Close
Menu

ਸੁਪਰੀਮ ਕੋਰਟ ਨੇ ਤੀਹਰੇ ਤਲਾਕ ਦੇ ਮੁੱਦੇ ਉਤੇ ਫ਼ੈਸਲਾ ਰਾਖਵਾਂ ਰੱਖਿਆ

-- 19 May,2017

ਨਵੀਂ ਦਿੱਲੀ, ਮੁਸਲਮਾਨਾਂ ਵਿੱਚ ਤੀਹਰੇ ਤਲਾਕ ਦੀ ਸੰਵਿਧਾਨਕ ਪ੍ਰਮਾਣਿਕਤਾ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ਦੇ ਪੁਲੰਦੇ ਉਤੇ ਸੁਪਰੀਮ ਕੋਰਟ ਨੇ ਅੱਜ ਆਪਣਾ ਫੈਸਲਾ ਰਾਖਵਾਂ ਰੱਖ ਲਿਆ। ਚੀਫ ਜਸਟਿਸ ਜੇ.ਐਸ. ਖੇਹਰ ਦੀ ਅਗਵਾਈ ਵਾਲਾ ਪੰਜ ਮੈਂਬਰੀ ਸੰਵਿਧਾਨਕ ਬੈਂਚ ਇਸ ਮਸਲੇ ਉਤੇ ਛੇ ਦਿਨ ਸੁਣਵਾਈ ਕਰ ਚੁੱਕਾ ਹੈ, ਜਿਸ ਦੌਰਾਨ ਕੇਂਦਰ ਸਰਕਾਰ, ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ, ਆਲ ਇੰਡੀਆ ਮੁਸਲਿਮ ਵਿਮੈਨ ਪਰਸਨਲ ਲਾਅ ਬੋਰਡ ਸਣੇ ਵੱਖ ਵੱਖ ਧਿਰਾਂ ਨੇ ਆਪਣੀ ਰਾਇ ਰੱਖੀ।
ਜਸਟਿਸ ਕੁਰੀਅਨ ਜੋਜ਼ੇਫ਼, ਰੋਹਿੰਨਟਨ ਨਰੀਮਨ, ਉਦੈ ਉਦੇਸ਼ ਲਲਿਤ ਅਤੇ ਅਬਦੁਲ ਨਜ਼ੀਰ ਦੀ ਸ਼ਮੂਲੀਅਤ ਵਾਲੇ ਇਸ ਬੈਂਚ ਨੇ 11 ਮਈ ਨੂੰ ਸੁਣਵਾਈ ਸ਼ੁਰੂ ਕੀਤੀ ਸੀ। ਇਸ ਬੈਂਚ ਦੇ ਮੈਂਬਰ ਵੱਖ ਵੱਖ ਭਾਈਚਾਰਿਆਂ ਸਿੱਖ, ਈਸਾਈ, ਪਾਰਸੀ, ਹਿੰਦੂ ਅਤੇ ਮੁਸਲਿਮ ਨਾਲ ਸਬੰਧਤ ਹਨ। ਬੈਂਚ ਨੇ ਸਪੱਸ਼ਟ ਕੀਤਾ ਕਿ ਉਹ ਇਸ ਗੱਲ ਦੀ ਜਾਂਚ ਕਰੇਗਾ ਕਿ ਮੁਸਲਮਾਨਾਂ ਵਿਚਾਲੇ ਤੀਹਰੇ ਤਲਾਕ ਦੀ ਕਵਾਇਦ ਉਨ੍ਹਾਂ ਦੇ ਧਰਮ ਦਾ ਬੁਨਿਆਦੀ ਹੱਕ ਹੈ। ਇਸ ਦੌਰਾਨ ਉਹ ਬਹੁ ਵਿਆਹ ਜਾਂ ‘ਨਿਕਾਹ ਹਲਾਲਾ’ ਦੇ ਮੁੱਦੇ ਉਤੇ ਕੋਈ ਵਿਚਾਰ ਨਹੀਂ ਕਰੇਗਾ। ਬੈਂਚ ਨੇ ਕਿਹਾ ਕਿ ਬਹੁ ਵਿਆਹ ਤੇ ‘ਨਿਕਾਹ ਹਲਾਲਾ’ ਦੇ ਮੁੱਦੇ ਨੂੰ ਅੱਗੇ ਪਾਇਆ ਜਾਵੇਗਾ ਅਤੇ ਇਸ ਨਾਲ ਬਾਅਦ ਵਿੱਚ ਸਿੱਝਿਆ ਜਾਵੇਗਾ। ਸੁਪਰੀਮ ਕੋਰਟ ਨੇ ਇਸ ਮਾਮਲੇ ਦਾ ਆਪੇ ਨੋਟਿਸ ਲਿਆ ਸੀ ਕਿ ਕੀ ਮੁਸਲਿਮ ਔਰਤਾਂ ਨੂੰ ਤਲਾਕ ਜਾਂ ਉਨ੍ਹਾਂ ਦੇ ਪਤੀਆਂ ਦੇ ਹੋਰ ਵਿਆਹਾਂ ਨਾਲ ਲਿੰਗਕ ਵਿਤਕਰੇ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਸੁਣਵਾਈ ਇਸ ਲਈ ਵੀ ਅਹਿਮ ਹੈ ਕਿਉਂਕਿ ਸੁਪਰੀਮ ਕੋਰਟ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਇਸ ਮਾਮਲੇ ਦੀ ਸੁਣਵਾਈ ਕਰ ਰਿਹਾ ਹੈ।

Facebook Comment
Project by : XtremeStudioz