Close
Menu

ਸਾਬਕਾ ਅਕਾਲੀ ਮੰਤਰੀ ਫਿਲੌਰ, ਪੁੱਤਰ ਤੇ 9 ਹੋਰਨਾਂ ਵਿਰੁੱਧ ਦੋਸ਼ ਆਇਦ

-- 10 October,2018

—  ਜਗਦੀਸ਼ ਭੋਲਾ ਨਾਲ ਸਬੰਧਤ ਹੈ ਮਾਮਲਾ

ਮੋਹਾਲੀ, 9 ਅਕਤੂਬਰ : ਧਨ ਦੇ ਗ਼ੈਰ-ਕਾਨੂੰਨੀ ਲੈਣ-ਦੇਣ ਦੇ ਮਾਮਲੇ `ਚ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ ਪੰਜਾਬ ਦੇ ਸਾਬਕਾ ਮੰਤਰੀ ਸਰਵਣ ਸਿੰਘ ਫਿਲੌਰ, ਉਨ੍ਹਾਂ ਦੇ ਪੁੱਤਰ ਦਮਨਵੀਰ ਸਿੰਘ ਫਿਲੌਰ ਤੇ ਸਾਬਕਾ ਮੁੱਖ ਪਾਰਲੀਮਾਨੀ ਸਕੱਤਰ ਅਵਿਨਾਸ਼ ਚੰਦਰ ਖਿ਼ਲਾਫ਼ ਅੱਜ ਦੋਸ਼ ਆਇਦ ਕਰ ਦਿੱਤੇ ਗਏ ਹਨ। ਇਹੋ ਮੁਕੱਦਮਾ ਆਉਂਦੀ 23 ਅਕਤੂਬਰ ਤੋਂ ਅੱਠ ਹੋਰਨਾਂ ਵਿਰੁੱਧ ਵੀ ਚੱਲੇਗਾ।

ਮੋਹਾਲੀ ਸਥਿਤ ਸੀਬੀਆਈ ਦੀ ਵਿਸ਼ੇਸ਼ ਅਦਾਲਤ ਦੇ ਵਧੀਕ ਜਿ਼ਲ੍ਹਾ ਤੇ ਸੈਸ਼ਨਜ਼ ਜੱਜ ਐੱਨਐੱਸ ਗਿੱਲ ਸਾਹਮਣੇ ਅੱਜ 11 ਜਣਿਆਂ ਵਿਰੁੱਧ ਦੋਸ਼ ਆਇਦ ਕੀਤੇ ਗਏ। ਬਹੁ-ਕਰੋੜੀ ਜਗਦੀਸ਼ ਭੋਲਾ ਡਰੱਗ ਘੁਟਾਲੇ `ਚ ਇਹ ਮਾਮਲਾ ਇਨਫ਼ੋਰਸਮੈਂਟ ਡਾਇਰੈਕਟੋਰੇਟ ਵੱਲੋਂ ਦਰਜ ਕੀਤਾ ਗਿਆ ਸੀ।

ਅਦਾਲਤ ਨੇ ਧਨ ਦੇ ਗ਼ੈਰ-ਕਾਨੂੰਨੀ ਲੈਣ-ਦੇਣ ਨਾਲ ਸਬੰਧਤ ਕਾਨੂੰਨ ਦੇ ਸੈਕਸ਼ਨ 4 ਅਧੀਨ ਅੱਜ ਪੰਜਾਬ ਦੇ ਸਾਬਕਾ ਜੇਲ੍ਹ ਮੰਤਰੀ ਸਰਵਣ ਸਿੰਘ ਫਿਲੌਰ (72), ਸਾਬਕਾ ਮੁੱਖ ਪਾਰਲੀਮਾਨੀ ਸਕੱਤਰ ਅਵਿਨਾਸ਼ ਚੰਦਰ (54), ਫਿਲੌਰ ਦੇ ਪੁੱਤਰ ਦਮਨਵੀਰ ਸਿੰਘ (37), ਵਪਾਰੀ ਜਗਜੀਤ ਸਿੰਘ ਚਾਹਲ (47), ਉਸ ਦਾ ਲੁਧਿਆਣਾ `ਚ ਰਹਿੰਦਾ ਭਰਾ ਪਰਮਜੀਤ ਸਿੰਘ ਚਾਹਲ (42), ਜਗਜੀਤ ਸਿੰਘ ਚਾਹਲ ਦੀ ਪਤਨੀ ਇੰਦਰਜੀਤ ਕੌਰ (45), ਗਗਰੇਟ ਸਥਿਤ ਚਾਹਲ ਦੀ ਦਵਾ ਨਿਰਮਾਣ ਫੈਕਟਰੀ ਦੇ ਮੈਨੇਜਰ ਦਵਿੰਦਰ ਕੁਮਾਰ ਸ਼ਰਮਾ (49) ਵਾਸੀ ਊਨਾ (ਹਿਮਾਚਲ ਪ੍ਰਦੇਸ਼), ਸਚਿਨ ਸਰਦਾਨਾ, ਸੁਸ਼ੀਲ ਕੁਮਾਰ ਸਰਦਾਨਾ, ਕੈਲਾਸ਼ ਸਰਦਾਨਾ, ਸੁਸ਼ੀਲ ਕੁਮਾਰ ਸਰਦਾਨਾ ਦੀ ਪਤਨੀ ਕੈਲਾਸ਼ ਸਰਦਾਨਾ, ਸਚਿਨ ਸਰਦਾਨਾ ਦੀ ਪਤਨੀ ਰਸ਼ਮੀ ਸਰਦਾਨਾ ਵਿਰੁੱਧ ਦੋਸ਼ ਆਇਦ ਕੀਤੇ।

