Close
Menu

ਸੀਬੀਆਈ ਨੂੰ ਨਜੀਬ ਬਾਰੇ ਕਲੋਜ਼ਰ ਰਿਪੋਰਟ ਦਾਖ਼ਲ ਕਰਨ ਦੀ ਇਜਾਜ਼ਤ

-- 10 October,2018

ਨਵੀਂ ਦਿੱਲੀ, ਜਵਹਾਰ ਲਾਲ ਨਹਿਰੂ ਯੂਨੀਵਰਸਿਟੀ (ਜੇਐਨਯੂ) ਦੇ ਕੈਂਪਸ ਵਿੱਚੋਂ ਕਰੀਬ ਦੋ ਸਾਲ ਪਹਿਲਾਂ ਲਾਪਤਾ ਹੋਏ ਵਿਦਿਆਰਥੀ ਨਜੀਬ ਅਹਿਮਦ ਮਾਮਲੇ ਵਿੱਚ ਦਿੱਲੀ ਹਾਈ ਕੋਰਟ ਨੇ ਦੇਸ਼ ਦੀ ਮੁੱਖ ਜਾਂਚ ਏਜੰਸੀ ਸੀਬੀਆਈ ਨੂੰ ਕਲੋਜ਼ਰ ਰਿਪਰੋਟ ਦਾਖ਼ਲ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ ਜਿਸ ਨੂੰ ਅਦਾਲਤੀ ਹੁਕਮਾਂ ਮਗਰੋਂ ਹੀ ਇਹ ਮਾਮਲਾ ਸੌਂਪਿਆ ਗਿਆ ਸੀ। ਨਜੀਬ ਦਾ ਪਤਾ ਦੇਣ ਵਾਲੇ ਨੂੰ 10 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਵੀ ਸੀਬੀਆਈ ਨੇ ਕੀਤਾ ਹੋਇਆ ਸੀ।
ਕਰੀਬ ਦੋ ਸਾਲ ਤੋਂ ਗਾਇਬ ਨਜੀਬ ਦੀ ਮਾਂ ਫ਼ਾਤਿਮਾ ਨਫ਼ੀਸ ਵੱਲੋਂ ਆਪਣੇ ਪੁੱਤਰ ਨੂੰ ਲੱਭਣ ਲਈ ਅਦਾਲਤ ਵਿੱਚ ਅਰਜ਼ੀ ਦੇ ਕੇ ਵਿਸ਼ੇਸ਼ ਜਾਂਚ ਟੀਮ ਬਣਾਉਣ ਦੀ ਮੰਗ ਕੀਤੀ ਗਈ ਸੀ ਕਿਉਂਕਿ ਉਸ ਨੂੰ ਸੀਬੀਆਈ ਜਾਂਚ ’ਤੇ ਭਰੋਸਾ ਨਹੀਂ ਸੀ। ਜਸਟਿਸ ਐਸ. ਮੁਰਲੀਧਰਨ ਤੇ ਵਿਨੋਦ ਗੋਇਲ ਨੇ ਫ਼ਾਤਿਮਾ ਨਫ਼ੀਸ ਦੀ ਅਰਜ਼ੀ ਰੱਦ ਕਰਦੇ ਹੋਏ ਕਿਹਾ ਕਿ ਉਹ ਸਾਰੇ ਤਰਕ ਹੇਠਲੀ ਅਦਾਲਤ ਅੱਗੇ ਉਠਾ ਸਕਦੇ ਹਨ ਤੇ ਸਥਿਤੀ ਰਿਪੋਰਟ ਲਈ ਹੇਠਲੀ ਅਦਾਲਤ ਵਿੱਚ ਜਾਣ। ਅਦਾਲਤ ਨੇ ਇਸ ਮਾਮਲੇ ਬਾਰੇ 4 ਸਤੰਬਰ ਨੂੰ ਆਪਣਾ ਫ਼ੈਸਲਾ ਰਾਖਵਾਂ ਰੱਖ ਲਿਆ ਸੀ।
ਸੀਬੀਆਈ ਵੱਲੋਂ ਦਾਅਵਾ ਕੀਤਾ ਗਿਆ ਕਿ ਉਸ ਨੇ ਇਸ ਮਾਮਲੇ ਦੇ ਸਾਰੇ ਪਹਿਲੂਆਂ ਨੂੰ ਘੋਖਿਆ ਤੇ ਇਸ ਨਤੀਜੇ ‘ਤੇ ਪੁੱਜੀ ਕਿ ਗੁੰਮ ਹੋਏ ਵਿਦਿਆਰਥੀ ਖ਼ਿਲਾਫ਼ ਕੋਈ ਅਪਰਾਧ ਨਹੀਂ ਸੀ ਹੋਇਆ। ਨਫ਼ੀਸ ਦੇ ਵਕੀਲ ਨੇ ਕਿਹਾ ਸੀ ਕਿ ਇਸ ਮਾਮਲੇ ਵਿੱਚ 9 ਵਿਦਿਆਰਥੀਆਂ ਦੇ ਨਾਂ ਸਾਹਮਣੇ ਆਏ ਸਨ ਜਿਨ੍ਹਾਂ ਨਾਲ ਨਜੀਬ ਦਾ ਤਕਰਾਰ ਹੋਇਆ ਸੀ। ਇਸ ਮਾਮਲੇ ਨੂੰ ਲੈ ਕੇ ਜੇਐਨਯੂ ਤੇ ਦਿੱਲੀ ਸਮੇਤ ਦੇਸ਼ ਦੇ ਹੋਰ ਹਿੱਸਿਆਂ ਵਿੱਚ ਤਿੱਖੇ ਰੋਸ ਪ੍ਰਦਰਸ਼ਨ ਹੋਏ ਸਨ।

Facebook Comment
Project by : XtremeStudioz