Close
Menu

ਸਟੀਫਨ ਹਾਕਿੰਗ ਨੇ ਦਿੱਤੀ ਸੀ ‘ਮਹਾਮਾਨਵ’ ਬਾਰੇ ਚਿਤਾਵਨੀ

-- 15 October,2018

ਲੰਡਨ, ਦੁਨੀਆਂ ਦੇ ਸਭ ਤੋਂ ਵੱਡੇ ਭੌਤਿਕ ਵਿਗਿਆਨੀਆਂ ’ਚ ਸ਼ੁਮਾਰ ਸਟੀਫਨ ਹਾਕਿੰਗ, ਜਿਨ੍ਹਾਂ ਦਾ ਸੱਤ ਮਹੀਨੇ ਪਹਿਲਾਂ ਦੇਹਾਂਤ ਹੋ ਗਿਆ ਸੀ, ਨੇ ਆਪਣੀਆਂ ਲਿਖਤਾਂ ’ਚ ਜੈਨੇਟਿਕ ਇੰਜਨੀਅਰਿੰਗ ਦੀ ਮਦਦ ਨਾਲ ਪੈਦਾ ਹੋਣ ਵਾਲੀ ਨਵੀਂ ਨਸਲ ‘ਮਹਾਮਾਨਵ’ (ਸੁਪਰ ਹਿਊਮਨ) ਬਾਰੇ ਚਿਤਾਵਨੀ ਦਿੱਤੀ ਹੈ ਜੋ ਮਨੁੱਖੀ ਨਸਲ ਨੂੰ ਤਬਾਹ ਕਰ ਸਕਦੀ ਹੈ।
‘ਬਰੀਫ ਹਿਸਟਰੀ ਆਫ ਟਾਈਮ’ ਨਾਂ ਦੀ ਮਸ਼ਹੂਰ ਕਿਤਾਬ ਲਿਖਣ ਵਾਲੇ ਸਟੀਫ਼ਨ ਹਾਕਿੰਗ ਨੇ ਆਪਣੇ ਲੇਖਾਂ ’ਚ ਆਖਰੀ ਭਵਿੱਖਬਾਣੀ ਡਰਾਉਣੇ ਮਹਾਮਾਨਵਾਂ ਬਾਰੇ ਕੀਤੀ ਸੀ ਅਤੇ ਇਹ ਲੇਖ ਅਗਲੇ ਹਫ਼ਤੇ ਪ੍ਰਕਾਸ਼ਿਤ ਹੋ ਰਹੇ ਹਨ। ਹਾਕਿੰਗ ਨੇ ਲਿਖਿਆ, ‘ਇੱਕ ਵਾਰ ਜੇ ਇਹ ਮਹਾਮਾਨਵ ਆ ਗਏ ਤਾਂ ਮਨੁੱਖਤਾ ਲਈ ਬਹੁਤ ਵੱਡੀ ਸਮੱਸਿਆ ਖੜ੍ਹੀ ਹੋ ਜਾਵੇਗੀ, ਜੋ ਇਨ੍ਹਾਂ ਦਾ ਮੁਕਾਬਲਾ ਨਹੀਂ ਕਰ ਸਕਣਗੇ।’ ਸਾਇੰਸਦਾਨ ਵੱਲੋਂ ਆਪਣੇ ਲੇਖਾਂ ਨੂੰ ‘ਇੱਕ ਵੱਡਾ ਸਵਾਲ’ ਦਾ ਨਾਂ ਦਿੱਤਾ ਗਿਆ ਸੀ ਤੇ ਇਨ੍ਹਾਂ ਸਾਰੇ ਲੇਖਾਂ ਨੂੰ ਇਕੱਠੇ ਕਰਕੇ ਕਿਤਾਬ ਦੀ ਸ਼ਕਲ ਦਿੱਤੀ ਜਾ ਰਹੀ। ਇਹ ਪੁਸਤਕ ਮੰਗਲਵਾਰ ਨੂੰ ਰਿਲੀਜ਼ ਹੋਵੇਗੀ। ‘ਦਿ ਸੰਡੇ ਟਾਈਮਜ਼’ ਨੂੰ ਦਿੱਤੀ ਇੰਟਰਵਿਊ ’ਚ ਹਾਕਿੰਗ ਨੇ ਕਿਹਾ ਸੀ ਕਿ ਅਮੀਰ ਲੋਕ ਜਲਦੀ ਹੀ ਆਪਣੇ ਤੇ ਆਪਣੇ ਬੱਚਿਆਂ ਦੇ ਡੀਐੱਨਏ ’ਚ ਤਬਦੀਲੀ ਕਰਕੇ ਮਹਾਮਾਨਵ ਤਿਆਰ ਕਰਨ ਦੇ ਯੋਗ ਹੋ ਜਾਣਗੇ, ਜਿਨ੍ਹਾਂ ਕੋਲ ਵੱਡੀ ਯਾਦਸ਼ਕਤੀ, ਬਿਮਾਰੀਆਂ ਨਾਲ ਲੜਨ ਦੀ ਵੱਧ ਸਮਰੱਥਾ, ਸਮਝ ਤੇ ਲੰਮੀ ਜ਼ਿੰਦਗੀ ਹੋਵੇਗੀ। ਉਨ੍ਹਾਂ ਲਿਖਿਆ, ‘ਮੈਨੂੰ ਯਕੀਨ ਹੈ ਕਿ ਇਸ ਸਦੀ ਦੌਰਾਨ ਲੋਕ ਸਮਝ ਤੇ ਗੁੱਸੇ ਵਰਗੀਆਂ ਮੂਲ ਰੁਚੀਆਂ ਨੂੰ ਆਪਣੇ ਮੁਤਾਬਕ ਢਾਲਣ ਦਾ ਢੰਗ ਖੋਜ ਲੈਣਗੇ।’ ਹਾਕਿੰਗ ਦੇ ਲੇਖਾਂ ਦਾ ਸੰਗ੍ਰਹਿ ਸਟੀਫਨ ਹਾਕਿੰਗ ਫਾਊਂਡੇਸ਼ਨ ਵੱਲੋਂ ਪੇਸ਼ ਕੀਤਾ ਜਾਵੇਗਾ।

Facebook Comment
Project by : XtremeStudioz