Close
Menu

ਵਿਧਾਇਕ ਕੁੱਟਮਾਰ ਕਾਂਡ: ਪ੍ਰਸ਼ਾਸਨ ਵੱਲੋਂ ਮਾਈਨਿੰਗ ਜਾਇਜ਼ ਕਰਾਰ

-- 23 June,2018

ਸ੍ਰੀ ਆਨੰਦਪੁਰ ਸਾਹਿਬ, ਰੂਪਨਗਰ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਦੇ ਨਾਲ ਕੱਲ੍ਹ ਹੋਈ ਕੁੱਟਮਾਰ ਤੋਂ ਬਾਅਦ ਬੇਸ਼ੱਕ ਕਥਿਤ ਦੋਸ਼ੀਆਂ ਦੇ ਖਿਲਾਫ਼ ਪੁਲੀਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਸੀ ਪਰ ਅੱਜ ਇਸ ਮਾਮਲੇ ਵਿੱਚ ਉਸ ਵੇਲੇ ਨਵਾਂ ਮੋੜ ਆਇਆ ਜਦੋਂ ਮਾਈਨਿੰਗ ਵਿਭਾਗ ਅਤੇ ਮਾਲ ਵਿਭਾਗ ਵੱਲੋਂ ਮੌਕੇ ਉੱਤੇ ਜਾ ਕੇ ਨਿਸ਼ਾਨਦੇਹੀ ਕਰਨ ਉਪਰੰਤ ਸਾਫ ਕੀਤਾ ਗਿਆ ਕਿ ਘਟਨਾ ਵਾਲੀ ਥਾਂ ’ਤੇ ਜਾਇਜ਼ ਮਾਈਨਿੰਗ ਕੀਤੀ ਜਾ ਰਹੀ ਸੀ। ਮਾਈਨਿੰਗ ਵਿਭਾਗ ਦੇ ਚਾਰ ਅਧਿਕਾਰੀਆਂ ਜਿਨ੍ਹਾਂ ਵਿੱਚ ਮਾਈਨਿੰਗ ਗਾਰਡ ਸਾਧੂ ਸਿੰਘ, ਬੀਐਲਈਓ ਸ੍ਰੀ ਆਨੰਦਪੁਰ ਸਾਹਿਬ ਸ੍ਰੀਮਤੀ ਪੂਜਾ, ਫੰਕਸ਼ਨਲ ਮੈਨੇਜਰ ਰਾਕੇਸ਼ ਕਾਂਸਲ ਅਤੇ ਜਨਰਲ ਮੈਨੇਜਰ ਕਮ ਮਾਈਨਿੰਗ ਅਫਸਰ ਐਸਏਐਸ ਨਗਰ ਅਤੇ ਰੂਪਨਗਰ ਦੇ ਹਸਤਾਖਰਾਂ ਹੇਠ ਸੌਂਪੀ ਗਈ ਰਿਪੋਰਟ ਦੀ ਪੁਸ਼ਟੀ ਕਰਦੇ ਹੋਏ ਐੱਸਡੀਐੱਮ ਰਾਕੇਸ਼ ਕੁਮਾਰ ਗਰਗ ਨੇ ਦੱਸਿਆ ਹਰਸ਼ਾਬੇਲਾ ਖੱਡ ’ਚ ਮਾਈਨਿੰਗ ਕਾਨੂੰਨੀ ਤੌਰ ਉੱਤੇ ਹੋ ਰਹੀ ਸੀ। ਜਿੱਥੋਂ ਤੱਕ 21 ਜੂਨ ਦੀ ਘਟਨਾ ਸਬੰਧੀ ਕੀਤੀ ਗਈ ਪੜਤਾਲ ਦੇ ਤਹਿਤ ਮੌਕਾ ਵੇਖਣ ਉਪਰੰਤ ਇਹ ਤੱਥ ਸਾਹਮਣੇ ਆਏ ਕਿ ਖਾਣ ਬੇਈਂਹਾਰਾ ਦੇ ਖਸਰਾ ਨੰਬਰ 10//7, 8 ਅਤੇ 9 ਨਿਲਾਮੀ ਕੀਤੇ ਨੰਬਰਾਂ ਦੀ ਸੂਚੀ ਵਿੱਚ ਹਨ। ਜਦਕਿ ਹਰਸ਼ਾਬੇਲਾ ਦੇ ਖਸਰਾ ਨੰਬਰ 83/2,3 ਵੀ ਨਿਲਾਮ ਕੀਤੇ ਗਏ ਖਸਰਾ ਨੰਬਰਾਂ ਵਿੱਚ ਆਉਂਦੇ ਹਨ। ਹੁਣ ਖਣਨ ਹਰਸ਼ਾਬੇਲਾ ਦੇ ਨਿਲਾਮ ਕੀਤੇ ਗਏ ਖਸਰਾ ਨੰਬਰਾਂ ਵਿੱਚੋਂ ਹੋਈ ਹੈ।
ਐੱਸਡੀਐਮ ਰਾਕੇਸ਼ ਕੁਮਾਰ ਗਰਗ ਨੇ ਇਸ ਰਿਪੋਰਟ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਨੇ ਰਿਪੋਰਟ ਡੀਸੀ ਰੂਪਨਗਰ ਦੇ ਦਫਤਰ ਨੂੰ ਭੇਜ ਦਿੱਤੀ ਹੈ।

