Close
Menu

ਸਮ੍ਰਿਤੀ ਰੇਚਲ ਹੇਓ ਫਲਿੰਟ ਪੁਰਸਕਾਰ ਹਾਸਲ ਕਰਨ ਵਾਲੀ ਦੂਜੀ ਭਾਰਤੀ ਮਹਿਲਾ ਕ੍ਰਿਕਟਰ

-- 31 December,2018

ਦੁਬਈ, 31 ਦਸੰਬਰ
ਭਾਰਤੀ ਉਪ ਕਪਤਾਨ ਸਮ੍ਰਿਤੀ ਮੰਧਾਨਾ ਨੂੰ ਅੱਜ ਆਈਸੀਸੀ ਵੱਲੋਂ ‘ਸਾਲ ਦੀ ਮਹਿਲਾ ਕ੍ਰਿਕਟਰ’ ਅਤੇ ‘ਸਾਲ ਦੀ ਮਹਿਲਾ ਇਕ ਰੋਜ਼ਾ ਖਿਡਾਰਨ’ ਚੁਣਿਆ ਗਿਆ ਹੈ। ਖੱਬੇ ਹੱਥ ਦੀ ਪ੍ਰਤਿਭਾਸ਼ਾਲੀ ਬੱਲੇਬਾਜ਼ ਮੰਧਾਨਾ ਨੂੰ ‘ਸਾਲ ਦੀ ਮਹਿਲਾ ਕ੍ਰਿਕਟਰ’ ਬਣਨ ’ਤੇ ਰੇਚਲ ਹੇਓ ਫਲਿੰਟ ਪੁਰਸਕਾਰ ਦਿੱਤਾ ਗਿਆ। ਉਸ ਨੇ 2018 ’ਚ ਇਕ ਰੋਜ਼ਾ ਮੈਚਾਂ ’ਚ 669 ਦੌੜਾਂ ਅਤੇ 25 ਟੀ-20 ਕੌਮਾਂਤਰੀ ਮੈਚਾਂ ’ਚ 622 ਦੌੜਾਂ ਬਣਾਈਆਂ। ਇਕ ਰੋਜ਼ਾ ਮੈਚਾਂ ’ਚ ਉਸ ਨੇ 66.90 ਦੀ ਔਸਤ ਨਾਲ ਦੌੜਾਂ ਬਣਾਈਆਂ ਜਦੋਂਕਿ ਟੀ-20 ’ਚ ਉਸ ਦਾ ਸਟਰਾਈਕ ਰੇਟ 130.67 ਰਿਹਾ। ਮੰਧਾਨਾ ਨੇ ਵੈਸਟਇੰਡੀਜ਼ ’ਚ ਮਹਿਲਾ ਵਿਸ਼ਵ ਟੀ-20 ’ਚ ਭਾਰਤ ਨੂੰ ਸੈਮੀ ਫਾਈਨਲ ’ਚ ਪਹੁੰਚਾਉਣ ’ਚ ਅਹਿਮ ਭੂਮਿਕਾ ਨਿਭਾਈ ਸੀ। ਉਸ ਨੇ ਇਸ ਟੂਰਨਾਮੈਂਟ ’ਚ ਪੰਜ ਮੈਚਾਂ ’ਚ 125.35 ਦੀ ਔਸਤ ਨਾਲ 178 ਦੌੜਾਂ ਬਣਾਈਆਂ ਸਨ।
ਆਈਸੀਸੀ ਨੇ ਇਕ ਬਿਆਨ ’ਚ ਕਿਹਾ ਕਿ ਉਹ ਹੁਣ ਇਕ ਰੋਜ਼ਾ ਰੈਂਕਿੰਗ ’ਚ ਚੌਥੇ ਤੇ ਟੀ-20 ਰੈਂਕਿੰਗ ’ਚ ਦਸਵੇਂ ਸਥਾਨ ’ਤੇ ਹੈ। ਮੰਧਾਨਾ ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ ਤੋਂ ਬਾਅਦ ਆਈਸੀਸੀ ਪੁਰਸਕਾਰ ਲੈਣ ਵਾਲੀ ਸਿਰਫ਼ ਦੂਜੀ ਭਾਰਤੀ ਮਹਿਲਾ ਕ੍ਰਿਕਟਰ ਹੈ। ਝੂਲਨ ਨੂੰ 2007 ’ਚ ਆਈਸੀਸੀ ਸਾਲ ਦਾ ਖਿਡਾਰੀ ਚੁਣਿਆ ਗਿਆ ਹੈ।
