Close
Menu

ਸਮਝੌਤਾ ਮਾਮਲੇ ਬਾਰੇ ਫ਼ੈਸਲੇ ਦੇ ਬਦਲ ਤਲਾਸ਼ ਰਿਹਾ ਹੈ ਪਾਕਿ

-- 23 March,2019

ਇਸਲਾਮਾਬਾਦ, 23 ਮਾਰਚ
ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਹੈ ਕਿ ਉਨ੍ਹਾਂ ਦਾ ਮੁਲਕ ਸਾਲ 2007 ਦੇ ਸਮਝੌਤਾ ਐਕਸਪ੍ਰੈੱਸ ਬੰਬ ਧਮਾਕਾ ਮਾਮਲੇ ਦੇ ਭਾਰਤੀ ਅਦਾਲਤ ਦੇ ਫ਼ੈਸਲੇ ਅਤੇ ਸਾਰੇ ਚਾਰ ਮੁਲਜ਼ਮਾਂ ਨੂੰ ਬਰੀ ਕੀਤੇ ਜਾਣ ਦੇ ਕੇਸ ਨੂੰ ਵਿਚਾਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪਾਕਿ ਮੌਜੂਦ ਬਦਲਾਂ ਉੱਤੇ ਵੀ ਵਿਚਾਰ ਕਰ ਰਿਹਾ ਹੈ। ਦੱਸਣਯੋਗ ਹੈ ਕਿ ਹਫ਼ਤੇ ਵਿਚ ਦੋ ਵਾਰ ਦਿੱਲੀ-ਅਟਾਰੀ-ਲਾਹੌਰ ਵਿਚਾਲੇ ਚੱਲਣ ਵਾਲੀ ਸਮਝੌਤਾ ਰੇਲਗੱਡੀ ਵਿਚ 18 ਫਰਵਰੀ 2007 ਨੂੰ ਭਾਰਤੀ ਸੂਬੇ ਹਰਿਆਣਾ ਦੇ ਪਾਣੀਪਤ ਕੋਲ ਬੰਬ ਧਮਾਕੇ ਹੋਇਆ ਸੀ। ਇਸ ਧਮਾਕੇ ਵਿਚ 68 ਲੋਕਾਂ ਦੀ ਮੌਤ ਹੋ ਗਈ ਸੀ। ਪਾਕਿਸਤਾਨ ਦਾ ਕਹਿਣਾ ਹੈ ਕਿ ਉਨ੍ਹਾਂ ਦੇ 44 ਨਾਗਰਿਕਾਂ ਦੀ ਮੌਤ ਹੋਈ ਸੀ। ਇਸ ਮਾਮਲੇ ਵਿਚ
ਹਰਿਆਣਾ ਦੇ ਪੰਚਕੂਲਾ ਦੀ ਵਿਸ਼ੇਸ਼ ਅਦਾਲਤ ਨੇ ਬੁੱਧਵਾਰ ਨੂੰ ਮੁੱਖ ਮੁਲਜ਼ਮ ਸਵਾਮੀ ਅਸੀਮਾਨੰਦ ਸਣੇ ਤਿੰਨ ਹੋਰਾਂ ਨੂੰ ਬਰੀ ਕਰ ਦਿੱਤਾ ਸੀ। ਫ਼ੈਸਲਾ ਸੁਣਾਉਣ ਤੋਂ ਪਹਿਲਾਂ ਜੱਜ ਨੇ ਇਕ ਪਾਕਿ ਮਹਿਲਾ ਦੀ ਉਹ ਅਰਜ਼ੀ ਖ਼ਾਰਜ ਕਰ ਦਿੱਤੀ ਸੀ, ਜਿਸ ਵਿਚ ਉਸ ਨੇ ਆਪਣੇ ਦੇਸ਼ ਦੇ ਕੁਝ ਮੌਕੇ ਦੇ ਗਵਾਹਾਂ ਦੇ ਬਿਆਨ ਦਰਜ ਕਰਨ ਦੀ ਮੰਗ ਕੀਤੀ ਸੀ। ਕੁਰੈਸ਼ੀ ਨੇ ਕਿਹਾ ਕਿ ਭਾਰਤ ਦੀ ਕੌਮੀ ਜਾਂਚ ਏਜੰਸੀ ਦੀ ਅਦਾਲਤ ਦੇ ਫ਼ੈਸਲੇ ਨੇ ਲੋਕਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਵਾਮੀ ਅਸੀਮਾਨੰਦ ਸਣੇ ਚਾਰ ਮੁਲਜ਼ਮਾਂ ਨੂੰ 11 ਸਾਲ ਬਾਅਦ ਬਰੀ ਕਰ ਦਿੱਤਾ ਗਿਆ ਜਿਨ੍ਹਾਂ ਪਹਿਲਾਂ ਹੀ ਆਪਣਾ ਜੁਰਮ ਕਬੂਲ ਲਿਆ ਸੀ। ਚੀਨ ਦੇ ਦੌਰੇ ਤੋਂ ਪਰਤਣ ਮਗਰੋਂ ਕੁਰੈਸ਼ੀ ਨੇ ਇਸ ਫ਼ੈਸਲੇ ਦਾ ਤਕੜਾ ਵਿਰੋਧ ਕੀਤਾ। ਨਵੀਂ ਦਿੱਲੀ ਵਿਚਲੇ ਸੂਤਰਾਂ ਮੁਤਾਬਕ ਪਾਕਿ ਵਿਚ ਭਾਰਤੀ ਰਾਜਦੂਤ ਨੇ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੂੰ ਸਪੱਸ਼ਟ ਦੱਸਿਆ ਹੈ ਕਿ ਮੁਕੱਦਮਾ ‘ਨਿਰਪੱਖ’ ਤਰੀਕੇ ਨਾਲ ਚਲਾਇਆ ਗਿਆ ਤੇ ਸਾਰੀ ਕਾਨੂੰਨੀ ਪ੍ਰਕਿਰਿਆ ਦਾ ਪਾਲਣ ਕੀਤਾ ਗਿਆ। ਭਾਰਤੀ ਸਫ਼ੀਰ ਨੇ ਇਹ ਵੀ ਕਿਹਾ ਕਿ ਮਾਮਲੇ ਵਿਚ ਪਾਕਿ ਗਵਾਹਾਂ ਨੂੰ ਅਦਾਲਤੀ ਸੰਮਨ ਭੇਜਣ ਸਮੇਤ ਪਾਕਿ ਵੱਲੋਂ ਸਹਿਯੋਗ ਦੀ ਕਮੀ ਰਹੀ। ਪਾਕਿ ਵੱਲੋਂ ਸੰਮਨ ਮੋੜ ਦਿੱਤੇ ਗਏ ਸਨ।

Facebook Comment
Project by : XtremeStudioz