ਮੁਲਜ਼ਮਾਂ ਦਾ ਚਾਰ ਦਿਨਾ ਪੁਲੀਸ ਰਿਮਾਂਡ

ਸ੍ਰੀ ਆਨੰਦਪੁਰ ਸਾਹਿਬ: ਰੂਪਨਗਰ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਦੇ ਨਾਲ ਕੁੱਟਮਾਰ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੇ ਤਿੰਨ ਕਥਿਤ ਦੋਸ਼ੀਆਂ ਨੂੰ ਨੂਰਪੁਰ ਬੇਦੀ ਪੁਲੀਸ ਵੱਲੋਂ ਸ੍ਰੀ ਆਨੰਦਪੁਰ ਸਾਹਿਬ ਵਿਖੇ ਜੱਜ ਗੁਰਪ੍ਰੀਤ ਕੌਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਨ੍ਹਾਂ ਵਿੱਚ ਜਸਵਿੰਦਰ ਸਿੰਘ ਗੋਲਡੀ, ਅਮਰਜੀਤ ਸਿੰਘ ਅਤੇ ਮਨਜੀਤ ਸਿੰਘ ਨਿਵਾਸੀ ਬੇਈਂਹਾਰਾ ਸ਼ਾਮਲ ਹਨ। ਇਨ੍ਹਾਂ ਤਿੰਨਾਂ ਨੂੰ ਅਦਾਲਤ ਵੱਲੋਂ ਚਾਰ ਦਿਨਾਂ ਦੇ ਪੁਲੀਸ ਰਿਮਾਂਡ ਉੱਤੇ ਭੇਜ ਦਿੱਤਾ ਗਿਆ ਹੈ। ਬਚਾਅ ਪੱਖ ਦੇ ਵਕੀਲ ਪਰਮਜੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਖਿਲਾਫ ਧਾਰਾ 307, 295 ਏ, 25-54-59 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਪੁਲੀਸ ਵੱਲੋਂ 5 ਦਿਨ ਦਾ ਰਿਮਾਂਡ ਮੰਗਿਆ ਸੀ। ਇਸ ਮਾਮਲੇ ਦੇ ਦੋ ਮੁਲਜ਼ਮ ਬਚਿੱਤਰ ਸਿੰਘ ਅਤੇ ਅਜਵਿੰਦਰ ਸਿੰਘ ਭਗੌੜੇ ਹਨ।

Facebook Comment
Project by : XtremeStudioz