Close
Menu
Breaking News:

ਸਮਾਜਵਾਦੀ ਪਾਰਟੀ ਵੱਲੋਂ ਰਾਮੂਵਾਲੀਆ ਰਾਹੀਂ ਖ਼ਿੱਤੇ ’ਚ ਦਸਤਕ

-- 10 August,2018

ਚੰਡੀਗੜ੍ਹ, ਸਮਾਜਵਾਦੀ ਪਾਰਟੀ ਦੇ ਕੌਮੀ ਪ੍ਰਧਾਨ ਅਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਰਾਹੀਂ ਪੰਜਾਬ ਅਤੇ ਚੰਡੀਗੜ੍ਹ ਵਿੱਚ ਸਿਆਸੀ ਦਸਤਕ ਦੇ ਦਿੱਤੀ ਹੈ। ਸ੍ਰੀ ਯਾਦਵ ਨੇ ਰਾਮੂਵਾਲੀਆ ਨੂੰ ਪੰਜਾਬ ਅਤੇ ਯੂਟੀ ਚੰਡੀਗੜ੍ਹ ਦਾ ਇੰਚਾਰਜ ਨਿਯੁਕਤ ਕਰਕੇ ਦੋਵੇਂ ਥਾਵਾਂ ’ਤੇ ਪਾਰਟੀ ਦੇ ਯੂਨਿਟ ਬਣਾ ਕੇ ਸਰਗਰਮੀਆਂ ਵਿੱਢਣ ਲਈ ਕਿਹਾ ਹੈ। ਇਸ ਤੋਂ ਸੰਕੇਤ ਮਿਲੇ ਹਨ ਕਿ ਉੱਤਰ ਪ੍ਰਦੇਸ਼ ਵਿੱਚ ਸਮਾਜਵਾਦੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਗਠਜੋੜ ਨੂੰ ਪੰਜਾਬ ਅਤੇ ਚੰਡੀਗੜ੍ਹ ਵਿੱਚ ਵਧਾਉਣ ਦੀ ਰਣਨੀਤੀ ਬਣਾਈ ਗਈ ਹੈ। ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਦਲਿਤ ਭਾਈਚਾਰੇ ਦੀ 32 ਫ਼ੀਸਦ ਦੇ ਕਰੀਬ ਅਬਾਦੀ ਹੈ ਅਤੇ ਨਾਲ ਹੀ ਪੰਜਾਬ ਤੇ ਚੰਡੀਗੜ੍ਹ ਵਿੱਚ ਉੱਤਰ ਪ੍ਰਦੇਸ਼ ਤੋਂ ਆਏ ਪਰਵਾਸੀ ਮਜ਼ਦੂਰਾਂ ਦੀ ਵੱਡੀ ਅਬਾਦੀ ਹੈ। ਅੱਜ ਇਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਉੱਤਰ ਪ੍ਰਦੇਸ਼ ਦੇ ਐਮਐਲਸੀ ਬਲਵੰਤ ਸਿੰਘ ਰਾਮੂਵਾਲੀਆ ਨੇ ਕਿਹਾ ਕਿ ਹੁਣ ਪੰਜਾਬ ਵਿੱਚ ਖਰਮਸਤੀਆਂ ਦੀ ਸਿਆਸਤ ਚੱਲ ਰਹੀ ਹੈ ਅਤੇ ਫਿਕਰਮੰਦੀ ਤੇ ਫਰਜ਼ਾਂ ਦੀ ਸਿਆਸਤ ਖ਼ਤਮ ਹੋ ਗਈ ਹੈ। ‘ਪੰਜਾਬੀ ਇਸ ਵੇਲੇ ਵੱਡੇ ਸਿਆਸੀ ਖਲਾਅ ਵਿੱਚ ਹਨ ਅਤੇ ਪੰਜਾਬ ਨੂੰ ਅੱਜ ਤੀਸਰੀ ਸਿਆਸੀ ਧਿਰ ਦੀ ਲੋੜ ਹੈ। ਪੰਜਾਬ ਤੇ ਚੰਡੀਗੜ੍ਹ ਵਿੱਚ ਸਮਾਜਵਾਦੀ ਪਾਰਟੀ ਦੇ ਯੂਨਿਟ ਬਣਾ ਕੇ ਪੰਜਾਬੀਆਂ ਦੇ ਮਸਲੇ ਉਠਾਉਣ ਦਾ ਯਤਨ ਕੀਤਾ ਜਾਵੇਗਾ।’ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਉਪਰ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਇਸ ਪਾਰਟੀ ਦਾ ਪੰਜਾਬ ਤੋਂ ਬਾਹਰ ਆਧਾਰ ਖ਼ਤਮ ਹੋ ਚੁੱਕਾ ਹੈ ਅਤੇ ਹੁਣ ਇਹ ਪਾਰਟੀ ਸਿੱਖਾਂ ਦੇ ਹੱਕਾਂ ਲਈ ਲੜਨ ਦੇ ਸਮਰੱਥ ਵੀ ਨਹੀਂ ਰਹੀ ਹੈ।

ਉਨ੍ਹਾਂ ਕਿਹਾ ਕਿ ਅਕਾਲੀ ਦਲ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਤੋਂ ਪੂਰੀ ਤਰ੍ਹਾਂ ਜੀਐੱਸਟੀ ਦੀ ਛੋਟ ਲੈਣ ’ਚ ਵੀ ਨਾਕਾਮ ਰਿਹਾ ਅਤੇ ਮਨੋਰੰਜਨ ਟੈਕਸ ਵਿੱਚੋਂ ਹੀ ਕੁਝ ਜੀਐਸਟੀ ਮੁਆਫ਼ ਕੀਤਾ ਹੈ। ਸ੍ਰੀ ਰਾਮੂਵਾਲੀਆ ਨੇ ਕਿਹਾ ਕਿ ਉਨ੍ਹਾਂ ਦੀ ਮੁੱਖ ਲੜਾਈ ਭਾਜਪਾ ਨਾਲ ਹੈ ਅਤੇ ਉਹ ਪੰਜਾਬ ਤੇ ਚੰਡੀਗੜ੍ਹ ਵਿੱਚ ਅਖਿਲੇਸ਼ ਯਾਦਵ ਅਤੇ ਬਸਪਾ ਦੀ ਕੌਮੀ ਪ੍ਰਧਾਨ ਬੀਬੀ ਮਾਇਆਵਤੀ ਵਿਚਕਾਰ ਹੋਏ ਗੱਠਜੋੜ ਅਨੁਸਾਰ ਸਿੱਖਾਂ, ਹਿੰਦੂਆਂ ਅਤੇ ਦਲਿਤਾਂ ਆਦਿ ’ਤੇ ਅਧਾਰਿਤ ਮਜ਼ਬੂਤ ਸੰਗਠਨ ਬਣਾ ਕੇ ਤੀਸਰੀ ਧਿਰ ਵਜੋਂ ਉਭਰਨ ਦਾ ਯਤਨ ਕਰਨਗੇ। ਇਸ ਮੌਕੇ ਉਨ੍ਹਾਂ ਦੀ ਕਾਂਗਰਸ ਪ੍ਰਤੀ ਸੁਰ ਨਰਮ ਰਹੀ।

Facebook Comment
Project by : XtremeStudioz