Close
Menu

ਸ਼ਿਵਿੰਦਰ ਮੋਹਨ ਸਿੰਘ ਵੱਲੋਂ ਵੱਡੇ ਭਰਾ ਖ਼ਿਲਾਫ਼ ਦਾਇਰ ਪਟੀਸ਼ਨ ਵਾਪਸ ਲੈਣ ਦਾ ਐਲਾਨ

-- 14 September,2018

ਨਵੀਂ ਦਿੱਲੀ, 13 ਸਤੰਬਰ
ਫੋਰਟਿਸ ਹੈਲਥਕੇਅਰ ਦੇ ਸਾਬਕਾ ਪ੍ਰਮੋਟਰ ਸ਼ਿਵਿੰਦਰ ਮੋਹਨ ਸਿੰਘ ਨੇ ਅੱਜ ਆਖਿਆ ਕਿ ਉਸ ਨੇ ਆਪਣੀ ਮਾਂ ਦੇ ਕਹਿਣ ’ਤੇ ਆਪਣੇ ਵੱਡੇ ਭਰਾ ਮਾਲਵਿੰਦਰ ਮੋਹਨ ਸਿੰਘ ਤੇ ਰੈਲੀਗੇਅਰ ਦੇ ਸਾਬਕਾ ਮੁਖੀ ਸੁਨੀਲ ਗੋਧਵਾਨੀ ਖ਼ਿਲਾਫ਼ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ (ਐਨਸੀਐਲਟੀ) ਵਿੱਚ ਦਾਇਰ ਕੀਤੀ ਆਪਣੀ ਪਟੀਸ਼ਨ ਵਾਪਸ ਲੈਣ ਦਾ ਫ਼ੈਸਲਾ ਕੀਤਾ ਹੈ। ਇਸ ਮਹੀਨੇ ਦੇ ਸ਼ੁਰੂ ਵਿੱਚ ਦਾਇਰ ਕੀਤੀ ਇਸ ਪਟੀਸ਼ਨ ਵਿੱਚ ਕਿਹਾ ਗਿਆ ਸੀ ਕਿ ਮਾਲਵਿੰਦਰ ਤੇ ਗੋਧਵਾਨੀ ਦੀਆਂ ਕਾਰਵਾਈਆਂ ਕੰਪਨੀਆਂ ਤੇ ਉਨ੍ਹਾਂ ਦੇ ਸ਼ੇਅਰ ਧਾਰਕਾਂ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾ ਰਹੀਆਂ ਹਨ।
ਸ਼ਿਵਿੰਦਰ ਨੇ ਪੀਟੀਆਈ ਨਾਲ ਗੱਲਬਾਤ ਕਰਦਿਆਂ ਕਿਹਾ ‘‘ ਮੈਂ ਐਨਸੀਐਲਟੀ ’ਚੋਂ ਆਪਣੀ ਪਟੀਸ਼ਨ ਵਾਪਸ ਲੈਣ ਲਈ ਅਰਜ਼ੀ ਦੇ ਦਿੱਤੀ ਹੈ ਜਿਸ ’ਤੇ ਸੁਣਵਾਈ ਹੋਣੀ ਹੈ।’’ ਆਪਣੀ ਅਰਜ਼ੀ ਵਿੱਚ ਉਨ੍ਹਾਂ ਕਿਹਾ ਹੈ ਕਿ ਉਨ੍ਹਾਂ ਦੀ ਮਾਂ ਨੇ ਦੋਵੇਂ ਭਰਾਵਾਂ ਨੂੰ ਕਿਹਾ ਹੈ ਕਿ ਉਹ ਪਰਿਵਾਰ ਵੱਲੋਂ ਸਤਿਕਾਰਤ ਬੰਦਿਆਂ ਦੀ ਸਾਲਸੀ ਜ਼ਰੀਏ ਆਪਣੇ ਮਾਮਲੇ ਸੁਲਝਾਉਣ। ਇਸ ਲਈ ਦੋਵੇਂ ਧਿਰਾਂ ਨੇ ਸਾਲਸੀ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ ਜਿਸ ਕਰ ਕੇ ਉਹ ਆਪਣੀ ਪਟੀਸ਼ਨ ਵਾਪਸ ਲੈਣਾ ਚਾਹੁੰਦੇ ਹਨ। ਬਹਰਹਾਲ, ਜੇ ਸਾਲਸੀ ਦਾ ਕੋਈ ਖ਼ਾਤਰਖਾਹ ਨਤੀਜਾ ਨਾ ਨਿਕਲਿਆ ਤਾਂ ਉਹ ਨਵੇਂ ਸਿਰੇ ਤੋਂ ਪਟੀਸ਼ਨ ਦਾਖ਼ਲ ਕਰ ਸਕਦੇ ਹਨ। ਟ੍ਰਿਬਿਊਨਲ ਨੇ ਮਾਲਵਿੰਦਰ, ਗੋਧਵਾਨੀ ਤੇ ਹੋਰਨਾਂ ਨੂੰ ਸ਼ਿਵਿੰਦਰ ਦੀ ਪਟੀਸ਼ਨ ’ਤੇ ਨੋਟਿਸ ਵੀ ਜਾਰੀ ਕੀਤਾ ਸੀ।

Facebook Comment
Project by : XtremeStudioz