲ ਮਹੀਨੇ ਉਹ ਘਰੋਂ ਭੱਜ ਕੇ ਜੈਸ਼ ਵਿੱਚ ਭਰਤੀ ਹੋ ਗਿਆ ਸੀ। ਉਨ੍ਹਾਂ ਕਿਹਾ, ‘‘ਮਿਲੇ ਦਸਤਾਵੇਜ਼ਾਂ ਤੋਂ ਦੂਜੇ ਦਹਿਸ਼ਤਗਰਦ ਦੀ ਸ਼ਨਾਖ਼ਤ ਪਾਕਿਸਤਾਨੀ ਮੂਲ ਦੇ ਬਾਬਰ ਵਜੋਂ ਹੋਈ ਹੈ, ਜੋ ਜੈਸ਼-ਏ-ਮੁਹੰਮਦ ਦਾ ਕਮਾਂਡਰ ਸੀ। ਉਨ੍ਹਾਂ ਦੀ ਸਲਾਮਤੀ ਟਿਕਾਣਿਆਂ ਅਤੇ ਆਮ ਲੋਕਾਂ ਉਤੇ ਕਈ ਹਮਲਿਆਂ ਵਿੱਚ ਸ਼ਮੂਲੀਅਤ ਸੀ।’’ ਤਰਜਮਾਨ ਨੇ ਕਿਹਾ ਕਿ ਇਸ ਮੌਕੇ ਦੁਵੱਲੀ ਫਾਇਰਿੰਗ ਦੌਰਾਨ ਕੁਝ ਆਮ ਲੋਕ ਜ਼ਖ਼ਮੀ ਵੀ ਹੋ ਗਏ, ਜਿਨ੍ਹਾਂ ਨੂੰ ਬਾਅਦ ਵਿੱਚ ਹਸਪਤਾਲ ਦਾਖ਼ਲ ਕਰਵਾਇਆ ਗਿਆ। ਉਨ੍ਹਾਂ ਕਿਹਾ, ‘‘ਹਸਪਤਾਲ ਵਿੱਚ ਇਲਾਜ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ, ਜਦੋਂਕਿ ਬਾਕੀਆਂ ਦੀ ਹਾਲਤ ਸਥਿਰ ਦੱਸੀ ਜਾਂਦੀ ਹੈ।’’
ਇਸ ਤੋਂ ਪਹਿਲਾਂ ਜਦੋਂ ਮੁਕਾਬਲਾ ਚੱਲ ਰਿਹਾ ਸੀ ਤਾਂ ਇਕ ਪੁਲੀਸ ਅਫ਼ਸਰ ਨੇ ਕਿਹਾ ਕਿ ਵੱਡੀ ਗਿਣਤੀ ਲੋਕ ਮੁਕਾਬਲੇ ਵਾਲੀ ਥਾਂ ਪੁੱਜ ਕੇ ਸਲਾਮਤੀ ਦਸਤਿਆਂ ਉਤੇ ਪੱਥਰਬਾਜ਼ੀ ਕਰਨ ਲੱਗੇ। ਜਦੋਂ ਸਲਾਮਤੀ ਦਸਤਿਆਂ ਨੇ ਉਨ੍ਹਾਂ ਨੂੰ ਖਿੰਡਾਉਣ ਲਈ ਸਖ਼ਤੀ ਵਰਤੀ ਤਾਂ ਘੱਟੋ-ਘੱਟ 20 ਜਣੇ ਜ਼ਖ਼ਮੀ ਹੋ ਗਏ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿੱਚੋਂ ਘੱਟੋ-ਘੱਟ ਅੱਠ ਨੂੰ ਵਿਸ਼ੇਸ਼ ਇਲਾਜ ਲਈ ਵੱਡੇ ਹਸਪਤਾਲਾਂ ਵਿੱਚ ਰੈਫਰ ਕੀਤਾ ਗਿਆ ਹੈ।
ਇਸ ਦੌਰਾਨ ਬਾਰਾਮੂਲਾ ਜ਼ਿਲ੍ਹੇ ਦੇ ਨਡਿਹਾਲ ਵਿੱਚ ਬੀਤੇ ਮਹੀਨੇ ਸਲਾਮਤੀ ਦਸਤਿਆਂ ਦੀ ਗੋਲੀ ਨਾਲ ਜ਼ਖ਼ਮੀ ਹੋਏ ਇਕ 17 ਸਾਲਾ ਨੌਜਵਾਨ ਦੀ ਅੱਜ ਇਲਾਜ ਦੌਰਾਨ ਮੌਤ ਹੋ ਗਏ। ਬੀਤੀ 25 ਜੂਨ ਨੂੰ ਜ਼ਖ਼ਮੀ ਹੋਏ ਉਬੈਦ ਮਨਜ਼ੂਰ ਨੇ ਅੱਜ ਇਥੋਂ ਦੇ ਸ਼ੇਰੇ-ਕਸ਼ਮੀਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਵਿੱਚ ਦਮ ਤੋੜਿਆ।
ਇਸ ਦੌਰਾਨ ਇਕ ਕਥਿਤ ਦਹਿਸ਼ਤਗਰਦ ਦੇ ਪਿਤਾ ਦੀ ਉਦੋਂ ਦਿਲ ਦੇ ਦੌਰੇ ਕਾਰਨ ਮੌਤ ਹੋ ਗਈ ਜਦੋਂ ਉਸ ਨੇ ਇਹ ਅਫ਼ਵਾਹ ਸੁਣੀ ਕਿ ਮੁਕਾਬਲੇ ਵਿੱਚ ਉਸ ਦਾ ਪੁੱਤ ਜ਼ੀਨਤ ਨਾਇਕੂ ਵੀ ਮਾਰਿਆ ਗਿਆ ਹੈ। ਮ੍ਰਿਤਕ ਦੀ ਪਛਾਣ ਮੁਹੰਮਦ ਇਸਹਾਕ ਨਾਇਕੂ ਵਜੋਂ ਹੋਈ ਹੈ, ਜੋ ਸ਼ੋਪੀਆਂ ਦੇ ਮੀਮਾਂਦਰ ਇਲਾਕੇ ਦਾ ਵਸਨੀਕ ਸੀ।

Facebook Comment
Project by : XtremeStudioz