ਮੰਧਾਨਾ ਨੇ ਇਸ ਉਪਲੱਬਧੀ ’ਤੇ ਕਿਹਾ ਕਿ ਜਦੋਂ ਇਸ ਤਰ੍ਹਾਂ ਤੋਂ ਪੁਰਸਕਾਰਾਂ ਨਾਲ ਤੁਹਾਡੇ ਪ੍ਰਦਰਸ਼ਨ ਨੂੰ ਸਨਮਾਨ ਦਿੱਤਾ ਜਾਂਦਾ ਹੈ ਤਾਂ ਇਸ ਨਾਲ ਸਖ਼ਤ ਮੇਹਨਤ ਕਰਨ ਅਤੇ ਟੀਮ ਲਈ ਚੰਗਾ ਪ੍ਰਦਰਸ਼ਨ ਕਰਨ ਦੀ ਪ੍ਰੇਰਣਾ ਮਿਲਦੀ ਹੈ। ਆਈਸੀਸੀ ਦੇ ਮੁੱਖ ਕਾਰਜਕਾਰੀ ਡੇਵਿਡ ਰਿਚਰਡਸਨ ਨੇ ਵੀ ਮੰਧਾਨਾ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਸਮ੍ਰਿਤੀ ਨੇ ਮਹਿਲਾ ਕ੍ਰਿਕਟ ਲਈ ਇਸ ਯਾਦਗਾਰ ਸਾਲ ’ਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਪ੍ਰਸੰਸਕਾਂ ਨੂੰ ਰੋਮਾਂਚਿਤ ਕੀਤਾ।
ਆਸਟਰੇਲੀਆ ਦੀ ਸਲਾਮੀ ਬੱਲੇਬਾਜ਼ ਤੇ ਵਿਕਟਕੀਪਰ ਐਲਿਸਾ ਹਿਲੀ ਨੂੰ ਆਈਸੀਸੀ ਦੀ ਸਾਲ ਦੀ ਟੀ-20 ਕੌਮਾਂਤਰੀ ਮਹਿਲਾ ਕ੍ਰਿਕਟਰ ਚੁਣਿਆ ਗਿਆ। ਉਸ ਨੇ ਮਹਿਲਾ ਵਿਸ਼ਵ ਟੀ-20 ’ਚ ਛੇ ਮੈਚਾਂ ’ਚ 225 ਦੌੜਾਂ ਬਣਾਈਆਂ ਸਨ। ਇੰਗਲੈਂਡ ਦੀ 19 ਸਾਲਾ ਸਪਿੰਨਰ ਸੋਫੀ ਐਕਲੇਸਟੋਨ ਨੂੰ ਸਾਲ ਦੀ ਉਦੈਮਾਨ ਖਿਡਾਰਨ ਚੁਣਿਆ ਗਿਆ। ਉਸ ਨੇ ਇਕ ਰੋਜ਼ਾ ਮੈਚਾਂ ’ਚ 18 ਵਿਕਟਾਂ ਤੇ 14 ਟੀ-20 ਕੌਮਾਂਤਰੀ ਮੈਚਾਂ ’ਚ 17 ਵਿਕਟਾਂ ਲਈਆਂ।

Facebook Comment
Project by : XtremeStudioz