ਸ਼ਾਹਕੋਟ ਦਾ ਇੱਕ ਮੁਲਜ਼ਮ ਜਸਵਿੰਦਰ ਸਿੰਘ ਇਸ ਮਾਮਲੇ `ਚ ਭਗੌੜਾ ਹੇ।

ਸ੍ਰੀ ਸਰਵਣ ਸਿੰਘ ਫਿਲੌਰ ਨੂੰ ਅਕਾਲੀ ਸਰਕਾਰ ਦੌਰਾਨ ਅਪ੍ਰੈਲ 2014 `ਚ ਉਸ ਵੇਲੇ ਸੈਰ-ਸਪਾਟਾ ਤੇ ਜੇਲ੍ਹ ਮੰਤਰੀ ਵਜੋਂ ਅਸਤੀਫ਼ਾ ਦੇਣਾ ਪਿਆ ਸੀ, ਜਦੋਂ ਉਨ੍ਹਾਂ ਦੇ ਪੁੱਤਰ ਦਮਨਵੀਰ ੰਿਸਘ ਦਾ ਨਾਂਅ ਭੋਲਾ ਡ੍ਰੱਗ ਮਾਮਲੇ `ਚ ਉੱਛਲਿਆ ਸੀ।

ਸਰਵਣ ਸਿੰਘ ਫਿਲੌਰ ਪਿਛਲੇ ਸਾਲ ਫ਼ਰਵਰੀ ਮਹੀਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ `ਚ ਸ਼ਾਮਲ ਹੋ ਗਏ ਸਨ। ਅਪ੍ਰੈਲ 2017 `ਚ ਇਨਫ਼ੋਰਸਮੈਂਟ ਡਾਇਰੈਕਟੋਰੇਟ ਨੇ ਦੋਵੇਂ ਆਗੂਆਂ ਦੇ ਜਲੰਧਰ ਵਾਲੇ ਮਕਾਨ ਕੁਰਕ ਕਰ ਦਿੱਤੇ ਸਨ।

ਮੋਹਾਲੀ `ਚ ਸੀਬੀਆਈ ਦੀ ਅਦਾਲਤ `ਚ ਇਹ ਚਾਰਜਸ਼ੀਟ ਇਨਫ਼ੋਰਸਮੈਂਟ ਡਾਇਰੈਕਟੋਰੇਟ ਵੱਲੋਂ ਪੇਸ਼ ਕੀਤੀ ਗਈ ਸੀ। ਇਸ ਮਾਮਲੇ `ਚ ਮੁਲਜ਼ਮਾਂ ਨੂੰ ਵੱਧ ਤੋਂ ਵੱਧ 12-12 ਸਾਲ ਕੈਦ ਦੀ ਸਜ਼ਾ ਸੁਣਾਈ ਜਾ ਸਕਦੀ ਹੈ। ਇਸ ਦੇ ਨਾਲ ਹੀ ਹੁਣ ਤੱਕ ਇਸ ਮਾਮਲੇ `ਚ 100 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਜ਼ਬਤ ਵੀ ਕੀਤੀ ਜਾ ਚੁੱਕੀ ਹੈ।

Facebook Comment
Project by : XtremeStudioz