Close
Menu

ਵਾਦੀ ’ਚ ਮੁਕਾਬਲਾ: ਦੋ ਫ਼ੌਜੀ ਕਮਾਂਡੋ ਤੇ ਦੋ ਲਸ਼ਕਰੀ ਹਲਾਕ

-- 12 October,2017

ਸ੍ਰੀਨਗਰ, 12 ਅਕਤੂਬਰ
ਜੰਮੂ-ਕਸ਼ਮੀਰ ਦੇ ਬਾਂਦੀਪੋਰਾ ਜ਼ਿਲ੍ਹਾ ਵਿੱਚ ਅੱਜ ਮੁਕਾਬਲੇ ਦੌਰਾਨ ਭਾਰਤੀ ਹਵਾਈ ਫ਼ੌਜ ਦੇ ਦੋ ਗਾਰਡ ਕਮਾਂਡੋ ਮਾਰੇ ਗਏ। ਇਸ ਦੌਰਾਨ ਲਸ਼ਕਰ-ਏ-ਤੋਇਬਾ ਦੇ ਦੋ ਦਹਿਸ਼ਤਗਰਦਾਂ ਨੂੰ ਵੀ ਹਲਾਕ ਕਰ ਦਿੱਤਾ ਗਿਆ।
ਥਲ ਸੈਨਾ ਦੇ ਇਕ ਅਧਿਕਾਰੀ ਮੁਤਾਬਕ ਅੱਜ ਤੜਕੇ ਸਲਾਮਤੀ ਦਸਤਿਆਂ ਨੇ ਜ਼ਿਲ੍ਹੇ ਦੇ ਹਾਜੀਨ ਇਲਾਕੇ ਵਿੱਚ ਦਹਿਸ਼ਤਗਰਦਾਂ ਦੀ ਮੌਜੂਦਗੀ ਦੀ ਪੱਕੀ ਸੂਹ ਮਿਲਣ ਉਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਦਹਿਸ਼ਤਗਰਦਾਂ ਵੱਲੋਂ ਗੋਲੀਆਂ ਚਲਾਏ ਜਾਣ ਕਾਰਨ ਮੁਕਾਬਲਾ ਸ਼ੁਰੂ ਹੋ ਗਿਆ। ਇਸ ਦੌਰਾਨ ਅਪਰੇਸ਼ਨ ਵਿੱਚ ਟਰੇਨਿੰਗ ਤੇ ਤਜਰਬੇ ਲਈ ਸ਼ਾਮਲ ਹਵਾਈ ਫ਼ੌਜ ਦੇ ਸਾਰਜੈਂਟ ਮਿਲਿੰਦ ਕਿਸ਼ੋਰ ਤੇ ਕਾਰਪੋਰਲ ਨੀਲੇਸ਼ ਕੁਮਾਰ ਗੰਭੀਰ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਫ਼ੌਰੀ 92 ਬੇਸ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿਥੇ ਉਹ ਦਮ ਤੋੜ ਗਏ। ਚਿਨਾਰ ਕੋਰ ਦੇ ਜਨਰਲ ਅਫ਼ਸਰ ਕਮਾਂਡਿੰਗ ਲੈਫ਼ਟੀਨੈਂਟ ਜਨਰਲ ਜੇ.ਐਸ. ਸੰਧੂ ਦੀ ਅਗਵਾਈ ਹੇਠ ਫ਼ੌਜੀ ਟੁਕੜੀ ਵੱਲੋਂ ਉਨ੍ਹਾਂ ਨੂੰ
ਸ਼ਰਧਾਂਜਲੀ ਭੇਟ ਕੀਤੀ ਗਈ। ਮਾਰੇ ਗਏ ਲਸ਼ਕਰੀਆਂ ਦੀ ਪਛਾਣ ਪਾਕਿਸਤਾਨੀ ਨਾਗਰਿਕ ਅਲੀ ਉਰਫ਼ ਅਬੂ ਮਾਜ਼ ਤੇ ਮੁਕਾਮੀ ਵਸਨੀਕ ਨਸਰੁੱਲਾ ਮੀਰ ਵਜੋਂ ਹੋਈ ਹੈ। ਉਨ੍ਹਾਂ ਦੀ ਅਨੇਕਾਂ ਘਟਨਾਵਾਂ ਵਿੱਚ ਪੁਲੀਸ ਨੂੰ ਲੋੜ ਸੀ।
ਹਿਜ਼ਬੁਲ ਦੀ ਮੱਦਦ ਲਈ ਦੋ ਪੁਲੀਸ ਜਵਾਨ ਕਾਬੂ: ਜੰਮੂ-ਕਸ਼ਮੀਰ ਪੁਲੀਸ ਦੇ ਦੋ ਸਿਪਾਹੀਆਂ ਨੂੰ ਹਿਜ਼ਬੁਲ ਮੁਜਾਹਦੀਨ ਨੂੰ ਗੋਲੀ-ਸਿੱਕਾ ਸਪਲਾਈ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਮੁਤਾਬਰਕ ਸ਼ਬੀਰ ਅਹਿਮਦ ਮਲਿਕ ਤੇ ਨਜ਼ੀਰ ਅਹਿਮਦ ਨਾਜਰ ਦੱਖਣੀ ਤੇ ਕੇਂਦਰੀ ਕਸ਼ਮੀਰ ਵਿੱਚ ਹਿਜ਼ਬੁਲ ਦੇ ਹਮਦਰਦਾਂ ਨੂੰ ਅਸਾਲਟ ਰਾਈਫਲਾਂ ਦੀਆਂ ਗੋਲੀਆਂ ਸਪਲਾਈ ਕਰਦੇ ਰਹੇ ਹਨ।      

Facebook Comment
Project by : XtremeStudioz